ਕੇਰਲਾ ਦੇ 21 ਮੈਂਬਰੀ ਵਫ਼ਦ ਨੇ ਪਸ਼ੂ ਪਾਲਣ ਵਿਭਾਗ ਦੇ ਰੌਣੀ ਫਾਰਮ ਦਾ ਕੀਤਾ ਦੌਰਾ
ਪੰਜਾਬ ਨੇ ਪਸ਼ੂ ਪਾਲਣ ਦੇ ਖੇਤਰ ‘ਚ ਕੀਤਾ ਸ਼ਲਾਘਾਯੋਗ ਕੰਮ : ਪਸ਼ੂ ਪਾਲਣ ਮੰਤਰੀ ਕੇਰਲਾ ਜੇ. ਚਿਨਚੁਰਾਨੀ
ਕੇਰਲਾ ‘ਚ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਵਰਤੋਂ ਪਸ਼ੂ ਖੁਰਾਕ ਵਜੋਂ ਕਰਨ ‘ਤੇ ਵੀ ਕੀਤਾ ਜਾਵੇਗਾ ਵਿਚਾਰ : ਕੈਬਨਿਟ ਮੰਤਰੀ
ਪਟਿਆਲਾ, 11 ਨਵੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੇਰਲਾ ਦੀ ਪਸ਼ੂ ਪਾਲਣ ਮੰਤਰੀ ਸ੍ਰੀਮਤੀ ਜੇ. ਚਿਨਚੁਰਾਨੀ ਤੇ ਉਨ੍ਹਾਂ ਦੇ ਨਾਲ ਆਏ 21 ਮੈਂਬਰੀ ਵਫ਼ਦ ਨੇ ਅੱਜ ਪਸ਼ੂ ਪਾਲਣ ਵਿਭਾਗ ਦੇ ਰੌਣੀ ਫਾਰਮ ਦਾ ਦੌਰਾ ਕੀਤਾ ਅਤੇ ਪੰਜਾਬ ਪਸ਼ੂ ਪਾਲਣ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸਮਝਿਆ। ਕੇਰਲਾ ਸਰਕਾਰ ਦੇ ਵਫ਼ਦ ਦੀ ਅਗਵਾਈ ਕਰ ਰਹੀ ਪਸ਼ੂ ਪਾਲਣ ਮੰਤਰੀ ਸ੍ਰੀਮਤੀ ਜੇ. ਚਿਨਚੁਰਾਨੀ ਨੇ ਕਿਹਾ ਕਿ ਪੰਜਾਬ ਨੇ ਪਸ਼ੂ ਪਾਲਣ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਕੇਰਲਾ ਸਰਕਾਰ ਵੱਲੋਂ ਵੀ ਇਸ ਖੇਤਰ ਦੀਆਂ ਹੋਰ ਬਾਰੀਕੀਆਂ ਨੂੰ ਸਮਝਣ ਲਈ ਇਹ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਈਲੇਜ਼ ਬਣਾਉਣ ਦੇ ਢੰਗ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਸਾਰਾ ਸਾਲ ਪਸ਼ੂਆਂ ਨੂੰ ਪੌਸ਼ਟਿਕ ਖੁਰਾਕ ਉਪਲਬਧ ਕਰਵਾਉਣ ਲਈ ਸੂਬੇ ਵੱਲੋਂ ਤਿਆਰ ਕੀਤਾ ਜਾਂਦਾ ਸਾਈਲੇਜ਼ ਇੱਕ ਚੰਗਾ ਉਪਰਾਲਾ ਹੈ ਜਿਸ ਉਤੇ ਕੇਰਲਾ ਵਿੱਚ ਵੀ ਕੰਮ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਪਰਾਲੀ ਦੀ ਵਰਤੋਂ ਕੇਰਲਾ ਦੇ ਪਸ਼ੂਆਂ ਦੇ ਚਾਰੇ ਦੇ ਰੂਪ ਵਿੱਚ ਕਰਨ ਉਤੇ ਵੀ ਵਿਚਾਰ ਕੀਤਾ ਗਿਆ ਹੈ ਤੇ ਇਸ ਦੇ ਸਸਤੇ ਹੱਲ ਲਈ ਪਲਾਨ ਬਣਾਉਣ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਕੇਰਲਾ ਨੂੰ ਚਾਰਾ ਉਪਲਬਧ ਹੋਵੇਗਾ ਅਤੇ ਪੰਜਾਬ ਵਿਚੋਂ ਕੁਝ ਹੱਦ ਤੱਕ ਪਰਾਲੀ ਦੀ ਸਮੱਸਿਆ ਹੱਲ ਹੋ ਸਕੇਗੀ। ਉਨ੍ਹਾਂ ਕਿਹਾ ਕਿ ਕੇਰਲਾ ਸਰਕਾਰ ਪੰਜਾਬ ਪਾਸੋਂ ਸਾਹੀਵਾਲ ਤੇ ਗਿਰ ਨਸਲ ਦੀਆਂ ਗਾਵਾਂ ਦਾ ਸੀਮਨ ਵੀ ਲਵੇਗੀ।
ਰੌਣੀ ਫਾਰਮ ਵਿਖੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ ਨੇ ਪਸ਼ੂ ਪਾਲਣ ਵਿਭਾਗ ਦੀ ਕਾਰਜਪ੍ਰਣਾਲੀ ਸਬੰਧੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਜਿਥੇ ਵਧੀਆਂ ਕੁਆਲਟੀ ਦਾ ਸੀਮਨ ਤਿਆਰ ਕੀਤਾ ਜਾਂਦਾ ਹੈ ਉਥੇ ਹੀ ਹੋਰਨਾ ਰਾਜਾਂ ਨੂੰ ਸੀਮਨ ਵੇਚਿਆ ਵੀ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਸਾਹੀਵਾਲ ਤੇ ਗਿਰ ਨਸਲ ਦੀਆਂ ਗਾਵਾਂ ਦੀ ਸਾਂਭ ਸੰਭਾਲ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ‘ਕੇਰਲਾ ਪਸ਼ੂ ਧਨ ਅਤੇ ਪੋਲਟਰੀ ਫ਼ੀਡ ਤੇ ਮਿਨਰਲ ਮਿਕਸਚਰ (ਨਿਰਮਾਣ ਤੇ ਵਿਕਰੀ ਨਿਯਮ) ਬਿਲ, 2022’ ਬਣਾਉਣ ਲਈ ਅਧਿਐਨ ਕਰਨ ਵਾਸਤੇ ਪੰਜਾਬ ਦੌਰੇ ‘ਤੇ ਪੁੱਜੀ ਕੇਰਲਾ ਵਿਧਾਨ ਸਭਾ ਦੀ ਸਲੈਕਟ ਕਮੇਟੀ ਨੂੰ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸੂਬੇ ਵਿੱਚ ਪਸ਼ੂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੀ ਲਗਾਤਾਰ ਟੀਕਾਕਰਨ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਲਗਭਗ 2856 ਪਸ਼ੂ ਸੰਸਥਾਵਾਂ ਹਨ, ਜੋ ਸੂਬੇ ਵਿੱਚ ਔਸਤਨ 2400 ਪਸ਼ੂ ਪ੍ਰਤੀ ਸੰਸਥਾ ਅਤੇ ਲਗਭਗ 4.5 ਕਿਲੋਮੀਟਰ ਦੇ ਘੇਰੇ ਨੂੰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਆਪਣੇ ਦੋ ਦਿਨਾ ਪੰਜਾਬ ਦੌਰੇ ਦੇ ਅੱਜ ਆਖਰੀ ਦਿਨ ਪਟਿਆਲਾ ਪੁੱਜੇ ਕੇਰਲਾ ਸਰਕਾਰ ਦਾ ਵਫ਼ਦ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਵੀ ਨਤਮਸਤਕ ਹੋਇਆ।

