ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੇ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁਖ ਪ੍ਰਗਟਾਇਆ
ਅੰਮ੍ਰਿਤਸਰ 16 ਦਸੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਨਿਹੰਗ ਸਿੰਘ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਇਲਾਹਾਬਾਦ ਹਾਈਕੋਰਟ ਵੱਲੋਂ ਦਿਤੇ ਫੈਸਲੇ ਤੇ ਚਿੰਤਾ ਵਿਅਕਤ ਕਰਦਿਆ ਕਿਹਾ ਕਿ ਹਾਈਕੋਰਟ ਨੇ ਪੀਲੀਭੀਤ ਦੇ ਬਹੁ-ਚਰਚਿਤ 1991 ਦੇ 10 ਸਿੱਖਾਂ ਦੇ ਫ਼ਰਜ਼ੀ ਝੂਠੇ ਮੁਕਾਬਲੇ ਮਾਮਲੇ ਵਿੱਚ ਸ਼ਾਮਿਲ 43 ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਅਦਾਲਤ ਵਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਘਟਾ ਕੇ 7-7 ਸਾਲ ਅਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਕਰ ਦਿਤਾ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ 12 ਜੁਲਾਈ, 1991 ਨੂੰ ਨਾਨਕਮਤਾ, ਹਜ਼ੂਰ ਸਾਹਿਬ ਤੇ ਹੋਰਨਾਂ ਗੁਰਦੁਆਰਿਆਂ ਦੀ ਯਾਤਰਾ ਕਰਕੇ ਬੱਸ ਚ ਪਰਤ ਰਹੇ 25 ਸਿੱਖ ਯਾਤਰੀਆਂ ਦੇ ਜਥੇ ਨੂੰ ਪੀਲੀਭੀਤ ਦੇ ਕਛਾਲਾ ਘਾਟ ਨਜ਼ਦੀਕ ਪੁਲਿਸ ਵਾਲਿਆਂ ਨੇ ਰੋਕ ਕੇ 10 ਸਿੱਖ ਯਾਤਰੀਆਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ, ਜਦੋਂ ਕਿ ਸ਼ਾਹਜਹਾਂਪੁਰ ਵਾਸੀ ਤਲਵਿੰਦਰ ਸਿੰਘ ਦੀ ਅੱਜ ਤੱਕ ਕੋਈ ਉੱਘ-ਸੁੱਘ ਨਹੀਂ ਲੱਗੀ। ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਪੂਰਨਪੁਰ, ਨਿਊਰੀਆ ਤੇ ਬਿਲਸੰਡਾ ਥਾਣਿਆਂਚ ਤਿੰਨ ਵੱਖ-ਵੱਖ ਪਟੀਸ਼ਨਾਂ ਦਾਖਲ ਕੀਤੀਆਂ ਸੀ।
ਪਰ ਸੁਪਰੀਮ ਕੋਰਟ ਨੇ ਮਈ 1992 ਨੂੰ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਸੋਂਪ ਦਿਤੀ ਸੀ। ਉਨਾਂ੍ਹ ਕਿਹਾ ਸੀ.ਬੀ.ਆਈ ਨੇ ਪੜਤਾਲ ਤੋਂ ਬਾਅਦ 57 ਪੁਲਿਸ ਮੁਲਾਜ਼ਮਾਂ ਖਿਲਾਫ ਸਬੂਤਾਂ ਦੇ ਆਧਾਰ ਤੇ ਦੋਸ਼ ਪੱਤਰ ਦਾਇਰ ਕੀਤਾ ਸੀ ਅਤੇ ਅਦਾਲਤ ਨੇ ਇਸ ਮਾਮਲੇ ‘ਚ 47 ਨੂੰ ਦੋਸ਼ੀ ਠਹਿਰਾਇਆ ਸੀ ਉਨ੍ਹਾਂ ਕਿਹਾ ਕਿ 2016 ਤੱਕ 10 ਦੀ ਮੌਤ ਹੋ ਚੁਕੀ ਸੀ। ਉਨ੍ਹਾਂ ਹੋਰ ਕਿਹਾ ਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਦਲਣ ਅਤੇ ਦੋਸ਼ੀਆਂ ਨੂੰ ਇਲਾਹਾਬਾਦ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿਤੀ ਹੈ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖ ਜੇਲਾਂ ਵਿੱਚ ਬੰਦ ਹਨ ਸਮੁਚੇ ਸਿੱਖ ਸਮਾਜ ਵਲੋਂ ਉਨਾਂ ਦੀ ਰਿਹਾਈ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ। ਪਰ ਉਨਾਂ ਦੇ ਮਾਮਲੇ ਵਿੱਚ ਕੋਈ ਨਜ਼ਰਸਾਣੀ ਨਹੀਂ ਹੋ ਰਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੰਦੀ ਸਿੰਘ ਆਪਣੀ ਸਜ਼ਾ ਪੁਰੀ ਕਰ ਚੁਕੇ ਪਰ ਫਿਰ ਵੀ ਉਨ੍ਹਾਂ ਨੂੰ ਰਿਹਾ ਨਹੀ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਅਦਾਲਤ ਦੀਆਂ ਨਜ਼ਰਾਂ ਵਿੱਚ ਅਜਿਹਾ ਵਖਰੇਵਾ ਸਿੱਖਾਂ ਨੂੰ ਬੇਗਾਨਗੀ ਅਤੇ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਨੇ ਸਿੱਖਾਂ ਨੂੰ ਨਿਰਾਸ਼ ਕੀਤਾ ਹੈ ਅਤੇ ਇਸ ਫੈਸਲੇ ਤੇ ਗਹਿਰਾ ਦੁਖ ਪ੍ਰਗਟ ਕੀਤਾ ਹੈ।

