ਨਵੇਂ ਭਾਰਤ ਦੀਆਂ ਬੇਟੀਆਂ ਹਫਤੇ ਦੀ ਸਮਾਪਤੀ ‘ਤੇ ਸ਼ਖਸ਼ੀਅਤਾਂ ਦਾ ਸਨਮਾਨ
-ਘਰਾਂ ਵਿੱਚ ਬੇਟੀਆਂ ਅਤੇ ਛੋਟੀਆਂ ਭੈਣਾਂ ਨੂੰ ਸਤਿਕਾਰ ਦੇ ਕੇ ਹੌਂਸਲਾ ਵਧਾਇਆ ਜਾਵੇ: ਕੁਮਾਰ ਅਮਿਤ
-ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਆਯੋਜਿਤ ਪ੍ਰੋਗਰਾਮ ‘ਚ ਭਾਵੂਕਤਾ ਨਾਲ ਬੇਟੀ ਬਚਾਓ-ਬੇਟੀ ਪੜਾਓ ਦਾ ਦਿੱਤਾ ਗਿਆ ਸੰਦੇਸ਼
ਪਟਿਆਲਾ, 14 ਅਕਤੂਬਰ (ਮਧੂਸਾਰ ਬਿਊਰੋ) ਦੇਸ ਭਰ ਵਿੱਚ ਚੱਲ ਰਹੀ ਬੇਟੀ ਬਚਾਓ- ਬੇਟੀ ਪੜਾਓ ਮੁਹਿੰਮ ਤਹਿਤ ਨਵੇਂ ਭਾਰਤ ਦੀਆਂ ਬੇਟੀਆਂ ਹਫਤੇ ਦੀ ਅੱਜ ਕੀਤੀ ਗਈ ਸਮਾਪਤੀ ਦੌਰਾਨ ਜ਼ਿਲ੍ਹੇ ਦੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਹਨਾਂ ਵਿੱਚ ਉਹ ਔਰਤ ਅਧਿਕਾਰੀ ਸ਼ਾਮਲ ਹਨ ਜਿਹਨਾਂ ਨੇ ਆਪਣੀ ਮਿਹਨਤ ਸਦਕਾ ਉਚੇ ਮੁਕਾਮ ਹਾਸਲ ਕੀਤੇ ਅਤੇ ਜਿਨ੍ਹਾਂ ਨੇ ਤਿਮਾਮ ਮੁਸ਼ਕਲਾਂ ‘ਤੇ ਸਮਾਜ ਵੱਲੋਂ ਪੈਦਾ ਕੀਤੀਆਂ ਗਈਆਂ ਰੁਕਾਵਟਾਂ ਨੂੰ ਇੱਕ ਪਾਸੇ ਰੱਖਿਆ ਅਤੇ ਆਪਣਾ ਟੀਚਾ ਹਾਸਲ ਕੀਤਾ।
ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਆਯੋਜਿਤ ਪ੍ਰੋਗਰਾਮ ‘ਚ ਜਿਥੇ ਬੁਲਾਰਿਆਂ ਨੇ ਭਾਵੂਕਤਾ ਨਾਲ ਬੇਟੀ ਬਚਾਓ-ਬੇਟੀ ਪੜਾਓ ਦਾ ਸੰਦੇਸ਼ ਦਿੱਤਾ ਗਿਆ ਉਥੇ ਸਮਾਜ ਵਿੱਚ ਬੇਟੀਆਂ ਨੂੰ ਕਿਵੇਂ ਪੜਾਇਆ ਜਾਵੇ ਅਤੇ ਕਿਵੇਂ ਬਚਾਇਆ ਜਾਵੇ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਵਿੱਚ ਟਰੈਫਿਕ ਦਾ ਕੰਮਕਾਜ ਬੇਹਤਰੀਨ ਤਰੀਕੇ ਨਾਲ ਸੰਭਾਲ ਰਹੀ ਆਈ.ਪੀ.ਐਸ. ਅਧਿਕਾਰੀ ਐਸ.ਪੀ. ਟਰੈਫਿਕ ਸ਼੍ਰੀਮਤੀ ਕੰਵਰਦੀਪ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਨਾਭਾ ‘ਚ ਐਸ.ਡੀ.ਐਮ. ਦੇ ਆਹੁਦੇ ਤੇ ਤੈਨਾਤ ਪੀ.ਸੀ.ਐਸ. ਅਧਿਕਾਰੀ ਅਤੇ ਆਪਣੇ ਪਰਿਵਾਰ ‘ਚ 4 ਭੈਣਾ ਵਿਚੋਂ ਸਭ ਤੋਂ ਛੋਟੀ ਮਿਸ ਜਸ਼ਨਦੀਪ ਕੌਰ ਨੂੰ ਵੀ ਸਨਮਾਨਿਤ ਕੀਤਾ।
