ਚੌਗਿਰਦੇ ਨਾਲ਼ ਦੋਸਤਾਨਾ ਸੰਬੰਧ ਵਾਲ਼ੀ ਜੀਵਨ ਸ਼ੈਲੀ ਅਪਨਾਉਣ ਦੀ ਲੋੜ
ਪੰਜਾਬੀ ਯੂਨੀਵਰਸਿਟੀ ਦੇ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਨੇ ਲਗਾਈ ਵਰਕਸ਼ਾਪ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੌਗਿਰਦੇ ਨਾਲ਼ ਦੋਸਤਾਨਾ ਸੰਬੰਧ ਵਾਲ਼ੀ ਜੀਵਨ ਸ਼ੈਲੀ ਅਪਨਾਉਣ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਬਾਰੇ ਵਿਹਾਰਕ ਕਿਸਮ ਦੇ ਢੰਗ ਲੱਭਣ ਦੇ ਮਸਲੇ ਉੱਤੇ ਵਿਚਾਰਾਂ ਕਰਨ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਦਿਨਾ ਵਰਕਸ਼ਾਪ ਲਗਾਈ ਗਈ। ‘ਮਿਸ਼ਨ ਲਾਈਫ਼ – ਲਾਈਫ਼ ਸਟਾਈਲ ਫ਼ਾਰ ਐਨਵਾਇਰਨਮੈਂਟ’ ਨਾਮਕ ਸਿਰਲੇਖ ਤਹਿਤ ਇਹ ਵਰਕਸ਼ਾਪ ਯੂਨੀਵਰਸਿਟੀ ਵਿੱਚ ਸਥਾਪਿਤ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ, ਮੋਹਾਲੀ ਦੇ ਸਹਿਯੋਗ ਨਾਲ਼ ਲਗਾਈ ਗਈ। ਇਸ ਮੌਕੇ ਮੁੱਖ ਬੁਲਾਰਿਆਂ ