ਪੰਜਾਬ

73 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ ਤਿੰਨ ਵੱਡੇ ਨਸ਼ਾ ਤਸਕਰ ਗੁਰਦਾਸਪੁਰ ਤੋਂ ਗਿ੍ਰਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

ਭਰੋਸੇਯੋਗ ਜਾਣਕਾਰੀ ਮਿਲਣ ਉਪਰੰਤ ਗੁਰਦਾਸਪੁਰ ਪੁਲਿਸ ਨੇ ਇੱਕ ਐਸਯੂਵੀ ਥਾਰ ਨੂੰ ਰੋਕ ਕੇ ਉਕਤ ਤਸਕਰਾਂ ਨੂੰ ਰਿਵਾਲਵਰ ਅਤੇ ਗੋਲੀ ਸਿੱਕਾ ਸਮੇਤ ਕੀਤਾ ਗਿ੍ਰਫਤਾਰ: ਡੀਜੀਪੀ ਪੰਜਾਬ ਗੌਰਵ ਯਾਦਵ

ਗਿ੍ਰਫ਼ਤਾਰ ਕੀਤੇ ਮੁਲਜ਼ਮ ਇਰਾਦਾ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਪੰਜਾਬ ਪੁਲਿਸ ਨੂੰ ਵੀ ਲੋੜੀਂਦੇ ਸਨ: ਐਸਐਸਪੀ ਗੁਰਦਾਸਪੁਰ

ਚੰਡੀਗੜ/ਗੁਰਦਾਸਪੁਰ, 3 ਨਵੰਬਰ: (ਮਧੂਸਾਰ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਨੂੰ ਉਸ ਸਮੇਂ ਅਹਿਮ ਸਫਲਤਾ ਮਿਲੀ ਜਦੋਂ ਪੰਜਾਬ ਪੁਲਿਸ ਨੇ ਨਾਵਾ ਸੇਵਾ ਪੋਰਟ ਮੁੰਬਈ ਤੋਂ 72.5 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ ਤਿੰਨ ਵੱਡੇ ਨਸ਼ਾ ਤਸਕਰਾਂ ਨੂੰ ਗੁਰਦਾਸਪੁਰ ਤੋਂ ਗਿ੍ਰਫ਼ਤਾਰ ਕੀਤਾ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।
ਪੰਜਾਬ ਪੁਲਿਸ ਅਤੇ ਏ.ਟੀ.ਐਸ. ਮੁੰਬਈ ਦੀਆਂ ਟੀਮਾਂ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਜੁਲਾਈ 2022 ਵਿੱਚ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜੇ ਦੇ ਬਾਰਡਰ ਵਿੱਚ ਛੁਪਾ ਕੇ ਰੱਖਿਆ ਇਹ ਨਸ਼ਾ ਬਰਾਮਦ ਕੀਤਾ ਗਿਆ ਸੀ। ਇਹ ਕੰਟੇਨਰ ਦਿੱਲੀ ਦੇ ਇੱਕ ਦਰਾਮਦਕਾਰ ਵੱਲੋਂ ਮੰਗਵਾਇਆ ਗਿਆ ਸੀ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮਿ੍ਰਤਸਰ ਦੇ ਪਿੰਡ ਪੰਡੋਰੀ ਦੇ ਵਾਸੀ ਗੁਰਵਿੰਦਰ ਸਿੰਘ ਉਰਫ ਮਹਿਕ (27), ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੇ ਵਾਸੀ ਗੁਰਸੇਵਕ ਸਿੰਘ ਉਰਫ ਸੇਵਕ (25) ਅਤੇ ਅੰਮਿ੍ਰਤਸਰ ਦੇ ਪਿੰਡ ਮਾਹਵਾ ਦੇ ਵਾਸੀ ਮਨਜੀਤ ਸਿੰਘ ਉਰਫ ਸੋਨੀ (34) ਵਜੋਂ ਹੋਈ ਹੈ। ਗਿ੍ਰਫਤਾਰ ਕੀਤੇ ਗਏ ਤਿੰਨੋਂ ਵਿਅਕਤੀ ਪੰਜਾਬ ਵਿੱਚ ਸਰਹੱਦ ਪਾਰੋਂ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸਾਮਲ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਮਿਲਣ ਉਪਰੰਤ ਗੁਰਦਾਸਪੁਰ ਪੁਲਿਸ ਨੇ ਬੁੱਧਵਾਰ ਸਾਮ ਨੂੰ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਗੁਰਦਾਸਪੁਰ ਦੇ ਧਾਰੀਵਾਲ ਖੇਤਰ ਵਿੱਚ ਅੰਮਿ੍ਰਤਸਰ-ਜੰਮੂ ਹਾਈਵੇਅ ‘ਤੇ ਇੱਕ ਐਸਯੂਵੀ ਮਹਿੰਦਰਾ ਥਾਰ (ਪੀਬੀ 46 ਏਐਚ 0003) ਨੂੰ ਰੋਕ ਕੇ ਮੁਲਜਮਾਂ ਨੂੰ ਗਿ੍ਰਫਤਾਰ ਕੀਤਾ। ਉਨਾਂ ਦੱਸਿਆ ਕਿ ਪੁਲਿਸ ਟੀਮ ਨੇ ਗੱਡੀ ਦੀ ਤਲਾਸ਼ੀ ਦੌਰਾਨ ਇੱਕ ਰਿਵਾਲਵਰ ਸਮੇਤ 9 ਐਮਐਮ ਦੇ 6 ਜਿੰਦਾ ਕਾਰਤੂਸ ਅਤੇ .32 ਬੋਰ ਦੇ 6 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ ਮੁੰਬਈ ਏਟੀਐਸ ਨੇ ਖੇਪ ਮੰਗਵਾਉਣ ਵਾਲੇ ਮੁਲਜਮ ਹਰਸਿਮਰਨ ਸੇਠੀ ਅਤੇ ਉਸ ਦੇ ਸਹਾਇਕ ਮਹਿੰਦਰ ਸਿੰਘ ਰਾਠੌਰ, ਜੋ ਕਲੀਅਰਿੰਗ ਏਜੰਟ ਵਜੋਂ ਕੰਮ ਕਰ ਰਿਹਾ ਸੀ, ਨੂੰ ਦਿੱਲੀ ਤੋਂ ਗਿ੍ਰਫਤਾਰ ਕੀਤਾ ਸੀ। ਡੀਜੀਪੀ ਨੇ ਕਿਹਾ ਕਿ ਜਾਂਚ ਦੌਰਾਨ, ਮੁੰਬਈ ਏਟੀਐਸ ਨੇ ਇਨਾਂ ਤਿੰਨੋਂ ਗਿ੍ਰਫਤਾਰ ਵਿਅਕਤੀਆਂ ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਮਨਜੀਤ ਸਿੰਘ ਨੂੰ ਨਾਮਜਦ ਕੀਤਾ, ਜੋ ਕਿ ਕੰਟੇਨਰ ਦੇ ਪ੍ਰਾਪਤਕਰਤਾ ਸਨ ਅਤੇ ਉਹ ਇਸ ਸਬੰਧ ਵਿੱਚ ਦਿੱਲੀ ਵੀ ਗਏ ਸਨ। ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਮੁਲਜਮ ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਇਰਾਦਾ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਅੰਮਿ੍ਰਤਸਰ ਦਿਹਾਤੀ ਪੁਲੀਸ ਨੂੰ ਵੀ ਲੋੜੀਂਦੇ ਹਨ, ਜਿਸ ਵਿੱਚ ਉਨਾਂ ਨੇ ਅਕਤੂਬਰ 2020 ਵਿੱਚ ਜ਼ਿਲਾ ਅੰਮਿ੍ਰਤਸਰ ਦਿਹਾਤੀ ਦੀ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ ਸੀ। ਉਨਾਂ ਦੱਸਿਆ ਕਿ ਭਾਰਤੀ ਦੰਡਾਵਲੀ ਨਿਯਮ (ਆਈਪੀਸੀ) ਦੀਆਂ ਧਾਰਾਵਾਂ 307, 353, 186 ਅਤੇ 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਅੰਮਿ੍ਰਤਸਰ ਦੇ ਥਾਣਾ ਲੋਪੋਕੇ ਵਿਖੇ ਇਸ ਸਬੰਧੀ ਪਹਿਲਾਂ ਹੀ ਕੇਸ ਦਰਜ ਹੈ। ਉਨਾਂ ਕਿਹਾ ਕਿ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਧਾਰਾ 25/27/54/59 ਤਹਿਤ ਐਫ.ਆਈ.ਆਰ. ਨੰ. 149 ਮਿਤੀ 2/11/2022 ਨੂੰ ਥਾਣਾ ਧਾਰੀਵਾਲ ਗੁਰਦਾਸਪੁਰ ਵਿਖੇ ਤਾਜ਼ਾ ਮਾਮਲਾ ਦਰਜ ਕੀਤਾ ਗਿਆ ਹੈ

Leave a Reply

Your email address will not be published. Required fields are marked *