ਭਲਾਈ ਵਿਭਾਗਾਂ ਦੇ ਅਧਿਕਾਰੀ ਹਰ ਹਲਕੇ ‘ਚ ਲੋਕਾਂ ਤੱਕ ਪਹੁੰਚਾਉਣ ਸਰਕਾਰੀ ਸਕੀਮਾਂ ਦੀ ਜਾਣਕਾਰੀ-ਜੱਸੀ ਸੋਹੀਆਂ ਵਾਲਾ
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੱਲੋਂ ਭਲਾਈ ਸਕੀਮਾਂ ਦੀ ਸਮੀਖਿਆ
ਪਟਿਆਲਾ, 12 ਦਸੰਬਰ: (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਅੱਜ ਇੱਥੇ ਸਰਕਾਰ ਦੇ ਭਲਾਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਵੱਖ-ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਇਮਾਨਦਾਰੀ ਤੇ ਤਨਦੇਹੀ ਨਾਲ ਭਲਾਈ ਸਕੀਮਾਂ ਨੂੰ ਗਰੀਬ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਚਾਰ-ਪ੍ਰਸਾਰ ਕੀਤਾ ਜਾਵੇ। ਚੇਅਰਮੈਨ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਹਲਕਿਆਂ ਨਾਭਾ, ਪਟਿਆਲਾ, ਪਟਿਆਲਾ ਦਿਹਾਤੀ, ਸਨੌਰ, ਸ਼ੁਤਰਾਣਾ, ਸਮਾਣਾ, ਰਾਜਪੁਰਾ ਅਤੇ ਘਨੌਰ ਦੇ ਪਿੰਡਾਂ ‘ਚ ਕੈਂਪ ਲਗਾ ਕੇ ਆਮ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਆਸ਼ੀਰਵਾਦ (ਸ਼ਗਨ) ਸਕੀਮ, ਅੰਤਰ-ਜਾਤੀ ਵਿਆਹ ਸਕੀਮ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਪੋਸਟ ਮੈਟ੍ਰਿਕ ਸਕਾਲਰਸ਼ਿਪਸਕੀਮ ਫਾਰ ਐਸ.ਸੀ., ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਸਕਾਲਰਸ਼ਿਪ ਸਕੀਮ, ਅਨੁਸੂਚਿਤ ਜਾਤੀਆਂ ਦੇ ਬੱਚਿਆ ਦੇ 9ਵੀਂ ਤੇ 10ਵੀਂ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਲਈ ਸਕੀਮਾਂ, ਅਨੁਸੂਚਿਤ ਜਾਤੀਆਂ ਅਤੇ ਅੰਗਹੀਣ ਵਿਅਕਤੀਆਂ ਲਈ ਕਰਜਾ ਸਕੀਮਾਂ ਅਤੇ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੀ ਸੇਵਾ ਹਿੱਤ ਬੇ-ਰੁਜਗਾਰਾਂ ਨੂੰ ਸਵੈ-ਰੁਜਗਾਰ ਲਈ ਸਸਤੇ ਵਿਆਜ ਦਰ ‘ਤੇ ਕਰਜੇ ਦੇਣ ਆਦਿ ਸਕੀਮਾਂ ਦਾ ਜਾਇਜ਼ਾ ਲਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਮੈਨੇਜਰ ਐਸ.ਸੀ. ਕਾਰਪੋਰੇਸ਼ਨ ਮੰਜੂ ਬਾਲਾ ਅਤੇ ਮੈਨੇਜਰ ਬੀ.ਸੀ. ਕਾਰਪੋਰੇਸ਼ਨ ਮਨਪ੍ਰੀਤ ਸਿੰਘ ਤੋਂ ਇਲਾਵਾ ਬਿਕਰਮਜੀਤ ਸਿੰਘ ਇਨਵੈਸਟੀਗੇਟਰ ਤੇ ਕੁਲਇੰਦਰਜੀਤ ਸਿੰਘ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਸਕੀਮਾਂ ਦਾ ਲਾਭ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਕਿਸੇ ਵੀ ਜਾਤੀ ਦੇ ਲੋਕ ਲੈ ਸਕਦੇ ਹਨ। ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਧਿਕਾਰੀ ਨੇ ਦੱਸਿਆ ਕਿ ਸ਼ਗਨ ਸਕੀਮ ਦੀ ਰਾਸ਼ੀ ਮਹੀਨਾ ਫਰਵਰੀ, 2021 ਤੱਕ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਮੈਨੇਜਰ ਬੀ.ਸੀ. ਕਾਰਪੋਰੇਸ਼ਨ ਨੇ ਦੱਸਿਆ ਕਿ ਕਿ ਬੀ.ਸੀ. ਵਰਗ ਦੇ ਲੋਕ ਘੱਟ ਵਿਆਜ ਦਰ ‘ਤੇ ਆਪਣੇ ਕਾਰੋਬਾਰ ਚਲਾਉਣ ਲਈ ਜਮੀਨ-ਜਾਇਦਾਦ ਜਾਂ ਕਿਸੇ ਸਰਕਾਰੀ ਮੁਲਾਜਮ ਦੀ ਗਵਾਹੀ ਨਾਲ ਲੋਨ ਪ੍ਰਾਪਤ ਕਰ ਸਕਦੇ ਹਨ। ਐਸ.ਸੀ. ਕਾਰਪੋਰੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਐਸ.ਸੀ. ਵਰਗ ਨਾਲ ਸਬੰਧਤ ਲੋਕ ਟ੍ਰੇਨਿੰਗ ਪ੍ਰਾਪਤ ਕਰਕੇ 50 ਫੀਸਦੀ ਸਬਸਿਡੀ ‘ਤੇ ਲੋਨ ਲੈ ਸਕਦੇ ਹਨ। ਇਸ ਤੋਂ ਬਿਨ੍ਹਾਂ 40 ਫੀਸਦੀ ਜਾਂ ਇਸ ਤੋਂ ਉਪਰ ਵਾਲਾ ਅੰਗਹੀਣ ਵਿਅਕਤੀ ਕਿਸੇ ਵੀ ਜਾਤੀ ਨਾਲ ਸਬੰਧ ਰੱਖਦਾ ਹੋਵੇ, ਨੂੰ ਵੀ ਐਸ.ਸੀ. ਕਾਰਪੋਰੇਸ਼ਨ ਵੱਲੋਂ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ।

