ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵੱਲੋਂ ਅੱਜ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਵਰ੍ਹੇਗੰਢ ਦੇ ਵਿਸ਼ੇਸ਼ ਮੌਕੇ ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ। ਸਿੱਖਾਂ ਵੱਲੋਂ ਸਮੇਂ-ਸਮੇਂ ਜ਼ੁਲਮ ਦਾ ਟਾਕਰਾ ਕਰਨ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਗਈਆਂ। ਸਾਕਾ ਸ੍ਰੀ ਨਨਕਾਣਾ ਸਾਹਿਬ ਬਾਰੇ ਉਨ੍ਹਾਂ ਕਿਹਾ ਕਿ ਅੰਗਰੇਜ਼ ਸਰਕਾਰ ਅਧੀਨ ਮਹੰਤਾਂ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਅਨੇਕਾਂ ਮਨਮਤੀਆ ਕੀਤੀਆਂ ਜਾ ਰਹੀਆਂ ਸਨ। ਜਿਸ ਨੂੰ ਰੋਕਣ ਹਿੱਤ ਪੰਥ ਵੱਲੋਂ ਅਨੇਕਾਂ ਯਤਨ ਆਰੰਭੇ ਗਏ ਜਿਸ ਦੀ ਬਦੌਲਤ ਜਿੱਥੇ ਗੁਰਦੁਆਰਿਆਂ ਦਾ ਪ੍ਰਬੰਧ ਖ਼ਾਲਸਾ ਪੰਥ ਨੇ ਆਪਣੇ ਹੱਥਾਂ ਵਿਚ ਲਿਆ। ਉੱਥੇ ਗੁਰਦਵਾਰਿਆਂ ਨੂੰ ਮਹੰਤਾਂ ਤੋਂ ਖ਼ਾਲੀ ਕਰਵਾ ਕੇ ਗੁਰਮਤਿ ਦੀ ਮਰਿਆਦਾ ਨੂੰ ਵੀ ਬਹਾਲ ਕੀਤਾ।
ਡਾ. ਗੁਰਵੀਰ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਨੇ ਇਸ ਮੌਕੇ ਮੁੱਖ ਵਕਤਾ ਵਜੋਂ ਸ਼ਿਰਕਤ ਕਰਦੇ ਹੋਏ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਪੰਥ ਦੀਆਂ ਮਹਾਨ ਘਟਨਾਵਾਂ ਵਿੱਚ ਆਪਣਾ ਸਥਾਨ ਰੱਖਦਾ ਹੈ। ਇਸ ਘਟਨਾ ਨੇ ਸਿੱਖ ਪੰਥ ਨੂੰ ਇਕ ਨਵਾਂ ਮੋੜ ਦਿੱਤਾ। ਇਸ ਸਾਕੇ ਵਿਚ ਸ. ਲਛਮਣ ਸਿੰਘ ਧਾਰੋਵਾਲ ਅਤੇ ਉਹਨਾਂ ਦੇ ਜਥੇ ਵੱਲੋਂ ਅੰਗਰੇਜ਼ਾਂ ਦੇ ਪਿੱਠੂ ਨਰਾਇਣੂ ਮਹੰਤ ਦੇ ਕਬਜ਼ੇ ਤੋਂ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਆਪਣੀਆਂ ਸ਼ਹਾਦਤਾਂ ਦੇ ਕੇ ਆਜ਼ਾਦ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਸਾਨੂੰ ਯਾਦ ਦਵਾਉਂਦਾ ਹੈ ਕਿ ਅਸੀਂ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਬਾਬਤ ਹਮੇਸ਼ਾਂ ਸੁਚੇਤ ਰਹੀਏ। ਇਸ ਮੌਕੇ ਮੰਚ ਦਾ ਸੰਚਾਲਨ ਡਾ. ਦਵਿੰਦਰ ਸਿੰਘ ਵੱਲੋਂ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਕੰਟਰੋਲਰ ਪ੍ਰੀਖਿਆਵਾਂ ਡਾ. ਰਵਿੰਦਰਜੀਤ ਸਿੰਘ, ਡਾ. ਜਗਜੀਤ ਸਿੰਘ ਪ੍ਰੋ. ਹਰਮਨਪ੍ਰੀਤ ਸਿੰਘ ਪ੍ਰੋ. ਕਮਲਪ੍ਰੀਤ ਸਿੰਘ ਅਤੇ ਵਿਦਿਆਰਥੀ ਹਾਜਰ ਸਨ। ਇਹ ਵੀ ਵਰਨਣਯੋਗ ਹੈ ਕਿ ਇਸ ਪ੍ਰੋਗਰਾਮ ਦਾ ਪ੍ਰਸਾਰਨ ਖ਼ਾਲਸਾ ਕਾਲਜ ਪਟਿਆਲਾ ਦੇ ਫੇਸਬੁੱਕ ਪੇਜ ’ਤੇ ਲਾਈਵ ਟੈਲੀਕਾਸਟ ਕੀਤਾ ਗਿਆ।

