ਵਿਦਿਆਰਥੀਆਂ ਦੀ ਲੜਾਈ ਵਿੱਚ ਇੱਕ ਦੀ ਮੌਤ; ਯੂਨੀਵਰਸਿਟੀ ਵੱਲੋਂ ਦੁੱਖ ਦਾ ਇਜ਼ਹਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ (ਯੂਕੋ) ਵਿਖੇ ਹੋਈ ਲੜਾਈ ਦੌਰਾਨ ਜਖ਼ਮੀ ਹੋਏ ਇੱਕ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਤੋਂ ਮੁਖੀ ਪ੍ਰੋ. ਹਿਮਾਂਸ਼ੂ ਅੱਗਰਵਾਲ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨਾਭਾ ਵਸਨੀਕ ਨਵਜੋਤ ਸਿੰਘ ਨਾਮ ਦਾ ਪੀੜਿਤ ਵਿਦਿਆਰਥੀ ਯੂਕੋ ਵਿੱਚ ਬੀ.ਟੈਕ. ਦੇ ਛੇਵੇਂ ਸਮੈਸਟਰ ਦਾ ਡੇਅ-ਸਕੌਲਰ ਵਿਦਿਆਰਥੀ ਸੀ। ਉਹ ਚਾਕੂ ਦੇ ਹਮਲੇ ਨਾਲ਼ ਜਖ਼ਮੀ ਹੋਇਆ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਜਖ਼ਮੀ ਵਿਦਿਆਰਥੀ ਨੂੰ ਯੂਨੀਵਰਸਿਟੀ ਦੇ ਭਾਈ ਘਨੱਈਆ ਸਿਹਤ ਕੇਂਦਰ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰੀ ਟੀਮ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਲਈ ਰਵਾਨਾ ਕਰ ਦਿੱਤਾ। ਲੋੜੀਂਦੀ ਮੈਡੀਕਲ ਸਹਾਇਤਾ ਲਈ ਯੂਨੀਵਰਸਿਟੀ ਤੋਂ ਡਾਕਟਰੀ ਅਮਲਾ ਉਸ ਨਾਲ਼ ਭੇਜਿਆ ਗਿਆ। ਹਸਪਤਾਲ ਵਿੱਚ ਪਹੁੰਚਣ ਉੱਤੇ ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਹਾਲਤ ਬਾਰੇ ਮੁਆਇਨਾ ਕੀਤਾ ਗਿਆ ਪਰ ਪੀੜਿਤ ਨਵਜੋਤ ਸਿੰਘ ਆਪਣੇ ਜਖ਼ਮਾਂ ਨੂੰ ਨਾ ਸਹਾਰਦਾ ਹੋਇਆ ਦਮ ਤੋੜ ਗਿਆ।
ਯੂਨੀਵਰਸਿਟੀ ਤੋਂ ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਅਤੇ ਪ੍ਰੋ. ਹਿਮਾਂਸ਼ੂ ਅੱਗਰਵਾਲ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਹੁੰਚੇ ਜਿਨ੍ਹਾਂ ਵੱਲੋਂ ਉੱਥੇ ਪਹੁੰਚੇ ਮ੍ਰਿਤਕ ਦੇ ਪਰਿਵਾਰ ਨਾਲ ਨਾਲ਼ ਹਮਦਰਦੀ ਪ੍ਰਗਟਾਈ ਗਈ। ਉਨ੍ਹਾਂ ਨੇ ਮ੍ਰਿਤਕ ਦੇ ਮਾਤਾ-ਪਿਤਾ ਨਾਲ਼ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਫ਼ੋਨ ਰਾਹੀਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨਾਲ਼ ਗੱਲ ਕਰਵਾਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਘਟਨਾ ਨੂੰ ਅਤਿ-ਦੁਖਦਾਈ ਐਲਾਨਦਿਆਂ ਕਿਹਾ ਕਿ ਸਮੁੱਚੀ ਯੂਨੀਵਰਸਿਟੀ ਆਪਣੇ ਇਸ ਵਿਦਿਆਰਥੀ ਦੇ ਬੇਰਹਿਮੀ ਨਾਲ਼ ਹੋਏ ਕਤਲ ਉੱਤੇ ਅਫ਼ਸੋਸ ਜ਼ਾਹਿਰ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋੜੀਂਦੀ ਜਾਂਚ ਅਤੇ ਕਾਰਵਾਈ ਵਿੱਚ ਪੁਲਿਸ ਨੂੰ ਹਰ ਕਿਸਮ ਦਾ ਸਹਿਯੋਗ ਦਿੱਤਾ ਜਾਵੇਗਾ। ਭਾਈ ਘਨੱਈਆ ਸਿਹਤ ਕੇਂਦਰ ਤੋਂ ਮੁਖੀ ਡਾ. ਰੇਗੀਨਾ ਮੈਣੀ ਨੇ ਦੱਸਿਆ ਕਿ ਪੀੜਿਤ ਨੂੰ ਜਖ਼ਮੀ ਹਾਲਤ ਵਿੱਚ ਉਨ੍ਹਾਂ ਕੋਲ਼ ਲਿਆਂਦਾ ਗਿਆ ਸੀ ਜਿਸ ਦੀ ਹਾਲਤ ਬਹੁਤ ਨਾਜ਼ੁਕ ਸੀ। ਇਸ ਲਈ ਉਸ ਨੂੰ ਮੁੱਢਲੀ ਮੈਡੀਕਲ ਸਹਾਇਤਾ ਉਪਰੰਤ ਤੁਰੰਤ ਹੀ ਸਿਹਤ ਕੇਂਦਰ ਦੀ ਐਂਬੂਲੈਂਸ ਰਾਹੀਂ ਮੈਡੀਕਲ ਅਮਲੇ ਸਮੇਤ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਸੀ। ਜਿ਼ਕਰਯੋਗ ਹੈ ਕਿ ਯੂਨੀਵਰਸਿਟੀ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਫ਼ਤੀਸ਼ ਆਰੰਭ ਕਰ ਦਿੱਤੀ ਹੈ। ਯੂਨੀਵਰਸਿਟੀ ਵੱਲੋਂ ਇਸ ਤਫ਼ਤੀਸ਼ ਵਿੱਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਯੂਨੀਵਰਸਿਟੀ ਕੈਂਪਸ ਵਿਚਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥੀ ਦੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਹੀ ਹੈ ਜਿੱਥੇ ਪੋਸਟ ਮਾਰਟਮ ਉਪਰੰਤ ਇਹ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਣੀ ਹੈ।

