ਗੁਰਮਤਿ ਸੰਗੀਤ ਚੇਅਰ ਵੱਲੋਂ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ ਕਰਵਾਇਆ ਗਿਆ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ ਗੁਰਮਤਿ ਸੰਗੀਤ ਭਵਨ ਵਿਖੇ ਭਾਈ ਜੁਵਾਲਾ ਸਿੰਘ ਜੀ ਰਾਗੀ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ। ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਭਾਈ ਮਨੋਹਰ ਸਿੰਘ, ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ-ਦਿੱਲੀ, ਭਾਈ ਗੁਰਜੀਤ ਸਿੰਘ-ਚੰਡੀਗੜ੍ਹ, ਬੀਬੀ ਰਵਿੰਦਰ ਕੌਰ-ਪਟਿਆਲਾ ਅਤੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਰਾਗਾਤਮਕ ਕੀਰਤਨ ਕੀਤਾ।
ਉਪਰੰਤ ਸਾਬਕਾ ਲੈਫ਼. ਜਨਰਲ ਸ. ਜਤਿੰਦਰ ਸਿੰਘ ਸਾਹਨੀ ਨੇ ਬੀਬੀ ਜਸਬੀਰ ਕੌਰ ਖ਼ਾਲਸਾ ਦੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵਲੋਂ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਗਈ। ਸਮਾਰੋਹ ਦੌਰਾਨ ਵਾਈਸ-ਚਾਂਸਲਰ, ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਅਤੇ ਉਤਸਵ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਸਿਮ੍ਰਤੀ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਮੈਂਬਰਾਨ ਸਹਿਤ ਡਾ. ਮਲਕਿੰਦਰ ਕੌਰ, ਡਾ. ਨਿਵੇਦਿਤਾ ਸਿੰਘ, ਡਾ. ਪਰਮੀਤ ਕੌਰ, ਸ. ਦਲੀਪ ਸਿੰਘ ਉੱਪਲ, ਡਾ. ਗੁੰਜਨਜੋਤ ਕੌਰ, ਪ੍ਰਿੰ. ਬਲਬੀਰ ਕੌਰ, ਬੀਬੀ ਹਰਜੀਤ ਕੌਰ, ਡਾ. ਪਰਮਜੀਤ ਸਿੰਘ, ਡਾ. ਕੁਲਵਿੰਦਰ ਸਿੰਘ, ਸ. ਜਸਪਾਲ ਸਿੰਘ, ਸ. ਰਵਿੰਦਰ ਸਿੰਘ ਆਦਿ ਅਤੇ ਵਿਸ਼ੇਸ਼ ਰੂਪ ਵਿਚ ਸੰਗੀਤ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਨ੍ਰਿਤ ਵਿਭਾਗ ਦੇ ਵਿਦਿਆਰਥੀ ਸ਼ਾਮਲ ਹੋਏ।

