ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ 13ਵੀਂ ਵਾਰ ਹਾਸਿਲ ਕੀਤੀ ਓਵਰਆਲ ਟਰਾਫ਼ੀ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤੀਰਅੰਦਾਜ਼ੀ ਦੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਓਵਰਆਲ ਟਰਾਫ਼ੀ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਹ 13ਵੀਂ ਵਾਰ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਐਸੋਸੀਏਸ਼ਨ ਆਫ਼ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਕਰਵਾਏ ਜਾਂਦੇ ਇਨ੍ਹਾਂ ਮੁਕਾਬਲਿਆਂ ਵਿੱਚ ਓਵਰਆਲ ਟਰਾਫ਼ੀ ਜਿੱਤੀ ਹੈ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਦੇਸ ਭਰ ਤੋਂ 198 ਯੂਨੀਵਰਸਿਟੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਅਵਲ ਰਹੀ ਜਦੋਂ ਕਿ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਅਤੇ ਲਵਲੀ ਯੂਨੀਵਰਸਿਟੀ, ਜਲੰਧਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਸਥਾਨ ਉੱਤੇ ਰਹੀਆਂ।

ਪੰਜਾਬੀ ਯੂਨੀਵਰਸਿਟੀ ਦੀ ਖਿਡਾਰੀ ਅਵਨੀਤ ਕੌਰ ਨੇ 720 ਵਿੱਚੋਂ 711 ਅੰਕ ਹਾਸਿਲ ਕਰ ਕੇ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ। ਅਵਨੀਤ ਕੌਰ ਨੇ ਤਿੰਨ ਗੋਲ੍ਡ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਗਿਆ। ਵਿਅਕਤੀਗਤ ਪ੍ਰਾਪਤੀਆਂ ਵਿੱਚ ਸੰਗਮਪ੍ਰੀਤ ਸਿੰਘ ਬਿਸਲਾ ਵੱਲੋਂ ਇੱਕ ਸੋਨ ਤਗ਼ਮਾ ਅਤੇ ਇੱਕ ਕਾਂਸੀ ਤਗ਼ਮਾ ਅਤੇ ਅਮਨ ਸੈਣੀ ਵੱਲੋਂ ਕਾਂਸੀ ਤਗ਼ਮਾ ਪ੍ਰਾਪਤ ਕਰਨਾ ਵੀ ਸ਼ਾਮਿਲ ਰਿਹਾ। ਟੀਮ ਪੱਧਰ ਦੀਆਂ ਪ੍ਰਾਪਤੀਆਂ ਵਿੱਚ ਯੂਨੀਵਰਸਿਟੀ ਦੀਆਂ ਰੀਕਰਵ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਤਿੰਨ-ਤਿੰਨ ਕਾਂਸੀ ਤਗ਼ਮੇ, ਕੰਪਾਊਂਡ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਤਿੰਨ-ਤਿੰਨ ਕਾਂਸੀ ਤਗ਼ਮੇ ਅਤੇ ਇੰਡੀਅਨ ਵਿਮੈਨ ਟੀਮ ਇੱਕ ਚਾਂਦੀ ਤਗ਼ਮਾ ਹਾਸਲ ਕਰਨ ਵਿੱਚ ਸਫਲ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਕੋਚ ਸੁਰਿੰਦਰ ਸਿੰਘ ਰੰਧਾਵਾ, ਗੌਰਵ ਸ਼ਰਮਾ ਅਤੇ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਿਖਲਾਈ ਹਾਸਿਲ ਕੀਤੀ ਹੈ। ਅਵਤਾਰ ਸਿੰਘ ਅਤੇ ਸਿਮਰਨ ਜੀਤ ਕੌਰ ਟੀਮ ਮੈਨੇਜਰ ਦੇ ਤੌਰ ਉੱਤੇ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਿਲ ਰਹੇ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਪਤੀ ਉੱਤੇ ਇਨ੍ਹਾਂ ਖਿਡਾਰੀਆਂ, ਇਨ੍ਹਾਂ ਦੀ ਕੋਚਿੰਗ ਟੀਮ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਗਈ।

Leave a Reply

Your email address will not be published. Required fields are marked *