ਐਸ.ਪੀ. ਟਰੈਫਿਕ ਸ਼੍ਰੀਮਤੀ ਕੰਵਰਦੀਪ ਕੌਰ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਖਾਸ ਤੌਰ ‘ਤੇ ਪੁਰਾਣੀ ਪੀੜੀ ਦੇ ਲੋਕੀ ਕੁੜੀਆਂ ਦੇ ਜੰਮਣ ਨੂੰ ਮੰਦਭਾਗਾ ਦੱਸਦੇ ਆਏ ਹਨ ਪਰ ਹੁਣ ਸਮਾਂ ਬਦਲ ਚੁੱਕਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੀ ਬੇਟੀਆਂ ਨੂੰ ਵਧੀਆਂ ਸਿਖਿਆ ਦੇ ਦਈਏ ਅਤੇ ਉਹਨਾਂ ਨੂੰ ਕੈਰੀਅਰ ਬਣਾਉਣ ਵਿੱਚ ਪੂਰੀ ਮੱਦਦ ਕਰੀਏ ਤਾਂ ਉਹ ਬੇਟਿਆਂ ਨਾਲੋਂ ਵੀ ਅੱਗੇ ਵੱਧ ਸਕਦੀਆਂ ਹਨ ਅਤੇ ਕਿਸੇ ਵੀ ਤਰੀਕੇ ਨਾਲ ਉਹ ਪਰਿਵਾਰ ‘ਤੇ ਬੋਝ ਨਾ ਬਣਕੇ ਪਰਿਵਾਰ ਦੇ ਸੋਮੇ ਬਣ ਜਾਂਦੀਆਂ ਹਨ।
ਜਦਕਿ ਆਪਣੀ ਸਖਤ ਛਵੀ ਲਈ ਮਸਹੂਰ ਐਸ.ਡੀ.ਐਮ. ਨਾਭਾ ਸ਼੍ਰੀਮਤੀ ਜਸ਼ਨਦੀਪ ਕੌਰ ਨੇ ਦੱਸਿਆ ਕਿ ਜਦ ਉਹ ਪੈਦਾ ਹੋਈ ਸੀ ਤਾਂ ਉਹਨਾਂ ਦੀ ਦਾਦੀ ਨੂੰ ਕਾਫੀ ਮਾੜਾ ਲ|ੱਗਿਆ ਸੀ ਅਤੇ ਪਰਿਵਾਰ ਦੇ ਕਈ ਬੰਦਿਆਂ ਨੇ ਰੋਣਾ ਵੀ ਰੋਇਆ ਪਰ ਜਦ ਉਹ ਪੀ.ਸੀ.ਐਸ. ਅਧਿਕਾਰੀ ਬਣੀ ਅਤੇ ਪ੍ਰੀਖਿਆ ਦਾ ਰਿਜਲਟ ਆਇਆ ਤਾਂ ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿੱਚ ਅੱਥਰੂ ਸਨ ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਅੱਜ ਦੇ ਦਿਨ ਦਾ ਹੀ ਇੰਤਜਾਰ ਸੀ, 4 ਭੈਣਾ ਵਿੱਚ ਸਭ ਤੋਂ ਛੋਟੀ ਜਸ਼ਨਦੀਪ ਕੌਰ ਨੇ ਸਲਾਹ ਦਿੱਤੀ ਕੀ ਬੇਟੀ ਬਚਾਓ-ਬੇਟੀ ਪੜਾਓ ਵਰਗੇ ਪ੍ਰੋਗਰਾਮ ਜਦ ਕਦੀ ਕੀਤੇ ਜਾਣ ਤਾਂ ਉਹਨਾਂ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇ ਜਿਹਨਾਂ ਦੀਆਂ ਧਿਆਂ ਨੇ ਨਾਮ ਕਮਾਇਆ ਹੈ। ਉਹਨਾਂ ਕਿਹਾ ਕਿ ਜਦ ਅਜਿਹੇ ਮਾਪੇ ਆਪਣੇ ਤਜਰਬੇ ਸਾਂਝੇ ਕਰਨਗੇ ਤਾਂ ਹਕੀਕਤ ਵਿੱਚ ਅਸੀਂ ਇਹ ਸੰਦੇਸ਼ ਲੋਕਾਂ ਦੇ ਮਨਾ ਵਿੱਚ ਗਹਿਰਾਈ ਨਾਲ ਪਹੁੰਚਾ ਸਕਾਂਗੇ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਘਰਾਂ ਵਿੱਚ ਬੇਟੀਆਂ ਅਤੇ ਛੋਟੀਆਂ ਭੈਣਾਂ ਨੂੰ ਸਤਿਕਾਰ ਦੇ ਕੇ ਜੇਕਰ ਅਸੀਂ ਉਹਨਾਂ ਦਾ ਹੌਂਸਲਾ ਵਧਾਉਂਦੇ ਤਾਂ ਉਹਨਾਂ ਨੂੰ ਆਪਣਾ ਮੁਕਾਮ ਹਾਸਲ ਕਰਨ ਵਿੱਚ ਅਸਾਨੀ ਹੋਵੇਗੀ। ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਛੋਟੀਆਂ-ਛੋਟੀਆਂ ਚੀਜਾਂ ਨਾਲ ਅਸੀਂ ਸ਼ੁਰੂਆਤ ਕਰ ਸਕਦੇ ਹਾਂ।
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੀ.ਸੀ.ਐਸ. ਅਧਿਕਾਰੀ ਡਾ. ਸਿਮਰਪ੍ਰੀਤ ਕੌਰ, ਜ਼ਿਲ੍ਹਾ ਸਿਖਿਆ ਅਧਿਕਾਰੀ ਸ਼੍ਰੀਮਤੀ ਕਮਲਜੀਤ ਕੌਰ, ਸਾਬਕਾ ਡੀ.ਪੀ.ਓ. ਸ਼੍ਰੀਮਤੀ ਅਨੀਤਾਪ੍ਰੀਤ ਕੌਰ, ਸਮਾਜ ਸੇਵਕਾ ਸ਼੍ਰੀਮਤੀ ਸਤਿੰਦਰ ਕੌਰ ਵਾਲੀਆ, ਐਨ.ਜੀ.ਓ. ਗੁਰਪ੍ਰੀਤ ਕੌਰ, ਸੀ.ਡੀ.ਪੀ.ਓ. ਸ਼੍ਰੀਮਤੀ ਰੇਖਾ, ਜੂਡੋ ਸਿਖਾ ਰਹੀ ਐਨ.ਜੀ.ਓ. ਰਵਨੀਤ ਕੌਰ, ਮਿਸ ਰਿਵਾਇਤ, ਲਾਅ ਦੀ ਵਿਦਿਆਰਥਣ ਹੀਨਾ, ਸ਼੍ਰੀਮਤੀ ਤਰਹੀਨ ਸੰਧੂ, ਸ਼੍ਰੀਮਤੀ ਰੋਜੀ ਸਰੀਨ, ਸ਼੍ਰੀਮਤੀ ਗੁਰਚਰਨ ਕੌਰ ਅਤੇ ਮੈਡਮ ਸਿਮਰਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੁਮਿਕਾ ਨਿਭਾ ਰਹੀ ਸ਼੍ਰੀਮਤੀ ਸੁਮਨ ਬੱਤਰਾ ਨੇ ਆਪਣੇ ਅੰਦਾਜ ਵਿੱਚ ਆਡੀਟੋਰੀਅਮ ਵਿੱਚ ਮੌਜੂਦ ਸਰੋਤਿਆਂ ਨੂੰ ਖਾਸਾ ਪ੍ਰਭਾਵਿਤ ਕੀਤਾ ਅਤੇ ਭਾਵੂਕਤਾ ਭਰੇ ਭਾਸ਼ਣ ਨਾਲ ਬਨੀ ਰੱਖਿਆ।
ਇਸ ਮੌਕੇ ਪੋਲੋਟੈਕਨਿਕ ਕਾਲਜ ਦੀਆਂ ਕੁੜੀਆਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ, ਮਲਟੀਪਰਪਜ ਸਕੂਲ ਦੀਆਂ ਕੁੜੀਆਂ ਨੇ ਜੂਡੋ ਦੇ ਕਰਤੱਵ ਦਿਖਾਏ, ਲੇਡੀ ਫਾਤਿਮਾ ਸਕੂਲ ਦੀ ਵਿਦਿਆਰਥਣ ਰਿਵਾਇਤ ਨੇ ਕਵਿਤਾ ਪੇਸ਼ ਕੀਤੀ ਜਦਕਿ ਲਾਅ ਦੀ ਵਿਦਿਆਰਥਣ ਹੀਨਾ ਨੇ ਆਪਣੀ ਟੀਮ ਨਾਲ ਸਕਿੱਟ ਪੇਸ਼ ਕੀਤੀ।

