ਪਟਿਆਲਾ

ਸੰਵਾਦ ਅਤੇ ਕਿਤਾਬ ਦੀ ਬਾਤ ਪਾਉਂਦਾ ਪੰਜਾਬੀ ਯੂਨੀਵਰਸਿਟੀ ਦਾ ਵਾਰਿਸ ਸ਼ਾਹ ਸ਼ਤਾਬਦੀ ਉਤਸਵ ਅਤੇ ਪੁਸਤਕ ਮੇਲਾ ਜਾਰੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਿਤੀ 24 ਨਵੰਬਰ 2022 ਨੂੰ ਪੰਜਾਬੀ ਸਾਹਿਬ ਸਭਾ, ਪੰਜਾਬੀ ਵਿਭਾਗ ਅਤੇ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ 8ਵਾਂ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਅੱਜ ਤੀਸਰੇ ਦਿਨ ਮੁੱਲਵਾਨ ਅਕਾਦਮਿਕ ਸੰਵਾਦ ਰਚਾਉਣ ‘ਚ ਕਾਮਯਾਬ ਰਿਹਾ ਅਤੇ ਪੁਸਤਕ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ । ਵਿਦਿਆਰਥੀਆਂ ਖੋਜਾਰਥੀਆਂ ਦੀ ਭਰਵੀਂ ਸ਼ਮੂਲੀਅਤ ਅਤੇ ਸਰਗਰਮ ਹਾਜ਼ਰੀ ਇਸ ਗੱਲ ਦੀ ਗਵਾਹ ਬਣਦੀ ਨਜ਼ਰ ਆਈ ਕਿ ਨੌਜਵਾਨ ਸੰਵਾਦ ਅਤੇ ਕਿਤਾਬ ਵਿਚ ਅਜੇ ਦਿਲਚਸਪੀ ਰੱਖਦੇ ਹਨ।
ਪੈਨਲ ਚਰਚਾ ਆਧਾਰਿਤ ਪ੍ਰੋਗਰਾਮ ‘ਸਮਕਾਲੀ ਪੰਜਾਬ: ਨਿਰਾਸ਼ਾ ਅਤੇ ਉਮੀਦ ਦੇ ਡਿੱਕ ਡੋਲੇ’ ਵਿਚ ਉੱਘੇ ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਨੇ ਪੰਜਾਬ ਦੇ ਆਰਥਿਕ ਤੌਰ ‘ਤੇ ਪੱਛੜਨ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਸਾਡੇ ਕੁਝ ਲੋਕ ਮੁੱਢਲੀਆਂ ਲੋੜਾਂ ਤੋਂ ਵੀ ਵਿਰਵੇ ਹੋ ਰਹੇ ਹਨ। ਵੱਡੇ ਪੱਧਰ ਉੱਪਰ ਨੌਜਵਾਨੀ ਦੇ ਹੋ ਰਹੇ ਪਰਵਾਸ ਨੇ ਪੰਜਾਬ ਨੂੰ ਬੌਧਿਕ ਪੱਖੋਂ ਅਤੇ ਸਰਮਾਏ ਦੇ ਪੱਖੋਂ ਪਛਾੜਨ ਵਿੱਚ ਭੂਮਿਕਾ ਨਿਭਾਈ ਹੈ।

ਇਸ ਪ੍ਰੋਗਰਾਮ ਦੇ ਦੂਜੇ ਅਹਿਮ ਚਰਚਾਕਾਰ ਉੱਘੇ ਪੱਤਰਕਾਰ ਸ. ਹਮੀਰ ਸਿੰਘ ਨੇ ਕਿਹਾ ਕਿ ਹੁਣ ਕੇਵਲ ਸਮਾਜ, ਸਭਿਆਚਾਰ ਦਾ ਸੰਕਟ ਨਹੀਂ ਹੈ ਸਗੋਂ ਪੰਜਾਬੀਆਂ ਦੀ ਹੋਂਦ ਅਤੇ ਨੈਤਿਕਤਾ ਦਾ ਸੰਕਟ ਵੀ ਹੈ। ਨਵੇਂ ਕਾਰਪੋਰੇਟੀ ਏਜੰਡਿਆਂ ਨੇ ਪੰਜਾਬ ਦੀ ਸਭਿਆਚਾਰਕ ਸਮਾਜਿਕ ਅਤੇ ਕੁਦਰਤੀ ਵੰਨ-ਸੁਵੰਨਤਾ ਨੂੰ ਢਾਹ ਲਾਈ ਹੈ। ਉਹਨਾਂ ਨੇ ਬਦਲਵੇਂ ਲੋਕਤੰਤਰੀ ਮਾਡਲ ਦੀ ਤਲਾਸ਼ ਵੱਲ ਇਸ਼ਾਰਾ ਵੀ ਕੀਤਾ। ਉੱਘੇ ਪੰਜਾਬੀ ਨਾਵਲਕਾਰ ਸ. ਜਸਬੀਰ ਮੰਡ ਨੇ ਪੰਜਾਬੀ ਸਿਹਤ ਸਿਰਜਣਾ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਬਾਰੇ ਗੱਲ ਕਰਨ ਖੁਦ ਬਾਰੇ ਗੱਲ ਕਰਨਾ ਹੈ। ਪੰਜਾਬ ਦੀ ਕਿਸਾਨੀ ਕੁਦਰਤ ਨਾਲ ਸੰਬੰਧਾਂ ਵਿਚ ਆਏ ਵਿਗਾੜਾਂ ਕਾਰਣ ਆਪਣੀ ਧਰਾਤਲ ਗਵ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਸੂਖਮ ਪੱਖਾਂ ਦੀ ਸਲਾਮਤੀ ਦੇ ਯਤਨ ਕਰਨੇ ਚਾਹੀਦੇ ਹਨ। ਇਸ ਪ੍ਰੋਗਰਾਮ ਦੇ ਸੂਤਰਧਾਰ ਦੀ ਭੂਮਿਕਾ ਖੋਜਾਰਥੀ ਗੁਰਪ੍ਰੀਤ ਸਿੰਘ ਨੇ ਡਾ. ਗੁਰਜੰਟ ਸਿੰਘ ਦੀ ਦੇਖ-ਰੇਖ ਵਿਚ ਨਿਭਾਈ। ਅੱਜ ਦੇ ਦਿਨ ਦੀ ਦੂਸਰੀ ਬੈਠਕ ਵਿਚ ਨਾਰੀ ਮਸਲਿਆਂ ਦੀ ਬੇਬਾਕ ਵਿਆਖਿਆਕਾਰ ਪ੍ਰਸਿੱਧ ਨੌਜਵਾਨ ਲੇਖਿਕਾ ਅਨੁਰਾਧਾ ਬੇਨੀਵਾਲ ਨਾਲ ਰੂ-ਬ-ਰੂ ਕਰਵਾਇਆ ਗਿਆ। ਖੋਜਾਰਥੀ ਅਰਸ਼ਦੀਪ ਸਿੰਘ ਨੇ ਵਿਭਾਗ ਦੇ ਅਧਿਆਪਕ ਡਾ. ਰਾਜਮੋਹਿੰਦਰ ਕੌਰ ਦੀ ਦੇਖ-ਰੇਖ ਵਿਚ ਵਿਸ਼ੇਸ਼ ਚਰਚਾ ਦਾ ਆਯੋਜਨ ਕੀਤਾ। ਲੇਖਿਕਾ ਨੇ ਕਿਹਾ ਵਿਦਿਆਰਥੀਆਂ ਦੇ ਸਵਾਲਾਂ ਦੇ ਬੇਬਕੀ ਨਾਲ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਆਪਣਾ ਨਾਰੀ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ। ਪ੍ਰਚਲਿਤ ਵਿਆਹ ਪ੍ਰਬੰਧ ਦੇ ਪੱਖਾਂ-ਵਿਪੱਖਾਂ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ।

