ਪਟਿਆਲਾ

ਪਰਾਲੀ ਨੂੰ ਲਗਾਈ ਜਾਂਦੀ ਅੱਗ ਨੂੰ ਰੋਕਣ ਸਬੰਧੀ ‘ਮੈਗਾ ਜਾਗਰੂਕਤਾ ਮੁਹਿੰਮ’ ਚਲਾਉਣ ਦੇ ਸਬੰਧ ਵਿਚ ਪ੍ਰੋਗਰਾਮ ਕਰਵਾਇਆ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਨੈਸ਼ਨਲ ਸਰਵਿਸ ਸਕੀਮ (ਐੱਨ. ਐੱਸ. ਐੱਸ.) ਵਲੰਟੀਅਰਾਂ ਦੀ ਮਦਦ ਨਾਲ ਪੰਜਾਬ ਦੇ ਖੇਤਾਂ ਵਿਚ ਪਰਾਲੀ ਨੂੰ ਲਗਾਈ ਜਾਂਦੀ ਅੱਗ ਨੂੰ ਰੋਕਣ ਸਬੰਧੀ ‘ਮੈਗਾ ਜਾਗਰੂਕਤਾ ਮੁਹਿੰਮ’ ਚਲਾਉਣ ਦੇ ਸਬੰਧ ਵਿਚ ਅੱਜ ਮਿਤੀ 19 ਅਕਤੂਬਰ, 2022 ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਸਵੇਰੇ 10:00 ਵਜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਵਲੰਟੀਅਰਜ਼ ਨੂੰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਸਾੜਨ ਤੋਂ ਇਲਾਵਾ ਹੋਰ ਉਪਾਅ ਵਰਤਣ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਨੁਕਸਾਨ ਨਾ ਹੋਵੇ।
ਇਸ ਪ੍ਰੋਗਰਾਮ ਵਿੱਚ ਡਾ. ਆਦਰਸ ਪਾਲ ਵਿੱਗ, ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਖੇਤਾਂ ਵਿਚ ਹੀ ਗਾਲ਼ ਦਿੱਤਾ ਜਾਵੇ ਜਾਂ ਫਿਰ ਇਸ ਨੂੰ ਹੋਰ ਵੱਖ-ਵੱਖ ਤਰੀਕਿਆਂ ਨਾਲ਼ ਇਸਤੇਮਾਲ ਕੀਤਾ ਜਾ ਸਕਦਾ ਹੈ।
ਹਰਿੰਦਰ ਸਿੰਘ, ਚੀਫ਼ ਐਗਰੀਕਲਚਰ ਅਫਸਰ, ਖੇਤੀ ਬਾੜੀ ਵਿਭਾਗ ਨੇ ਕਿਹਾ ਕਿ ਪਿੰਡਾਂ ਵਿਚ ਜਾ ਕੇ ਵਲੰਟੀਅਰ ਕਿਸਾਨਾਂ ਨੂੰ ਦੱਸਣ ਕਿ ਖੇਤੀਬਾੜੀ ਮਹਿਕਮੇ ਵੱਲੋਂ ਪਰਾਲੀ ਦੀ ਸੰਭਾਲ ਦਾ ਪ੍ਰਬੰਧ ਕਰਨ ਲਈ ਮਸ਼ੀਨਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਇਹ ਸਹੂਲਤਾਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਕਿਸਾਨ ‘ਆਈਖੇਤੀ’ ਐਪ ਡਾਊਨਲੋਡ ਕਰ ਕੇ ਜਾਂ 86999-84423 ਤੇ ਸੰਪਰਕ ਕਰ ਸਕਦੇ ਹਨ।
ਕਮਲਜੀਤ ਸਿੰਘ ਸਿੱਧੂ, ਰਾਜ ਐਨ.ਐਸ.ਐਸ. ਅਫ਼ਸਰ, ਯੁਵਕ ਸੇਵਾਵਾਂ ਪੰਜਾਬ, ਚੰਡੀਗੜ੍ਹ ਨੇ ਵਲੰਟੀਅਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।

ਪ੍ਰੋ. ਅਰਵਿੰਦ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਸਾਨੂੰ ਵਾਤਾਵਰਣ ਬਾਰੇ ਅਜਿਹੇ ਪ੍ਰੋਗਰਾਮ ਸਾਰਾ ਸਾਲ ਹੀ ਜਾਰੀ ਰੱਖਣੇ ਚਾਹੀਦੇ ਹਨ ਅਤੇ ਸਰਕਾਰ ਨੂੰ ਫਸਲਾਂ ਵਿਚ ਵਿਭਿੰਨਤਾ ਲਿਆਉਣ ਲਈ ਰਵਾਇਤੀ ਜਿਨਸਾਂ ਦੀ ਵੀ ਐੱਮ.ਐੱਸ.ਪੀ. ਵਾਲ਼ੀ ਕੀਮਤ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨ ਝੋਨੇ ਤੋਂ ਇਲਾਵਾ ਹੋਰ ਫਸਲਾਂ ਉਗਾਉਣ ਲਈ ਪ੍ਰੇਰਿਤ ਹੋਣ। ਡਾ. ਮਮਤਾ ਸ਼ਰਮਾ, ਪ੍ਰੋਗਰਾਮ ਕੋਆਰਡੀਨੇਟਰ, ਐੱਨ. ਐੱਸ. ਐੱਸ. ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਨਾਲ ਮਨੁੱਖ ਜਾਤੀ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਸਾਡੇ ਵਾਤਾਰਵਨ ਉੱਤੇ ਬਹੁਤ ਮਾੜੇ ਅਸਰ ਪੈ ਰਹੇ ਹਨ ਜੋ ਕਿ ਭਵਿੱਖ ਵਿਚ ਹੋਰ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਪ੍ਰੋਗਰਾਮ ਵਿਚ ਸ. ਚਰਨਜੀਤ ਸਿੰਘ, ਸਾਬਕਾ ਡਿਪਟੀ ਡਾਇਰੈਕਟਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ, ਡਾ. ਕੁਲਦੀਪ ਸਿੰਘ, ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਡਾ. ਦਿਲਵਰ ਸਿੰਘ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਪਟਿਆਲਾ, ਡਾ. ਲਖਵੀਰ ਸਿੰਘ ਅਤੇ ਇੰਜ. ਚਰਨਜੀਵ ਸਿੰਘ ਸਰੋਆ, ਪ੍ਰੋਗਰਾਮ ਅਫਸਰ ਯੂਨੀਵਰਸਿਟੀ ਕੈਂਪਸ ਐੱਨ.ਐੱਸ.ਐੱਸ. ਵੀ ਸ਼ਾਮਲ ਹੋਏ। ਪ੍ਰੋਗਰਾਮ ਦੀ ਸਮਾਪਤੀ ਉੱਤੇ ਮੁੱਖ-ਮਹਿਮਾਨ ਅਤੇ ਵਾਈਸ-ਚਾਂਸਲਰ ਵੱਲੋਂ ਹਰੀ ਝੰਡੀ ਦੇ ਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਵੱਲੋਂ ਇਕੋ ਸਮੇਂ ਤੇ ਕਾਲਜਾਂ ਦੇ ਨਾਲ ਲੱਗਦੇ ਪਿੰਡਾਂ ਵਿਚ ਰੈਲੀ ਕੱਢੀ ਗਈ।

Leave a Reply

Your email address will not be published. Required fields are marked *