ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਨੇ ਪਿੰਡ ਅਤੇ ਸ਼ਹਿਰ: ਬਨਾਮ ਦੀ ਸਿਆਸਤ ਵਿਸ਼ੇ ‘ਤੇ ਕੀਤਾ ਵਿਸ਼ੇਸ਼ ਭਾਸ਼ਣ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ ਲੜੀ ਦੇ ਅੰਤਰਗਤ ਅੱਜ ਅੱਠਵਾਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪਿੰਡ ਅਤੇ ਸ਼ਹਿਰ: ਬਨਾਮ ਦੀ ਸਿਆਸਤ ਵਿਸ਼ੇ ਉੱਪਰ ਵਿਸ਼ੇਸ਼ ਭਾਸ਼ਣ ਦੇਣ ਲਈ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉੱਘੇ ਸਮਾਜ ਸ਼ਾਸਤਰੀ ਪ੍ਰੋਫੈਸਰ ਜੋਧਕਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਸਮਾਜ-ਸ਼ਾਸਤਰ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰੋਫੈਸਰ ਗੁਰਮੁਖ ਸਿੰਘ ਮੁਖੀ,ਪੰਜਾਬੀ ਵਿਭਾਗ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਡਾ. ਬਲਕਾਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਤੁਆਰਫ਼ ਕਰਵਾਇਆ। ਵਿਸ਼ੇਸ਼ ਭਾਸ਼ਣ ਦੇਣ ਆਏ ਪ੍ਰੋਫੈਸਰ ਜੋਧਕਾ ਦੇ ਮਿਸਾਲੀ ਖੋਜ ਕਾਰਜਾਂ ਸੰਬੰਧੀ ਗੱਲ ਕਰਦਿਆਂ ਉ ਕਿਹਾ ਕਿ ਉਹ ਪਿੰਡ ਸ਼ਹਿਰ ਬਾਰੇ ਬਣੀ ਸਮਝ ਨੂੰ ਨਵੇਂ ਅਤੇ ਹਕੀਕੀ ਤਰੀਕੇ ਨਾਲ ਵੇਖਦੇ ਸਮਝਦੇ ਹਨ। ਉਨ੍ਹਾਂ ਦੀ ਖੋਜ ਦੇ ਮਹੱਤਵ ਅਤੇ ਆਦਰ ਵਜੋਂ ਕਈ ਵਕਾਰੀ ਮਾਣ-ਸਨਮਾਨ ਪ੍ਰੋਫੈਸਰ ਜੋਧਕਾ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦੇ ਚਿੰਤਕਾਂ ‘ਚ ਸ਼ੁਮਾਰ ਰੱਖਣ ਵਾਲੇ ਪ੍ਰੋਫੈਸਰ ਜੋਧਕਾ ਦਾ ਸਮਾਜ-ਸ਼ਾਸਤਰ ਦੇ ਖੇਤਰ ਵਿੱਚ ਕੰਮ ਵੱਡੇ ਮੁਕਾਮ ਅਤੇ ਵਿਲੱਖਣ ਪਹੁੰਚ ਵਾਲਾ ਹੈ।
ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਨੇ ਪਿੰਡ ਅਤੇ ਸ਼ਹਿਰ: ਬਨਾਮ ਦੀ ਸਿਆਸਤ ਵਿਸ਼ੇ ‘ਤੇ ਆਪਣਾ ਵਿਸ਼ੇਸ਼ ਭਾਸ਼ਣ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਧਿਐਨ ਦਾ ਘੇਰਾ ਭਾਰਤ ਦੇ ਪਿੰਡਾਂ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਆਧਾਰਿਤ ਹੈ। ਉਹ ਪਿੰਡਾਂ ਵਿੱਚ ਜਾ ਕੇ ਵਿਹਾਰਕ ਅਧਿਐਨ ਕਰਦੇ ਹਨ। ਭਾਰਤ ਵਿੱਚ ਹੋਣ-ਵਾਪਰਨ ਵਿੱਚ ਪਿੰਡ ਕਿੱਥੇ ਖੜਾ ਹੈ, ਸਮਾਜ ਵਿੱਚ ਪਿੰਡ ਦੀ, ਪੰਜਾਬੀ ਕਿਸਾਨੀ ਦੀ ਭੂਮਿਕਾ ਦਾ ਵਿਹਾਰਕ ਵਿਸ਼ਲੇਸ਼ਣ ਉਨ੍ਹਾਂ ਦੇ ਅਧਿਐਨ ਵਿੱਚ ਸ਼ਾਮਿਲ ਹੈ। ਦਿੱਲੀ ਵਿਖੇ ਹੋਏ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਉਨ੍ਹਾਂ ਨੇ ਮੁੱਖ ਧਾਰਾ ਦੇ ਮੀਡੀਆ ਦੁਆਰਾ ਕਿਸਾਨੀ ਅੰਦੋਲਨ ਨੂੰ ਨਕਾਰ ਕੇ ਦੇਖਣ ਦੀ ਗੱਲ ਕਹੀ। ਜਦੋਂ ਕਿ ਕਿਸਾਨ ਅੰਦੋਲਨ ਵੇਲੇ ਕਿਸਾਨ ਦੀ ਚੇਤਨਾ ਦਾ ਪੱਧਰ ਗਲੋਬਲੀ ਪਹੁੰਚ ਵਾਲਾ ਸੀ। ਯੂਰਪੀ ਸਾਮਰਾਜਵਾਦ ਆਧਾਰਿਤ ਪਹੁੰਚ ਅਨੁਸਾਰ ਭਾਰਤ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਿੰਡਾਂ ਦਾ ਦੇਸ਼ ਹੈ ਜੋ ਕਿ ਖੜੋਤ ਵਾਲਾ ਹੈ। ਇਸ ਦੇ ਪ੍ਰਭਾਵ ਵਜੋਂ ਸੋਚਿਆ ਜਾਣਾ ਸ਼ੁਰੂ ਹੁੰਦਾ ਹੈ ਕਿ ਸ਼ਹਿਰ ਪਿੰਡ ਨਾਲੋਂ ਵੱਖਰਾ ਹੈ ਤਾਂ ਜੋ ਸ਼ਹਿਰ ਨੂੰ ਵਿਕਾਸ ਦੇ ਸਨਮੁਖ ਸਿੱਧ ਕੀਤਾ ਜਾ ਸਕੇ। ਪੱਛਮੀ ਮੁਲਕਾਂ ਵਿੱਚ ਸ਼ਹਿਰੀਕਰਨ ਦੀ ਦੌੜ ਵਧੇਰੇ ਹੈ। ਸਾਡੇ ਦੇਸ਼ ਵਿੱਚ ਸ਼ਹਿਰੀ ਆਬਾਦੀ ਵਧ ਰਹੀ ਹੈ ਪਰ ਪਿੰਡਾਂ ਦੀ ਆਬਾਦੀ ਕਦੇ ਨਹੀਂ ਘਟੀ। ਸ਼ਹਿਰ ਨੂੰ ਵਧੇਰੇ ਅਗਾਂਹ ਵਧੂ ਅਤੇ ਪਿੰਡ ਨੂੰ ਪਿਛਾਂਹ ਖਿਚੂ ਸਿੱਧ ਕਰਨ ਦੀ ਇੱਕ ਖਾਸ ਰਾਜਨੀਤੀ ਹੈ। ਰਾਜਨੀਤੀ ਨਾਲ ਵਾਬਸਤਾ ਵਿਅਕਤੀਆਂ ਵੱਲੋਂ ਇਸ ਦੁਫੇੜ ਨੂੰ ਜਾਂ ਅਜਿਹੇ ਹੋਰ ਵੰਡ-ਵਖਰੇਵਿਆਂ ਨੂੰ ਆਪਣੇ ਖਾਸ ਰਾਜਨੀਤਿਕ ਉਦੇਸ਼ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਲੋਕ ਮਨਾਂ ਵਿੱਚ ਪਿੰਡ ਅਤੇ ਸ਼ਹਿਰ ਸੰਬੰਧੀ ਚੰਗੇ-ਮਾੜੇ, ਉੱਚੇ-ਨੀਵੇਂ ਦਾ ਇਹ ਬਿਰਤਾਂਤ ਪੱਕਾ ਕਰ ਦਿੱਤਾ ਜਾਂਦਾ ਹੈ। ਲੋਕ ਇਸ ਵੰਡ ਮੁਤਾਬਕ ਹੀ ਸੋਚਣ ਲੱਗ ਜਾਂਦੇ ਹਨ ਪਰ ਅਸਲੀਅਤ ਵਿੱਚ ਇਹ ਥੋਪਿਆ ਹੋਇਆ ਸੱਚ ਹੈ। ਸਾਨੂੰ ਇਸ ਸੱਚ ਨੂੰ ਮੁੜ-ਮੁੜ ਵੇਖਣ ਦੀ ਲੋੜ ਹੈ ਤਾਂ ਹੀ ਅਸੀਂ ਪਿੰਡ ਅਤੇ ਸ਼ਹਿਰ ਦੇ ਵਾਜਬ ਸਾਂਝੇ ਸੂਤਰ ਨਿਖਰਵੇਂ ਰੂਪ ‘ਚ ਵੇਖ ਸਮਝ ਸਕਦੇ ਹਾਂ। ਸ਼ਹਿਰੀ ਅਤੇ ਪੇਂਡੂ ਦਾ ਵਿਰੋਧੀ ਜੁੱਟ ਬੜਾ ਗੁੰਝਲਦਾਰ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦਾ ਯਥਾਰਥ ਬਹੁਤ ਗੁੰਝਲਦਾਰ ਹੈ। ਸ਼ਹਿਰ ਅਤੇ ਪਿੰਡ ਇਕੱਠੇ ਹੀ ਹੋਂਦਵਾਨ ਹੋਏ ਹਨ ਖੇਤੀ ਤੋਂ ਬਿਨਾਂ ਸ਼ਹਿਰ ਹੋ ਨਹੀਂ ਸਕਦਾ। ਖੇਤੀਬਾੜੀ ਦਾ ਸ਼ਹਿਰ ਨਾਲ ਸਿੱਧਾ ਰਿਸ਼ਤਾ ਹੈ। ਅਸੀਂ ਇਹਨਾਂ ਨੂੰ ਵੱਖ ਕਰਕੇ ਨਹੀਂ ਵੇਖ ਸਕਦੇ। ਸ਼ਹਿਰ ਦੀ ਕਲਪਨਾ ਸਾਡੀ ਬਹੁਤ ਪੁਰਾਣੀ ਹੈ। ਪਿੰਡ ਅਤੇ ਸ਼ਹਿਰ ਨੂੰ ਅਸੀਂ ਸਿੱਧੇ ਸਰਲ ਵਿਰੋਧ ਵਿੱਚ ਸਹੀ ਤਰੀਕੇ ਨਹੀਂ ਸਮਝ ਸਕਦੇ। ਕੰਮ ਦੇ ਵਿਕੇਂਦਰੀਕਰਨ ਨੇ ਵੀ ਪਿੰਡ ਅਤੇ ਸ਼ਹਿਰ ਬਾਰੇ ਨਵੇਂ ਪ੍ਰਭਾਵ ਬਣਾਉਣੇ ਸ਼ੁਰੂ ਕੀਤੇ ਹਨ।
ਪ੍ਰੋਫੈਸਰ ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨ ਸਲਾਹੁਣ ਯੋਗ ਹਨ। ਆਰਥਿਕ ਵਿਕਾਸ ਦਾ ਮਾਡਲ ਤੈਅ ਕਰਦਾ ਹੈ ਕਿ ਲੋਕ ਕਿੱਥੇ ਰਹਿਣਗੇ। ਸ਼ਹਿਰੀ ਜੀਵਨ ਵੱਲ ਨੂੰ ਝੁਕਾਅ ਦਾ ਕਰਨ ਕੁਝ ਮੁੱਢਲੀਆਂ ਸਹੂਲਤਾਂ ਦੇ ਬੁਨਿਆਦੀ ਢਾਂਚਾਗਤ ਵਖਰੇਵੇਂ ਵੀ ਬਣਦੇ ਹਨ। ਪਿੰਡ ਨੂੰ ਆਰਥਿਕ ਜਾਂ ਹੋਰ ਸਹੂਲਤਾਂ ਦਾ ਕੇਂਦਰ ਮੰਨ/ਬਣਾ ਕੇ ਕੰਮ ਕਰਨ ਦੀ ਲੋੜ ਹੈ। ਪੰਜਾਬ ਦਾ ਹੁਣ ਦੇ ਸਮਿਆਂ ਦਾ ਅਖੌਤੀ ਸ਼ਹਿਰੀਕਰਨ ਤਬਾਹੀ ਵੱਲ ਨੂੰ ਵਧ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਮਾਜ-ਸ਼ਾਸਤਰੀ ਪ੍ਰੋਫੈਸਰ ਬਰਿੰਦਰਪਾਲ ਸਿੰਘ ਨੇ ਕਿਹਾ ਕਿ ਸੰਕਲਪ ਅਤੇ ਸੱਚਾਈ ਵਿੱਚ ਅੰਤਰ ਹੁੰਦਾ ਹੈ। ਪਿੰਡ ਦੇ ਅਰਥ ਨਕਾਰਾਤਮਕ ਧਾਰਨਾ ਵਜੋਂ ਲਏ ਜਾਂਦੇ ਹਨ। ਭਾਵ ਕਿ ਜਿਸ ਕੋਲ ਸ਼ਹਿਰ ਵਾਲਾ ਸਭ ਕੁਝ ਨਹੀਂ ਹੈ ਉਹ ਪਿੰਡ ਹੈ। ਪਰ ਪਿੰਡ ਅਤੇ ਸ਼ਹਿਰ ਵਿੱਚ ਦੋਵਾਂ ਵਿੱਚ ਹੀ ਚੰਗੇ ਅਤੇ ਮਾੜੇ ਪੱਖ ਹਮੇਸ਼ਾ ਤੋਂ ਹਨ। ਨਵੇਂ ਗਿਆਨ ਦੀ ਸੋਚਣੀ ਯੂਰਪੀ ਮਾਡਲ ਆਧਾਰਿਤ ਹੈ ਇਸ ਲਈ ਉਸ ਤੋਂ ਮੁਕਤ ਹੋ ਕੇ ਸੋਚ ਬਣਾ ਸਕਣੀ ਕਠਿਨ ਸਾਬਤ ਹੋ ਰਹੀ ਹੈ। ਅਜਿਹੇ ‘ਚ ਬੰਦੇ ਦੀ ਅਜ਼ਾਦ ਖਿਆਲੀ ਬੜੀ ਮੁਸ਼ਕਿਲ ਸਾਬਤ ਹੋ ਰਹੀ ਹੈ। ਸਾਡੇ ਸਮਿਆਂ ਵਿੱਚ ਅਲੋਚਨਾਤਮਕ ਢੰਗ ਨਾਲ ਸੋਚਣ ਦੀ ਪ੍ਰਕਿਰਿਆ ਸੰਕਟ ਵਿੱਚ ਹੈ। ਪ੍ਰੋਫੈਸਰ ਰਾਜੇਸ਼ ਕੁਮਾਰ ਸ਼ਰਮਾ, ਅੰਗਰੇਜ਼ੀ ਵਿਭਾਗ ਨੇ ਆਏ ਮਹਿਮਾਨਾਂ ਦਾ ਰਸਮੀ ਧੰਨਵਾਦ ਕਰਦਿਆਂ ਕਿਹਾ ਕਿ ਅਕਾਦਮਿਕ ਪਰਵਚਨ ਦੀ ਆਪਣੀ ਚੌਧਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋਧਕਾ ਜੀ ਨੇ ਪਿੰਡ ਅਤੇ ਸ਼ਹਿਰ ਦੀਆਂ ਬਣੀਆਂ ਬਣਾਈਆਂ ਮਿਥਾਂ ਨੂੰ ਤੋੜਿਆ ਹੈ। ਸਵਾਲਾਂ ਚੋਂ ਸਵਾਲ ਹੀ ਨਿਕਲਦੇ ਹਨ ਜਵਾਬ ਨਹੀਂ ਨਿਕਲਦੇ। ਉਨ੍ਹਾਂ ਨੇ ਕਿਹਾ ਕਿ ਅਲੋਚਨਾਤਮਕ ਢੰਗ ਨਾਲ ਸੋਚਣਾ ਸਾਡੇ ਹੋਣ ਜਿੰਨਾ ਹੀ ਜਰੂਰੀ ਹੈ। ਮੰਚ ਸੰਯੋਜਕ ਦੀ ਭੂਮਿਕਾ ਨਿਭਾਉਂਦਿਆਂ ਪ੍ਰੋਫੈਸਰ ਸੁਰਜੀਤ ਸਿੰਘ, ਮੁਖੀ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਕਈ ਵਾਰ ਸਾਡੀਆਂ ਪੱਕੀਆਂ, ਸਥਾਪਿਤ ਕੀਤੀਆਂ ਤੈਅ-ਸ਼ੁਦਾ ਮਾਨਤਾਵਾਂ ਸਾਡੇ ਖੜੇ ਕੀਤੇ ਭੁਲੇਖੇ ਦੇ ਆਧਾਰ ਉੱਪਰ ਟਿਕੀਆਂ ਹੁੰਦੀਆਂ ਹਨ। ਪੰਜਾਬੀ ਵਿਭਾਗ ਦੀ ਖੋਜਾਰਥੀ ਸਰਬਜੀਤ ਕੌਰ ਅਤੇ ਹੋਰ ਖੋਜਾਰਥੀਆਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਪ੍ਰੋਫੈਸਰ ਜੋਧਕਾ ਨੇ ਬੜੇ ਤਹੱਮਲ ਨਾਲ ਦਿੱਤੇ। ਇਸ ਮੌਕੇ ਵੱਡੀ ਗਿਣਤੀ ਵਿਚ ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਸਨ।