ਤੀਸਰੀ ਬੈਠਕ ਵਿਚ ਪੈਨਲ ਚਰਚਾ ਆਧਾਰਿਤ ਪ੍ਰੋਗਰਾਮ ‘ਪੰਜਾਬੀ ਨੌਜਵਾਨਾਂ ਦੇ ਰਸਤੇ-ਕੁਰਸਤੇ’ ਪ੍ਰੋਗਰਾਮ ਵਿਚ ਉਚੇਚੇ ਤੌਰ ‘ਤੇ ਸ. ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ ਨੇ ਕਿਹਾ ਕਿ ਨੌਜਵਾਨੀ ਨੂੰ ਆਪਣੇ ਅਕੀਦਿਆਂ ਨੂੰ ਸੰਤੁਲਿਤ ਤੇ ਵਾਜਬ ਤਰੀਕਿਆਂ ਨਾਲ ਵੇਖਣ ਦੀ ਲੋੜ ਹੈ। ਨੌਜਵਾਨਾਂ ਨੂੰ ਕਿਰਤ ਕਿਤਾਬ ਅਤੇ ਖੇਡਾਂ ਨਾਲ ਜੁੜਨ ਦੀ ਸਖਤ ਲੋੜ ਹੈ। ਇਸ ਮੌਕੇ ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਪੰਜਾਬ ਦੇ ਵਿਦਿਅਕ ਪ੍ਰਬੰਧ ਦੇ ਨਾਲ ਜੁੜਿਆ ਹੋਇਆ ਹੈ। ਨੌਜਵਾਨੀ ਨੂੰ ਸਮਝਣ ਲਈ ਸਾਨੂੰ ਵਿਦਿਅਕ ਪ੍ਰਬੰਧ ਦੇ ਰਸਤੇ-ਕੁਰਸਤੇ ਪੜਤਾਲਣ ਦੀ ਲੋੜ ਹੈ। ਸਾਨੂੰ ਤਕਨਾਲੋਜੀ ਦੇ ਅਤਿ ਨਵੀਨ ਪੱਖਾਂ ਪਸਾਰਾਂ ਨੂੰ ਵੀ ਅਪਨਾਉਣਾ/ਸਿੱਖਣਾ ਪਵੇਗਾ। ਇਸ ਮੌਕੇ ਚਿੰਤਕ ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਢੁੱਕਵੇਂ ਅਤੇ ਵਾਜਬ ਤਰੀਕੇ ਨਾਲ ਆਂਕਿਆ ਨਹੀਂ ਗਿਆ। ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਚੇਤਨਾ ਨੂੰ ਖੁੰਢੇ ਹੋਣ ਤੋਂ ਬਚਾਉਣ ਦੀ ਲੋੜ ਹੈ। ਲੋਕ ਤੰਤਰ ਨੂੰ ਵੱਡੇ ਖਤਰੇ ਦਰਪੇਸ਼ ਹਨ। ਸਾਡੇ ਏਜੰਡੇ ਸਾਡੇ ਤੋਂ ਬਾਹਰ ਤੈਅ ਕੀਤੇ ਜਾ ਰਹੇ ਹਨ। ਸਾਨੂੰ ਇਸ ਮਾਰ ਤੋਂ ਬਚਣ ਲਈ ਖ਼ੁਦ ਹੀ ਯਤਨ ਕਰਨੇ ਪੈਣਗੇ। ਸਾਨੂੰ ਬਦਲਵੇਂ ਪਰਸਪਰ ਸਿੱਖਿਆ ਆਧਾਰਿਤ ਪ੍ਰਬੰਧ ਦੇ ਯਤਨ ਕਰਨੇ ਚਾਹੀਦੇ ਹਨ। ਨੌਜਵਾਨਾਂ ਨੂੰ ਆਪਣੇ ਮਾਡਲ ਆਪ ਵਿਕਸਿਤ ਕਰਨ ਦੀ ਲੋੜ ਹੈ ਨਾ ਕਿ ਅਸੀਂ ਬਾਹਰੋਂ ਰੋਲ ਮਾਡਲ ਦੀ ਤਲਾਸ਼ ਕਰੀਏ। ਖੋਜਾਰਥੀ ਗੁਰਲਾਲ ਸਿੰਘ ਨੇ ਵਿਭਾਗ ਦੇ ਅਧਿਆਪਕ ਡਾ. ਸੀ. ਪੀ ਕੰਬੋਜ ਦੀ ਦੇਖ-ਰੇਖ ਵਿਚ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਮੌਕੇ ਡਾ. ਗੁਰਮੁਖ ਸਿੰਘ, ਡਾ. ਸੁਰਜੀਤ ਸਿੰਘ, ਪੰਜਾਬੀ ਸ਼ਾਇਰ ਗੁਰਤੇਜ ਕੁਹਾਰਵਾਲਾ, ਕਾਬਲ ਵਿਰਕ ਸਮੇਤ ਅਨੇਕਾਂ ਵਿਦਵਾਨ ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਸਨ।

Leave a Reply

Your email address will not be published. Required fields are marked *