ਪਟਿਆਲਾ

ਡਿਪਟੀ ਕਮਿਸ਼ਨਰ ਵੱਲੋਂ ਮਾਈਂਡ ਸਪਾਰਕ, ਮੇਰਾ ਬਚਪਨ, ਆਈ-ਐਸਪਾਇਰ ਤੇ ਡੀ.ਸੀ. ਡੈਸ਼ਬੋਰਡ ਦਾ ਜਾਇਜ਼ਾ

ਪੜ੍ਹਾਈ ‘ਚ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਅੱਗੇ ਲਿਆਉਣ ਤੇ ਭੀਖ ਮੰਗਣ ਵਾਲੇ ਬੱਚਿਆਂ ਦੀ ਛੁਪੀ ਪ੍ਰਤਿਭਾ ਨਿਖਾਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤਤਪਰ-ਸਾਕਸ਼ੀ ਸਾਹਨੀ

ਪਟਿਆਲਾ, 2 ਫਰਵਰੀ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕਰਦਿਆਂ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮਾਂ ਮਾਈਂਡ ਸਪਾਰਕ, ਮੇਰਾ ਬਚਪਨ, ਆਈ-ਐਸਪਾਇਰ ਤੇ ਡੀ.ਸੀ. ਡੈਸ਼ਬੋਰਡ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ‘ਚ ਅੱਗੇ ਵੱਧਣ ਲਈ ਮੌਕੇ ਪ੍ਰਦਾਨ ਕਰਨ ਲਈ ਤਤਪਰ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ 66 ਸਕੂਲਾਂ ‘ਚ ਮਾਈਂਡ ਸਪਾਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਦਕਿ 33 ਸਕੂਲਾਂ ‘ਚ ਇਹ ਲਾਈਵ ਹੋ ਗਿਆ ਹੈ ਅਤੇ ਬਾਕੀ ਥਾਵਾਂ ‘ਤੇ ਵਿਦਿਆਰਥੀਆਂ ਦੀ ਆਈ.ਡੀਜ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਜਰੀਏ ਆਪਣੇ ਸਹਿਪਾਠੀਆਂ ਤੋਂ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਆਡੀਓ-ਵਿਜ਼ਿਉਲ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਹੈ, ਜਿਸ ਦੇ ਬਹੁਤ ਚੰਗੇ ਨਤੀਜੇ ਆ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਰਾ ਬਚਪਨ ਪ੍ਰਾਜੈਕਟ ਤਹਿਤ ਭੀਖ ਮੰਗਣ ਵਾਲੇ ਬੱਚਿਆਂ ਨੂੰ ਪੜ੍ਹਾਈ ਵੱਲ ਲਗਾਉਣ ਤਹਿਤ ਇਸ ਵੇਲੇ 27 ਬੱਚੇ ਸਕੂਲ ਆਨ ਵੀਲ੍ਹ ਦੇ ਬੱਸ ਸਕੂਲ ‘ਚ ਪੜ੍ਹ ਰਹੇ ਹਨ। ਹੁਣ ਇਨ੍ਹਾਂ ਬੱਚਿਆਂ ਦੀ ਛੁਪੀ ਪ੍ਰਤਿਭਾ ਉਭਾਰਨ ਲਈ ਉਨ੍ਹਾਂ ਦੇ ਟੇਲੈਂਟ ਮੁਤਾਬਕ ਖੇਡਾਂ, ਸੰਗੀਤ, ਡਰਾਇੰਗ ਜਾਂ ਹੋਰਨਾਂ ਖੇਤਰਾਂ ‘ਚ ਅੱਗੇ ਵੱਧਣ ਦਾ ਮੌਕਾ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਮਾਈਂਡਸਪਾਰਕ ਪ੍ਰਾਜੈਕਟ ਦੇ ਸੀਨੀਅਰ ਮੈਨੇਜਰ ਰੋਹਨ ਐਸ. ਕਾਟੇਪਾਲੇਵਰ ਤੇ ਯੁਧਵੀਰ ਸਿੰਘ ਨੇ ਮਾਈਂਡ ਸਪਾਰਕ ਪ੍ਰਾਜੈਕਟ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਜਦੋਂਕਿ ਮੇਰਾ ਬਚਪਨ ਦੇ ਵਲੰਟੀਅਰ ਚਾਰੂ ਗਰਗ ਤੇ ਗੁਰਦੀਪ ਸਿੰਘ ਨੇ ਸਕੂਲ ਆਨ ਵੀਲ੍ਹ ਦੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਡੀ.ਡੀ.ਐਫ. ਪ੍ਰਿਆ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਪ੍ਰੇਮ ਕੁਮਾਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ, ਡਾ. ਰਵਿੰਦਰਪਾਲ ਸਿੰਘ, ਈ ਗਵਰਨੈਂਸ ਜ਼ਿਲ੍ਹਾ ਕੋਆਰਡੀਨੇਟਰ ਰੋਬਿਨ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *