ਦੇਸ਼-ਵਿਦੇਸ਼ਪੰਜਾਬਪਟਿਆਲਾ

ਵਿਜੀਲੈਂਸ ਦੀ ਰੇਡ : ਭਰਤ ਇੰਦਰ ਚਾਹਲ ਦੀਆਂ ਜਾਇਦਾਦਾਂ ਦੇ ਸਰੋਤ ਖੰਗਾਲਦੇ ਰਹੇ ਅਧਿਕਾਰੀ

ਪਟਿਆਲਾ 19 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਸਿਆਸਤਦਾਨ ਲਗਾਤਾਰ ਵਿਜੀਲੈਂਸ ਵਿਭਾਗ ਦੇ ਨਿਸ਼ਾਨੇ ’ਤੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਸਰਗਰਮ ਨਜ਼ਰ ਆ ਰਿਹਾ ਹੈ ਅਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਚਰਚਿਤ ਮੰਤਰੀਆਂ ’ਤੇ ਵੱਡੀਆਂ ਕਾਰਵਾਈਆਂ ਚੱਲ ਰਹੀਆਂ ਹਨ, ਜਿਸ ਦੇ ਚੱਲਦਿਆਂ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਓਐਸਡੀ ਰਹੇ ਭਰਤ ਇੰਦਰ ਸਿੰਘ ਚਾਹਲ ਹੁਣ ਵਿਜੀਲੈਂਸ ਦੀ ਰਾਡਾਰ ’ਤੇ ਹਨ। ਚਹਿਲ ਦੀਆਂ ਜਾਇਦਾਦ ’ਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੀ ਰੇਡ ਹੋਈ ਹੈ, ਜਿਥੇ ਵਿਜੀਲੈਂਸ ਦੇ ਅਧਿਕਾਰੀ ਕਾਰਵਾਈ ਕਰਦੇ ਦੇਖੇ ਗਏ ਹਨ।

ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਅਧਿਕਾਰੀਆਂ ਦੀ ਟੀਮ ਚੁੱਪ ਚੁਪੀਤੇ ਸਰਹਿੰਦ ਰੋਡ ’ਤੇ ਸਥਿਤ ਭਰਤ ਇੰਦਰ ਚਾਹਲ ਦੇ ‘ਅਲਕਾ-ਜਾਰ’ ਮੈਰਿਜ ਪੈਲੇਸ ’ਤੇ ਪੁੱਜਣ ਤੋਂ ਬਾਅਦ ਮਿੰਨੀ ਸਕੱਤਰੇਤ ਨੇੜੇ ਬਣਾਏ ‘ਗਰੈਂਡ ਕੰਪਲੈਕਸ’ ਵਿਖੇ ਪੁੱਜਦੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਚਹਿਲ ਦੀਆਂ ਜਾਇਦਾਦਾਂ ਦੀ ਗਿਣਤੀ ਮਿਣਤੀ ਕਰਕੇ ਸਰੋਤ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ। ਅਧਿਕਾਰੀਆਂ ਨੇ ਆਪਣੀ ਡਾਇਰੀ ਵਿਚ ਇਹ ਵੀ ਨੋਟ ਕੀਤਾ ਹੈ ਕਿ ਪੂਰਾ ਕੰਪਲੈਕਸ ਅਤੇ ਪੈਲੇਸ ਕਿੰਨੇ ਵਰਗ ਗਜ ਵਿਚ ਬਣਾਇਆ ਗਿਆ। ਕੰਪਲੈਕਸ ਅੰਦਰ ਕਿੰਨੇ ਸ਼ੋਅ ਰੂਮ ਹਨ ਅਤੇ ਕਿੰਨੇ ਘੇਰੇ ਦੇ ਵਿਚ ਇਹ ਕੰਪਲੈਕਸ ਅਤੇ ਮੈਰਿਜ ਪੈਲੇਸ ਤਿਆਰ ਕੀਤਾ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਅਤੇ ਦੋ ਘੰਟੇ ਤੱਕ ਸਾਰੀ ਕਾਰਵਾਈ ਕਰਦੇ ਰਹੇ। ਸੂਤਰਾਂ ਦੇ ਹਵਾਲੇ ਨਾਲ ਭਰਤ ਇੰਦਰ ਸਿੰਘ ਚਾਹਲ ਦੀਆਂ ਜਾਇਦਾਦਾਂ ਅਤੇ ਪ੍ਰਾਪਾਰਟੀ ਦੇ ਸਰੋਤਾਂ ਨੂੰ ਵਿਜੀਲੈਂਸ ਦੇ ਅਧਿਕਾਰੀ ਖੰਗਾਲਦੇ ਨਜ਼ਰ ਆ ਰਹੇ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਆਖਰਿ ਕਿਹੜੇ ਸਰੋਤ ਹਨ, ਜਿਥੋਂ ਭਰਤ ਇੰਦਰ ਸਿੰਘ ਚਹਿਲ ਨੇ ਆਪਣੀ ਜਾਇਦਾਦ ਅਤੇ ਪ੍ਰਾਪਰਟੀ ਬਣਾਈ ਹੈ। ਜਿਕਰਯੋਗ ਹੈ ਕਿ ਭਰਤ ਸਿੰਘ ਚਹਿਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਿਚੋਂ ਹਨ ਅਤੇ ਕਈ ਅਹਿਮ ਅਹੁਦਿਆਂ ’ਤੇ ਰਹਿ ਕੇ ਕੰਮ ਕਰ ਚੁੱਕੇ ਹਨ। ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿਚ ਭਰਤ ਸਿੰਘ ਚਹਿਲ ਨੂੰ ਜੇਲ੍ਹ ਤੱਕ ਜਾਣਾ ਪਿਆ ਸੀ।

Leave a Reply

Your email address will not be published. Required fields are marked *