ਡਿਪਟੀ ਕਮਿਸ਼ਨਰ ਨੇ ਸੰਕੇਤਕ ਭਾਸ਼ਾ ਟ੍ਰੇਨਿੰਗ ਪ੍ਰੋਗਰਾਮ ‘ਚ ਸ਼ਾਮਲ ਹੋਕੇ ਖ਼ੁਦ ਸਿੱਖੀ ਸੰਕੇਤ ਭਾਸ਼ਾ
ਡਿਸਏਬਲ ਨਹੀਂ ਬਲਕਿ ਵੱਖਰੀ ਪ੍ਰਤਿਭਾ ਦੇ ਮਾਲਕ ਹਨ ਦਿਵਿਆਂਗਜਨ-ਸਾਕਸ਼ੀ ਸਾਹਨੀ
ਕਰੀਬ 45 ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਉਤਸ਼ਾਹ ਨਾਲ ਸਿੱਖ ਰਹੇ ਹਨ ਸੰਕੇਤਤ ਭਾਸ਼ਾ
ਪਟਿਆਲਾ, 15 ਦਸੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਦਿਵਿਆਂਗਜਨ, ਡਿਸਏਬਲ ਨਹੀਂ ਬਲਕਿ ਵੱਖਰੀ ਪ੍ਰਤਿਭਾ ਦੇ ਮਾਲਕ ਹੁੰਦੇ ਹਨ। ਉਹ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਕੇਤਕ ਭਾਸ਼ਾ ਸਿਖਾਉਣ ਲਈ ਉਲੀਕੇ ਗਏ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਖ਼ੁਦ ਇਸ ਸੰਕੇਤਕ ਭਾਸ਼ਾ ਦਾ ਮੁਢਲਾ ਗਿਆਨ ਹਾਸਲ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਪੰਜਾਬ ਭਰ ‘ਚੋਂ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਕਰੀਬ 45 ਵਿਭਾਗਾਂ ਦੇ ਕਰੀਬ 70 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਨਣ ਅਤੇ ਬੋਲਣ ਤੋਂ ਅਸਮਰੱਥ ਨਾਗਰਿਕਾਂ ਦੀ ਮਦਦ ਲਈ ਸੰਕੇਤਕ ਭਾਸ਼ਾ ਸਿਖਾਉਣ ਦਾ ਇੱਕ ਸਿਖਲਾਈ ਪ੍ਰੋਗਰਾਮ ਉਲੀਕਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦੇ ਮੈਂਬਰ ਦਿਵਿਆਂਗਜਨਾਂ ਲਈ ਵਿਸ਼ੇਸ਼ ਸੰਵੇਦਨਸ਼ੀਲਤਾ ਦਿਖਾਉਂਦਿਆਂ ਬਹੁਤ ਉਤਸ਼ਾਹ ਨਾਲ ਇਸ 5 ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਸਾਇਟੀ ਫ਼ਾਰ ਵੈਲਫ਼ੇਅਰ ਆਫ਼ ਦੀ ਹੈਡੀਂਕੈਪਡ ਪਟਿਆਲਾ ਦੇ ਸਕੂਲ ਆਫ਼ ਡੈਫ਼ ਪਿੰਡ ਸੈਫ਼ਦੀਪੁਰ ਦੇ ਅਧਿਆਪਕ ਰੁਪਿੰਦਰ ਕੌਰ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕ੍ਰਮਚਾਰੀਆਂ ਨੂੰ ਸੰਕੇਤਕ ਭਾਸ਼ਾ ਵਿੱਚ ਨਿਪੁੰਨ ਕੀਤਾ ਜਾ ਰਿਹਾ ਹੈ, ਤਾਂ ਕਿ ਉਹ ਸੁਣਨ ਅਤੇ ਬੋਲਣ ਤੋਂ ਅਸਮਰੱਥ ਲੋਕਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਉਣ ਸਮੇਂ ਉਨ੍ਹਾਂ ਨਾਲ ਸੰਕੇਤ ਭਾਸ਼ਾ ਵਿੱਚ ਆਸਾਨੀ ਨਾਲ ਗੱਲਬਾਤ ਕਰਕੇ ਉਹਨਾਂ ਦੇ ਕੰਮਾਂ ਕਾਰਾ ਨੂੰ ਆਸਾਨੀ ਨਾਲ ਨੇਪਰੇ ਚਾੜ੍ਹ ਸਕਣ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਸੀਨੀਅਰ ਸਹਾਇਕ ਸਤਨਾਮ ਸਿੰਘ ਤੇ ਸਰਕਾਰ ਸ਼ਰਨ, ਡਾਟਾ ਐਂਟਰੀ ਓਪਰੇਟਰ ਇੰਦਰਪ੍ਰੀਤ ਸਿੰਘ ਵੀ ਮੌਜੂਦ ਸਨ।

