ਗੁਰਮਤਿ ਸੰਗੀਤ ਉਤਸਵ ਕਰਵਾਇਆ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ 17ਵਾਂ ਗੁਰਮਤਿ ਸੰਗੀਤ ਉਤਸਵ ਗੁਰਮਤਿ ਸੰਗੀਤ ਭਵਨ ਵਿਖੇ ਭਾਈ ਜੁਵਾਲਾ ਸਿੰਘ ਜੀ ਰਾਗੀ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ। ਉਤਸਵ ਵਿੱਚ ਭਾਈ ਦਵਿੰਦਰ ਪ੍ਰਤਾਪ ਸਿੰਘ ਅਤੇ ਭਾਈ ਰਵਿੰਦਰ ਪ੍ਰਤਾਪ ਸਿੰਘ (ਪ੍ਰਤਾਪ ਬ੍ਰਦਰਜ਼) ਯੂ.ਐਸ.ਏ. ਵਾਲੇ, ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਡਾ. ਨਿਵੇਦਿਤਾ ਸਿੰਘ ਅਤੇ ਦਿੱਲੀ ਤੋਂ ਆਏ ਭਾਈ ਪ੍ਰਦੀਪ ਸਿੰਘ-ਬੀਬਾ ਪ੍ਰਭਜੋਤ ਕੌਰ (ਵਿਜੇਤਾ, ਗਾਵਹੁ ਸਚੀ ਬਾਣੀ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਰਾਗਾਤਮਕ ਕੀਰਤਨ ਕੀਤਾ।
ਇਸ ਤੋਂ ਇਲਾਵਾ ਰਾਗ ਬਸੰਤ ਅਤੇ ਬਿਲਾਵਲ ਵਿਚ ਗੁਰਮਤਿ ਸੰਗੀਤ ਵਿਭਾਗ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ। ਸਮਾਗਮ ਵਿੱਚ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵਲੋਂ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ ਗਈ। ਉਤਸਵ ਦੌਰਾਨ ਵਾਈਸ-ਚਾਂਸਲਰ, ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਅਤੇ ਉਤਸਵ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵਲੋਂ ਰਾਗੀ ਸਿੰਘਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਗੁਰਮਤਿ ਸੰਗੀਤ ਉਤਸਵ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਮੈਂਬਰਾਨ ਸਹਿਤ ਡਾ. ਮਲਕਿੰਦਰ ਕੌਰ, ਸ. ਦਲੀਪ ਸਿੰਘ ਉੱਪਲ, ਸ. ਰਵਿੰਦਰ ਸਿੰਘ, ਡਾ. ਪਰਮਜੀਤ ਸਿੰਘ, ਸ. ਨਿਸ਼ਾਨ ਸਿੰਘ ਕੈਨੇਡਾ, ਬਾਬਾ ਸੁਰਜੀਤ ਸਿੰਘ, ਸ. ਨਰਿੰਦਰ ਸਿੰਘ, ਸ. ਜਸਪਾਲ ਸਿੰਘ ਆਦਿ ਸ਼ਾਮਲ ਹੋਏ।

