ਪਿੰਡ ਭਸਮੜਾ ਤੇ ਸ਼ੇਖੂਪੁਰ ‘ਚ ਲੱਗੇ ਜਨ ਸੁਵਿਧਾ ਕੈਂਪ ਮੌਕੇ 17 ਵਿਭਾਗਾਂ ਨੇ ਪ੍ਰਦਾਨ ਕੀਤੀਆਂ ਸੇਵਾਂਵਾਂ
ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰਾ ਤੇ ਗਰਮ ਕੱਪਿੜਆਂ ਦੀ ਵੰਡ-ਐਸ.ਡੀ.ਐਮ.
ਭੁੱਨਰਹੇੜੀ, ਦੂਧਨਸਾਧਾਂ, 15 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸ.ਡੀ.ਐਮ. ਦੂਧਨਸਾਧਾਂ ਕਿਰਪਾਲਵੀਰ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ ਭਸਮੜਾ ਅਤੇ ਸ਼ੇਖੂਪੁਰ ਵਿਖੇ ਜਨ ਸੁਵਿਧਾ ਕੈਂਪ ਲਗਾਇਆ। ਇਸ ਦੌਰਾਨ ਲਗਪਗ 17 ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇੱਥੇ ਪੁੱਜੇ ਸਥਾਨਕ ਵਾਸੀਆਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ। ਜਦਕਿ ਕਰਤਾਰ ਕੰਬਾਇਨ ਤੇ ਮੁਬਾਸੂ ਇਲੈਕਟ੍ਰੀਕਲ ਦੀ ਸਹਾਇਤਾ ਨਾਲ ਲੋੜਵੰਦ ਲੋਕਾਂ ਨੂੰ ਗਰਮ ਕੱਪਿੜਆਂ ਦੀ ਵੰਡ ਵੀ ਕੀਤੀ ਗਈ।
ਐਸ.ਡੀ.ਐਮ. ਕਿਰਪਾਲਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਦੇਖ-ਰੇਖ ਹੇਠ ਜਨ ਸੁਣਵਾਈ ਤੇ ਜਨ ਸੁਵਿਧਾ ਕੈਂਪ ਲਗਾਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਉਨ੍ਹਾਂ ਦੇ ਘਰਾਂ ਕੋਲ ਜਾ ਕੇ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ।
ਕਿਰਪਾਲ ਵੀਰ ਸਿੰਘ ਨੇ ਦੱਸਿਆ ਕਿ ਹਲਕਾ ਸਨੌਰ ਦੇ ਵਿਧਾਇਕ ਸ. ਹਰਮੀਤ ਸਿੰਘ ਪਠਾਣਾਮਾਜਰਾ ਦੀ ਅਗਵਾਈ ਹੇਠ ਲੋਕਾਂ ਨੂੰ ਜਿੱਥੇ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਕੇ ਲੋਕਾਂ ਦੇ ਘਰਾਂ ਦੇ ਨੇੜੇ ਹੀ ਇਨ੍ਹਾਂ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਜਨ ਸੁਣਵਾਈ, ਜਨ ਸੁਵਿਧਾ ਤੇ ਮਾਲ ਸੁਵਿਧਾ ਕੈਂਪ-ਕਮ-ਫੀਲਡ ਡੇਅ ਕੈਂਪ ਨੂੰ ਇਲਾਕੇ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਬੁਢਾਪਾ ਜਾਂ ਹੋਰ ਪੈਨਸ਼ਨਾਂ, ਸ਼ਿਕਾਇਤਾਂ, ਮੌਕੇ ਦੇਖੇ, ਵਿਕਾਸ ਦੇ ਕੰਮ, ਅਧਾਰ ਕਾਰਡ ਦੇ ਕੰਮਾਂ ਸਮੇਤ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਨਾਲ ਨਾਲ ਸਾਰੇ ਵਿਭਾਗ ਵੱਲੋਂ ਇੱਕੋ ਛੱਤ ਥੱਲੇ ਸਰਕਾਰੀ ਸਹੂਲਤਾਂ ਉਪਲਬਧ ਕਰਵਾਈਆਂ।

