ਪਟਿਆਲਾ

ਸਫ਼ਾਈ ਸੇਵਕਾਂ ਦੇ ਧਰਨੇ ਸੰਬੰਧੀ ਯੂਨੀਵਰਿਸਟੀ ਅਥਾਰਿਟੀ ਵੱਲੋਂ ਤੱਥ ਮੂਲਕ ਜਾਣਕਾਰੀ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਚੱਲ ਰਹੇ ਸਫ਼ਾਈ ਸੇਵਕਾਂ ਦੇ ਧਰਨੇ ਸੰਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਇਸ ਮਾਮਲੇ ਬਾਰੇ ਤੱਥ ਮੂਲਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਜਿਸਟਰਾਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ 2021 ਦੌਰਾਨ ਸਫ਼ਾਈ ਸੇਵਕਾਂ ਦੇ ਧਰਨੇ ਦੌਰਾਨ ਬਣੀ ਸਹਿਮਤੀ ਉਪਰੰਤ ਲਿਖਤੀ ਸਮਝੌਤਾ ਹੋਇਆ ਸੀ। ਪੰਦਰ੍ਹਾਂ ਅਕਤੂਬਰ 2021 ਦੇ ਉਸ ਸਮਝੌਤੇ ਵਿੱਚ ਪੰਜ ਮੁੱਦਿਆਂ ਉੱਤੇ ਸਹਿਮਤੀ ਬਣੀ ਸੀ। ਯੂਨੀਵਰਸਿਟੀ ਵੱਲੋਂ ਇਨ੍ਹਾਂ ਸਹਿਮਤੀਆਂ ਨਾਲ ਜੁੜੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਸਫ਼ਾਈ ਸੇਵਕਾਂ ਦੀ ਮੰਗ ਸੀ ਕਿ ਠੇਕੇਦਾਰੀ ਪ੍ਰਣਾਲੀ ਨੂੰ ਖ਼ਤਮ ਕਰ ਕੇ ਸੰਬੰਧਤ ਕਰਮਚਾਰੀਆਂ ਨੂੰ ਡੇਲੀ ਵੇਜਿਜ਼ ਉੱਤੇ ਕੀਤਾ ਜਾਵੇ। ਯੂਨੀਵਰਸਿਟੀ ਵੱਲੋਂ ਇਹ ਮੰਗ ਪੂਰੀ ਕੀਤੀ ਜਾ ਚੁੱਕੀ ਹੈ। ਇਸ ਵੇਲੇ ਕੋਈ ਸਫ਼ਾਈ ਕਰਮਚਾਰੀ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਨਹੀਂ ਕਰਦਾ। ਇਸੇ ਤਰ੍ਹਾਂ ਸਫ਼ਾਈ ਸੇਵਕਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਪੱਕੇ ਤੌਰ ਉੱਤੇ ਭਰਨ ਲਈ ਵਿਗਿਆਪਨ ਜਾਰੀ ਕਰ ਕੇ ਨਿਯਮਾਂ ਅਨੁਸਾਰ ਭਰਤੀ ਕੀਤੀ ਜਾ ਚੁੱਕੀ ਹੈ। ਕੁੱਲ 93 ਅਸਾਮੀਆਂ ਲਈ ਵਿਗਿਆਪਨ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਰਾਹੀਂ 65 ਕਰਮਚਾਰੀਆਂ ਦੀਆਂ ਸੇਵਾਵਾਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ। ਬਾਕੀ ਬਚਦੀਆਂ 28 ਅਸਾਮੀਆਂ ਲਈ (ਉਪ-ਸ਼੍ਰੇਣੀਆਂ ਸੰਬੰਧੀ ਵਿਸ਼ੇਸ਼ ਕਾਨੂੰਨੀ ਸੀਮਾਵਾਂ ਕਾਰਨ) ਅਰਜ਼ੀਆਂ ਪ੍ਰਾਪਤ ਨਹੀਂ ਹੋਈਆਂ ਸਨ ਪਰ ਹੁਣ ਇਨ੍ਹਾਂ 28 ਅਸਾਮੀਆਂ ਉੱਤੇ ਪੱਕੀ ਭਰਤੀ ਲਈ ਮਿਤੀ 17 ਦਸੰਬਰ 2022 ਨੂੰ ਮੁੜ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਿਆ ਹੈ।

