ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਆਨਲਾਈਨ ਲੈਕਚਰ ਵਿੱਚ ਲਿਆ ਭਾਗ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਦੇ ਅੰਗਰੇਜ਼ੀ, ਸੱਭਿਆਚਾਰਕ ਅਧਿਐਨ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਪੋਸਟ – ਗਰੈਜ਼ੂਏਟ ਵਿਭਾਗ ਦੇ ਵਿਦਿਆਰਥੀਆਂ ਨੇ ਆਨਲਾਈਨ ਨੈਸ਼ਨਲ ਲੈਕਚਰ ਸੀਰੀਜ਼-’ਵਰਡਸ ਅਨਲਿਮਟਿਡ’ ਦੇ ਤਹਿਤ ਤੀਜੇ ਲੈਕਚਰ ਵਿੱਚ ਭਾਗ ਲਿਆ। ਇਹ ਲੈਕਚਰ ਡਾ. ਸਨੇਹਾ ਸੁਰੇਸ਼, ਅਸਿਸਟੈਂਟ ਪ੍ਰੋਫ਼ੈਸਰ, ਅੰਗਰੇਜ਼ੀ ਵਿਭਾਗ, ਕਿ੍ਰਸਤੂ ਜੈਅੰਤੀ ਕਾਲਜ (ਆਟੋਨੋਮਸ), ਬੈਂਗਲੁਰੂ, ਕਰਨਾਟਕ ਦੁਆਰਾ ‘ਕੁਲਿਨਰੀ ਐਕਸਪਲੋਰੇਸ਼ਨ: ਫੂਡ ਐਂਡ ਦਿ ਲਿਟਰੇਰੀ ਇਮੇਜੀਨੇਸ਼ਨ’ ਸਿਰਲੇਖ ਅਧੀਨ ਦਿੱਤਾ ਗਿਆ। ਲੈਕਚਰ ਵਿੱਚ ਕਾਲਜ ਦੇ ਵੱਖ-ਵੱਖ ਸਟਰੀਮ ਦੇ ਵਿਦਿਆਰਥੀਆਂ ਨੇ ਨਾਲ ਭਾਗ ਲਿਆ।
ਡਾ. ਸਨੇਹਾ ਸੁਰੇਸ਼ ਨੇ ਸਮਕਾਲੀ ਸੱਭਿਆਚਾਰ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਮਾਧਿਅਮ ਵਜੋਂ ਭੋਜਨ ਦੀ ਸ਼ਕਤੀ ’ਤੇ ਆਪਣਾ ਲੈਕਚਰ ਪੇਸ਼ ਕੀਤਾ ਜਿਸ ਨੂੰ ਵੱਖ-ਵੱਖ ਮਾਨਵ-ਵਿਗਿਆਨੀਆਂ, ਇਤਿਹਾਸਕਾਰਾਂ, ਸਾਹਿਤਕ ਆਲੋਚਕਾਂ, ਸਮਾਜ ਸ਼ਾਸਤਰੀਆਂ, ਫ਼ਿਲਮਸਾਜ਼ਾਂ ਅਤੇ ਮਨੋਵਿਗਿਆਨੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਲੌਡ ਲੇਵੀ-ਸਟਰਾਸ, ਮਾਰਗਰੇਟ ਮੀਡ ਅਤੇ ਰੋਲੈਂਡ ਬਾਰਥਸ ਵਰਗੇ ਸੱਭਿਆਚਾਰਕ ਮਾਨਵ-ਵਿਗਿਆਨੀਆਂ ਅਤੇ ਆਲੋਚਕਾਂ ਦੀਆਂ ਸ਼ੁਰੂਆਤੀ ਲਿਖਤਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਜਿਨ੍ਹਾਂ ਨੇ ਭੋਜਨ ਅਤੇ ਪਕਵਾਨਾਂ ਨੂੰ ਮਨੁੱਖੀ ਸਮਾਜ ਅਤੇ ਸੱਭਿਆਚਾਰ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਸਥਾਪਿਤ ਕੀਤਾ।
ਖ਼ਾਲਸਾ ਕਾਲਜ, ਪਟਿਆਲਾ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਸਾਹਿਤ ਦੇ ਵਿਦਿਆਰਥੀਆਂ ਲਈ ਆਪਣੇ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਕਿਸਮਾਂ ਦੇ ਖਾਣਿਆਂ ਨੂੰ ਸਮਝ ਕੇ ਆਪਣੇ ਸੱਭਿਆਚਾਰ ਦੀ ਅਮੀਰੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ ਵਿਦਿਆਰਥੀਆਂ ਨੂੰ ਵਿਸ਼ਵ ਸਾਹਿਤ ਵਿੱਚ ਨਵੇਂ ਰੁਝਾਨਾਂ ਅਤੇ ਤਬਦੀਲੀਆਂ ਦੇ ਸਬੰਧ ਵਿੱਚ ਜਾਨਣ ਦੇ ਯੋਗ ਬਣਾਏਗਾ । ਪ੍ਰੋ. ਜਸਪ੍ਰੀਤ ਕੌਰ, ਡੀਨ ਭਾਸ਼ਾਵਾਂ ਨੇ ਡਾ. ਸਨੇਹਾ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵਿਦਿਆਰਥੀ ਅੰਗਰੇਜ਼ੀ ਸਾਹਿਤ ਨਾਲ ਜੁੜੀਆਂ ਖੋਜਾਂ ਨੂੰ ਅੱਗੇ ਵਧਾਉਣਗੇ।

