ਪੁਰਾਣੇ ਬੱਸ ਅੱਡੇ ਨੂੰ ਚਾਲੂ ਰੱਖਣ ਦੀ ਮੰਗ ’ਤੇ ਅੜੀ ਮਾਰਕੀਟ ਐਸੋਸੀਏਸ਼ਨ
ਵਪਾਰੀਆਂ ਤੇ ਲੋਕਾਂ ਦੀਆਂ ਦਿੱਕਤਾਂ ਨੂੰ ਵੀ ਸਮਝੇ ਪੰਜਾਬ ਸਰਕਾਰ : ਗੁਰਪਾਲ ਸਿੰਘ
ਪਟਿਆਲਾ 3 ਦਸੰਬਰ : ਪੰਜਾਬ ਸਰਕਾਰ ਵੱਲੋਂ ਪਟਿਆਲਵੀਆਂ ਨੂੰ ਨਵਾਂ ਬੱਸ ਅੱਡਾ ਸਮਰਪਿਤ ਕੀਤਾ ਜਾ ਰਿਹਾ ਹੈ, ਉਥੇ ਹੀ ਪੁਰਾਣੇ ਬੱਸ ਅੱਡੇ ਨੂੰ ਜਿਉਂ ਦਾ ਤਿਉਂ ਚਾਲੂ ਰੱਖਣ ਦੀ ਮੰਗ ਨੂੰ ਲੈ ਕੇ ਮਾਰਕੀਟ ਐਸੋਸੀਏਸ਼ਨ ਨੇ ਆਵਾਜ਼ ਬੁਲੰਦ ਕੀਤੀ ਹੈ। ਪੁਰਾਣੇ ਬੱਸ ਅੱਡੇ ਦੇ ਨਾਲ ਲੱਗਦੀ ਮਾਰਕੀਟ ਦੇ ਵਪਾਰੀਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਕਿ ਸਰਕਾਰ ਨਵਾਂ ਬੱਸ ਅੱਡਾ ਬਣਾਵੇ ਕਿਸੇ ਨੂੰ ਕੋਈ ਇਤਰਾਜ ਨਹੀਂ, ਪ੍ਰੰਤੂ ਪੁਰਾਣੇ ਬੱਸ ਅੱਡੇ ਦੇ ਇਥੋਂ ਤਬਦੀਲ ਹੋਣ ਨਾਲ ਲੋਕਾਂ ਤੇ ਵਪਾਰੀਆਂ ਨੂੰ ਕਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ।
ਪ੍ਰੈਸ ਕਾਨਫਰੰਸ ਦੌਰਾਨ ਮਾਰਕੀਟ ਐਸੋਸੀਏਸ਼ਨ ਦੇ ਵਪਾਰੀ ਗੁਰਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਨਵਾਂ ਬੱਸ ਦੇ ਕੰਮ ਮੁਕੰਮਲ ਕਰ ਚੁੱਕੀ ਹੈ, ਪ੍ਰੰਤੂ ਪੁਰਾਣੇ ਬੱਸ ਅੱਡੇ ਨਾਲ ਲੱਗਦੇ ਵਪਾਰੀਆਂ ਦਾ ਵੀ ਉਜਾੜਾ ਕਰਨ ਲੱਗੀ ਹੈ, ਜੋ ਨਹੀ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਪੁਰਾਣੇ ਬੱਸ ਅੱਡੇ ਦੇ ਨਾਲ ਵਪਾਰੀਆਂ ਦਾ ਕੰਮ ਅਤੇ ਘਰ ਦੀ ਰੋਟੀ ਰੋਜੀ ਉਨ੍ਹਾਂ ਦੇ ਵਪਾਰ ਤੋਂ ਚੱਲਦੀ ਹੈ ਅਤੇ ਜੇ ਵਪਾਰ ਹੀ ਨਹੀਂ ਰਹੇਗਾ ਤਾਂ ਉਹ ਕਿਥੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਪਾਰੀਆਂ ਦਾ ਸਿੱਧੇ ਤੌਰ ’ਤੇ ਉਜਾੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਪਾਰੀਆਂ ਨੇ ਕਿਹਾ ਕਿ ਨਵਾਂ ਬੱਸ ਅੱਡਾ ਬਣਾਉਣ ਦੇ ਨਾਲ ਵਪਾਰੀਆਂ ਦੇ ਵਪਾਰ ਬਾਰੇ ਸਰਕਾਰ ਨੇ ਕੋਈ ਤਜਵੀਜ਼ ਨਹੀਂ ਬਣਾਈ ਕਿ ਉਹ ਕੀ ਕਰਨਗੇ ਜਾਂ ਪੁਰਾਣੇ ਬੱਸ ਅੱਡੇ ’ਤੇ ਕੀ ਬਣਨ ਜਾ ਰਿਹਾ ਹੈ। ਗੁਰਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਸੀ.ਐਮ. ਪੰਜਾਬ ਦੇ ਪੋਰਟਲ ’ਤੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਵੀ ਇਸ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਸਲੇ ਨੂੰ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਬੱਸ ਅੱਡਾ ਚੱਲਣਾ ਚਾਹੀਦਾ, ਪ੍ਰੰਤੂ ਪੁਰਾਣੇ ਬੱਸ ਅੱਡੇ ’ਤੇ ਲੋਕਾਂ ਤੇ ਵਪਾਰੀਆਂ ਦੀ ਮੰਗ ਨੂੰ ਵੇਖਦੇ ਹੋਏ ਇਥੇ ਸਬ ਬੱਸ ਅੱਡੇ ਨੂੰ ਚੱਲਦਾ ਰੱਖਿਆ ਜਾਵੇ ਤਾਂ ਕਿ ਲੋਕਾਂ ਨੂੰ ਮਾਤਾ ਕੁਸੱਲਿਆ ਹਸਪਤਾਲ, ਕਚਹਿਰੀਆਂ ਅਤੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਰੇਲਵੇ ਸਟੇਸ਼ਨ ਪੁੱਜਦੀ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬੱਸ ਅੱਡਾ ਤਬਦੀਲ ਹੋਣ ਨਾਲ ਵਪਾਰ ਤੇ ਲੋਕਾਂ ਦੀਆਂ ਦਿੱਕਤਾਂ ਵੱਧ ਜਾਣਗੀਆਂ ਅਤੇ ਸਾਡੀ ਮੰਗ ਹੈ ਕਿ ਇਸ ਮਸਲੇ ਪ੍ਰਤੀ ਸਰਕਾਰ ਗੰਭੀਰ ਹੋਵੇ ਅਤੇ ਉਨ੍ਹਾਂ ਦੀ ਮੰਗ ਫੌਰੀ ਮੰਨੀ ਜਾਵੇ।