ਇਸ ਤੋਂ ਇਲਾਵਾ ਕੈਂਪਸ ਵਿਖੇ ਹੋਰ ਪੱਕੀਆਂ ਆਸਾਮੀਆਂ ਬਣਾਉਣ ਲਈ ਪੰਜਾਬ ਸਰਕਾਰ ਨੂੰ ਬਾਕਾਇਦਾ ਪੱਤਰ ਲਿਖ ਕੇ ਅਤੇ ਫਿਰ ਉਸੇ ਪੱਤਰ ਦੀ ਲਗਾਤਾਰਤਾ ਵਿੱਚ ਯਾਦ-ਪੱਤਰ ਲਿਖ ਕੇ ਕਾਰਵਾਈ ਕੀਤੀ ਜਾ ਰਹੀ ਹੈ। ਡੇਲੀ ਵੇਜਿਜ਼ ਉੱਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਦੀ ਤਨਖਾਹ ਿਵੱਚ 1500/- ਰੁਪਏ ਪ੍ਰਤੀ ਮਹੀਨਾ ਵਧਾਉਣ ਸੰਬੰਧੀ ਸਹਿਮਤੀਬਣੀ ਸੀ। ਪੰਜਾਬੀ ਯੂਨੀਵਰਿਸਟੀ ਵੱਲੋਂ ਇਸ ਮੰਗ ਨੂੰ ਵੀ ਪੂਰਾ ਕਰ ਦਿੱਤਾ ਗਿਆ ਸੀ। ਹਾਲਾਂ ਕਿ ਸਿੰਡੀਕੇਟ ਵਿੱਚ ਇਸ ਮਦ ਉੱਤੇ ਵਿਚਾਰ ਕਰਿਦਆਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਸ ਦੇ ਹੱਕ ਵਿੱਚ ਹਾਮੀ ਨਹੀਂ ਸੀ ਭਰੀ ਗਈ ਪਰ ਯੂਨੀਵਰਸਿਟੀ ਅਥਾਰਿਟੀ ਵੱਲੋਂ ਮਜ਼ਬੂਤੀ ਨਾਲ ਆਪਣਾ ਪੱਖ ਪੇਸ਼ ਕਰਿਦਆਂ ਇਸ ਮੰਗ ਨੂੰ ਵੀ ਪੂਰਾ ਕਰਵਾਿੲਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਿਸਟੀ ਅਥਾਰਿਟੀ ਵੱਲੋਂ ਇਸ ਮਾਮਲੇ ਉੱਤੇ ਏਨੀ ਗੰਭੀਰਤਾ ਵਿਖਾਉਂਦੇ ਹੋਏ ਸਭ ਕੁਝ ਕਰਨ ਦੇ ਬਾਵਜੂਦ ਸਫ਼ਾਈ ਸੇਵਕਾਂ ਵੱਲੋਂ ਹੁਣ ਤਕਰੀਬਨ ਇੱਕ ਮਹੀਨੇ ਤੋਂ ਮੁੜ ਧਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਕੈਂਪਸ ਵਿੱਚ ਸਫ਼ਾਈ ਦਾ ਕੰਮ-ਕਾਜ ਵੀ ਰੋਕਿਆ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਕਰਮਚਾਰੀਆਂ ਨੂੰ ਤੁਰੰਤ ਆਪਣੇ ਕੰਮ ਉੱਤੇ ਪਰਤਣਾ ਚਾਹੀਦਾ ਹੈ। ਇਸ ਸੰਬੰਧੀ ਗੱਲ ਕਰਿਦਆਂ ਡੀਨ ਅਕਾਦਿਮਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਨੇ ਕਿਹਾ ਹੈ ਕਿ ਸਫ਼ਾਈ ਕਰਮਚਾਰੀਆਂ ਦਾ ਅਜਿਹਾ ਵਤੀਰਾ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆਵਾਂ ਦੇ ਦਿਨ ਹੋਣ ਕਾਰਨ ਸਾਰੇ ਹੋਸਟਲਾਂ ਵਿੱਚ ਇਸ ਸਮੇਂ ਵਿਦਿਆਰਥੀ ਮੌਜੂਦ ਹਨ ਪਰ ਸਭ ਥਾਂਵਾਂ ਉੱਤੇ ਕੂੜੇ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਕਰਮਚਾਰੀਆਂ ਵੱਲੋਂ ਗਲ਼ੀ-ਸੜੀ ਹਾਲਤ ਵਾਲ਼ਾ ਕੂੜਾ ਲਿਆ ਕੇ ਕੈਂਪਸ ਵਿੱਚ ਥਾਂ-ਥਾਂ ਬਿਖੇਰਿਆ ਜਾ ਰਿਹਾ ਹੈ। ਪੱਕੇ ਕਰਮਚਾਰੀਆਂ ਦਾ ਇਸ ਧਰਨੇ ਨਾਲ਼ ਕੋਈ ਸੰਬੰਧ ਨਹੀਂ ਹੈ, ਉਨ੍ਹਾਂ ਨੂੰ ਵੀ ਕੂੜਾ ਉਠਾਉਣ ਤੋਂ ਰੋਕਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕੈਂਪਸ ਵਿਖੇ ਸਫ਼ਾਈ ਪੱਖੋਂ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਅਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣਾ ਵਿਦਿਆਰਥੀਆਂ, ਕਰਮਚਾਰੀਆਂ, ਕੈਂਪਸ ਵਸਨੀਕਾਂ ਅਤੇ ਇੱਥੇ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਲਈ ਖਤਰੇ ਵਾਲ਼ੀ ਗੱਲ ਹੈ। ਸਫ਼ਾਈ ਕਰਮਚਾਰੀਆਂ ਦਾ ਇਹ ਕਦਮ ਮਾਨਵਤਾ ਅਤੇ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਅਨੈਤਿਕ ਹੈ। ਇਸ ਲਈ ਕਰਮਚਾਰੀਆਂ ਨੂੰ ਤੁਰੰਤ ਆਪਣੇ ਕੰਮ ਉੱਤੇ ਪਰਤਣਾ ਚਾਹੀਦਾ ਹੈ। ਪਿਛਲੇ ਸਾਲ ਦੇ ਸਮਝੌਤੇ ਦੀ ਸਹਿਮਤੀ ਮੁਤਾਬਕ ਸਭ ਕਾਰਵਾਈਆਂ ਹੋਣ ਤੋਂ ਬਾਅਦ ਇਹ ਧਰਨਾ ਗ਼ੈਰ-ਇਖਲਾਕੀ ਹੈ।

Leave a Reply

Your email address will not be published. Required fields are marked *