ਪੰਜਾਬੀ ਯੂਨੀਵਰਸਿਟੀ ਵਿੱਚ ਵਿਗਿਆਨ ਮੇਲਾ ਸ਼ੁਰੂ
ਵਿਗਿਆਨਕ ਪ੍ਰਦਰਸ਼ਨੀਆਂ ਸਮੇਤ ਪਹਿਲੇ ਦਿਨ ਦੀਆਂ ਵੱਖ-ਵੱਖ ਗਤੀਵਿਧੀਆਂ ਨੇ ਕੀਤਾ ਆਕ੍ਰਿਸ਼ਤ
ਪਲਾਸਟਿਕ ਦੇ ਖ਼ਾਤਮੇ ਅਤੇ ਖਾਣਯੋਗ ਪਦਾਰਥਾਂ ਦੇ ਬਗੀਚਿਆਂ ਦੇ ਨਿਰਮਾਣ ਲਈ ਕਰਵਾਈਆਂ ਗਈਆਂ ਵਰਕਸ਼ਾਪਾਂ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿੱਚ ਲਗਾਇਆ ਜਾ ਰਿਹਾ ਮੇਲਾ ਸ਼ੁਰੂ ਹੋ ਗਿਆ ਹੈ। ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮਹਿਕਮੇ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਸਾਇੰਸ ਆਡੀਟੋਰੀਅਮ ਵਿਖੇ ਲਗਾਈ ਗਈ ਵਰਕਸ਼ਾਪ ਵਿੱਚ ਸ਼ਾਮਿਲ ਹੋ ਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤਾ। ਪਲਾਸਟਿਕ ਦੇ ਖ਼ਾਤਮੇ ਲਈ ਪ੍ਰਬੰਧਨ ਸੰਬੰਧੀ ਇਸ ਵਰਕਸ਼ਾਪ ਵਿੱਚ ਆਪਣੇ ਉਦਘਾਟਨੀ ਸ਼ਬਦ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਅਜਿਹੇ ਕਦਮ ਉਠਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਧਰਤੀ ਤੋਂ ਇਲਾਵਾ ਸਮੁੰਦਰ ਦਾ ਇਲਾਕਾ ਵੀ ਪਲਾਸਟਿਕ ਨਾਲ਼ ਪ੍ਰਭਾਵਿਤ ਹੋ ਰਿਹਾ ਹੈ ਤਾਂ ਇਸ ਦੇ ਖ਼ਾਤਮੇ ਬਾਰੇ ਗੱਲ ਤੋਰਨ ਦੀ ਬਹੁਤ ਲੋੜ ਹੈ। ਵਿਗਿਆਨਕ ਮੇਲੇ ਇਸ ਮੰਤਵ ਲਈ ਢੁਕਵੀਂ ਥਾਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਉੱਥੇ ਦੂਜੇ ਪਾਸੇ ਪਲਾਸਿਟਕ ਨੂੰ ਪੈਦਾ ਕਰਨ ਵਾਲੇ ਵੱਖ-ਵੱਖ ਸਰੋਤਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਉੱਤੇ ਨੱਥ ਪਾਉਣੀ ਵੀ ਜ਼ਰੂਰੀ ਹੈ। ਇੱਕ ਹੋਰ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਵਿਗਿਆਨ ਕਦੇ ਵੀ ਨੁਕਸਾਨਦੇਹ ਨਹੀਂ ਹੁੰਦੀ। ਉਨ੍ਹਾਂ ਕਿਹਾ ਕ ਸਾਨੂੰ ਜਿ਼ੰਦਗੀ ਵਿੱਚ ਵਿਗਿਆਨਕ ਨਜ਼ਰੀਆ ਅਪਨਾਉਣਾ ਚਾਹੀਦਾ ਹੈ ਜਿਸ ਦਾ ਭਾਵ ਹੈ ਕਿ ਸਾਨੂੰ ਕੁਦਰਤ ਵੱਲੋਂ ਪ੍ਰਾਪਤ ਹੋਏ ਬਿਬੇਕ ਦੀ ਸੁਵਰਤੋਂ ਕਰਨ ਦੀ ਲੋੜ ਹੈ।
