ਵਰਲਡ ਯੂਨੀਵਰਸਿਟੀ ਦੇ ਡਾ. ਅਜੈ ਪਾਲ ਸਿੰਘ ਅਜ਼ੀਜ਼ ਵੱਲੋਂ ਗਾਇਆ ‘ਨਿਰਾ ਨੂਰ’ ਗੀਤ ਹੋਇਆ ਲੋਕ ਅਰਪਣ
ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਭਾਈ ਵੀਰ ਸਿੰਘ ਜੀ ਦੇ 150 ਸਾਲਾਂ ਜਨਮ ਸ਼ਤਾਬਦੀ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਨਾਲ ਸੰਬੰਧਿਤ ਸਹਾਇਕ ਪ੍ਰੋਫੈਸਰ ਡਾ. ਅਜੈ ਪਾਲ ਸਿੰਘ ਅਜ਼ੀਜ਼ ਦਾ ਗੀਤ ‘ਨਿਰਾ ਨੂਰ’ ਨੂੰ ਲੋਕ ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਗੀਤ ਭਾਈ ਵੀਰ ਸਿੰਘ ਦੀ ਰਚਨਾ ਕੰਬਦੀ ਕਲਾਈ ਵਿੱਚੋਂ ਲਿਆ ਗਿਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਆਖਿਆ ਕਿ ਭਾਈ ਵੀਰ ਸਿੰਘ ਦੇ ਸਾਹਿਤ ਦਾ ਅਧਿਐਨ ਅਤੇ ਗਾਇਨ ਉਨ੍ਹਾਂ ਨੂੰ ਯਾਦ ਕਰਨ ਦਾ ਸਭ ਤੋਂ ਸੋਹਣਾ ਢੰਗ ਹੈ। ਉਨ੍ਹਾਂ ਨੇ ਡਾ. ਅਜੈ ਪਾਲ ਸਿੰਘ ਦੇ ਇਸ ਗੀਤ ‘ਨਿਰਾ ਨੂਰ’ ਦੀ ਭਰਪੂਰ ਸ਼ਲਾਘਾ ਕੀਤ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਆਖਿਆ ਕਿ ਭਾਈ ਵੀਰ ਸਿੰਘ ਦਾ ਬਹੁਤ ਸਾਰਾ ਸਾਹਿਤ ਸੰਗੀਤ ਨਾਲ ਸੰਬੰਧਤ ਹੈ, ਜਿਸ ਨੂੰ ਅਜੇ ਤੱਕ ਗਾਇਨ ਰੂਪ ਵਿੱਚ ਸਰੋਤਿਆਂ ਅੱਗੇ ਪੇਸ਼ ਨਹੀਂ ਕੀਤਾ ਜਾ ਸਕਿਆ। ‘ਨਿਰਾ ਨੂਰ’ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਨਸ਼ੇ, ਗੈਂਗ, ਹਥਿਆਰ ਅਤੇ ਲੱਚਰਤਾ ਨੂੰ ਫੈਲਾਉਣ ਵਾਲੇ ਗੀਤਾਂ ਦੀ ਥਾਂ ਅਜਿਹੇ ਸੋਹਜਮਈ ਅਤੇ ਰੂਹਾਨੀ ਸੰਗੀਤ ਨਾਲ ਜੁੜਨਾ ਸਮੇਂ ਦੀ ਲੋੜ ਹੈ। ਇਸ ਕਾਰਜ ਲਈ ਮੁਬਾਰਕ ਦਿੰਦਿਆਂ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਆਸ ਪ੍ਰਗਟਾਈ ਕਿ ਡਾ. ਅਜੈ ਪਾਲ ਸਿੰਘ ਦਾ ਇਹ ਸੰਗੀਤਕ ਸਫਰ ਅੱਗੇ ਵੀ ਜਾਰੀ ਰਹੇਗਾ ਅਤੇ ਸ੍ਰੋਤੇ ਇਸ ਨੂੰ ਭਰਵਾਂ ਹੁੰਗਾਰਾ ਦੇਣਗੇ। ਅਜੈ ਪਾਲ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਯੂ–ਟਿਊਬ ਉੱਪਰ ਹੀ ਪ੍ਰਮੋਟ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਸੁਣਨ ਲਈ @ajaypalsingh5428 ਲਿੰਕ ਤੇ ਜਾ ਕੇ ਸੁਣਿਆ ਜਾ ਸਕਦਾ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ ਦੇ ਡਾਇਰੈਕਟਰ ਸ. ਮਹਿੰਦਰ ਸਿੰਘ ਅਤੇ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਅਤੇ ਹੋਰ ਪਤਵੰਤੇ ਹਾਜਰ ਸਨ।

