ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਨੇ 45ਵਾਂ ਸਾਲਾਨਾ ਖੇਡ ਅਤੇ ਅਕਾਦਮਿਕ ਇਨਾਮ ਵੰਡ ਸਮਾਗਮ ਕਰਵਾਇਆ
ਪੰਜਾਬੀ ਯੂਨੀਵਰਸਿਟੀ ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵੱਲੋਂ 45ਵਾਂ ਸਾਲਾਨਾ ਖੇਡ ਅਤੇ ਅਕਾਦਮਿਕ ਇਨਾਮ ਵੰਡ ਸਮਾਗਮ ਸਕੂਲ ਕੈਂਪਸ ਵਿਖੇ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਕੁਮਾਰ ਤਿਵਾੜੀ ਨੇ ਕੀਤਾ ਜਦੋਂ ਕਿ ਵਾਈਸ ਚਾਂਸਲਰ ਪ੍ਰੋ.ਅਰਵਿੰਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਕੂਲ ਇੰਚਾਰਜ ਪ੍ਰੋ. ਬਾਲ ਕ੍ਰਿਸ਼ਨ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਖੇਡ ਸਮਾਗਮ ਵਿੱਚ 88 ਫੀਲਡ ਅਤੇ ਟਰੈਕ ਈਵੈਂਟ ਕਰਵਾਏ ਗਏ, ਜਿਨ੍ਹਾਂ ਵਿੱਚ ਲਗਭਗ 520 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਇੰਚਾਰਜ ਵੱਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਸ ਪੀ.ਟੀ. ਅਤੇ ਭੰਗੜੇ ਦੀ ਵੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਅਕਾਦਮਿਕ, ਜਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਉੱਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਸਕੂਲ ਨੂੰ ਪੂਰੇ ਸੂਬੇ ਲਈ ਇੱਕ ਨਮੂਨਾ-ਸਕੂਲ ਵਜੋਂ ਵੇਖਣਾ ਲੋਚਦੇ ਹਨ। ਇਸ ਮੌਕੇ ਸ੍ਰੀਮਤੀ-ਵਾਈਸ ਚਾਂਸਲਰ ਡਾ. ਕਵਿਤਾ ਦੋਰਾਏ (ਪ੍ਰੋਫ਼ੈਸਰ, ਆਇਸਰ, ਮੋਹਾਲੀ), ਰਜਿਸਟਰਾਰ ਡਾ. ਨਵਜੋਤ ਕੌਰ, ਡੀਨ ਕਾਲਿਜ ਡਾ. ਗੁਰਪ੍ਰੀਤ ਸਿੰਘ ਲਹਿਲ, ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਸਮੇਤ ਯੂਨੀਵਰਸਿਟੀ ਦੀਆਂ ਹੋਰ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਮਹਿਕਪਾਲ ਕੌਰ ਕੁੜੀਆਂ ਵਿੱਚੋਂ ਅਤੇ ਗੁਰਿੰਦਰ ਸਿੰਘ ਮੁੰਡਿਆਂ ਵਿੱਚੋਂ ਬੈਸਟ ਐਥਲੀਟ ਐਲਾਨੇ ਗਏ। ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ਲੈਕਚਰਾਰ ਪਲਵਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