ਡਾ. ਬਲਵਿੰਦਰ ਸਿੰਘ ਸੂਚ, ਮੁਖੀ ਬਾਇਓਟੈਕਨਾਲੌਜੀ ਅਤੇ ਭੋਜਨ ਤਕਨਾਲੌਜੀ ਵਿਭਾਗ, ਜੋ ਇਸ ਮੇਲੇ ਦੇ ਕਨਵੀਨਰ ਹਨ, ਨੇ ਦੱਸਿਆ ਕਿ ਪਹਿਲੇ ਦਿਨ ਦੋ ਵਿਸਿ਼ਆਂ, ਜਿਨ੍ਹਾਂ ਵਿੱਚ ਕਿ ‘ਪਲਾਸਿਟਕ ਦੇ ਖ਼ਾਤਮੇ ਲਈ ਪ੍ਰਬੰਧਨ’ ਅਤੇ ‘ਖਾਣਯੋਗ ਪਦਾਰਥਾਂ ਦੇ ਬਗੀਚੇ ਦਾ ਨਿਰਮਾਣ’ ਸ਼ਾਮਿਲ ਸੀ ਉੱਤੇ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਮਾਹਿਰਾਂ ਵੱਲੋਂ ਇੱਥੇ ਹਾਜ਼ਰ ਵਿਦਿਆਰਥੀਆਂ ਨੂੰ ਵੱਖ-ਵੱਖ ਵਿਧੀਆਂ ਅਤੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪਹਿਲੇ ਦਿਨ ਦੌਰਾਨ ਵਿਦਿਆਰਥੀਆਂ ਲਈ ਕੁੱਝ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਬਾਰੇ ਗੱਲ ਕਰਦਿਆਂ ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵਿੱਚ ਪੋਸਟਰ-ਸਿਰਜਣਾ ਮੁਕਾਬਲਾ, ਡਿਬੇਟ, ਨਾਅਰ੍ਹਾ-ਲੇਖਣੀ (ਸਲੋਗਨ ਰਾਈਟਿੰਗ) ਮੁਕਾਬਲੇ ਸ਼ਾਮਿਲ ਸਨ। ਇਸ ਤੋਂ ਇਲਾਵਾ ਵਿਗਿਆਨ ਦੇ ਵਿਸ਼ੇ ਨਾਲ਼ ਕੁੱਝ ਫਿ਼ਲਮਾਂ ਵੀ ਪ੍ਰਦਰਸਿ਼ਤ ਕੀਤੀਆਂ ਗਈਆਂ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੀਆਂ ਵਿਗਿਆਨਕ ਮਹੱਤਵ ਵਾਲੀਆਂ ਵੱਖ-ਵੱਖ ਥਾਵਾਂ ਜਿਵੇਂ ਬੋਟੈਨੀਕਲ ਗਾਰਡਨ, ਹਰਬੇਰੀਅਮ, ਮਿਊਜ਼ੀਅਮ, ਆਬਜ਼ਰਵੇਟਰੀ ਦਾ ਦੌਰਾਨ ਵੀ ਕਰਵਾਇਆ ਗਿਆ। ਸਾਇੰਸ ਆਡੀਟੋਰੀਅਮ ਦੇ ਬਾਹਰ ਵਿਗਿਆਨਕ ਮਹੱਤਵ ਵਾਲੀਆਂ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਗਣਿਤ ਨੂੰ ਸਰਲ ਭਾਸ਼ਾ ਵਿੱਚ ਸਮਝਾਉਣ ਲਈ ਜਾਣੇ ਜਾਂਦੇ ਅਧਿਆਪਕ ਜਸਵਿੰਦਰ ਸਿੰਘ ਵੱਲੋਂ ਵੀ ਆਪਣੀ ਪ੍ਰਦਰਸ਼ਨੀ ਸਾਇੰਸ ਆਡੀਟੋਰੀਅਮ ਦੇ ਬਾਹਰ ਲਗਾਈ ਗਈ ਜਿੱਥੇ ਉਨ੍ਹਾਂ ਗਣਿਤ ਵਿੱਚ ਰੁਚੀ ਪੈਦਾ ਕਰਨ ਵਾਲੇ ਆਪਣੇ ਰੌਚਿਕ ਪ੍ਰਯੋਗਾਂ ਰਾਹੀਂ ਇੱਥੇ ਆਉਣ ਵਾਲਿਆਂ ਦਾ ਦਿਲ ਜਿੱਤਿਆ।

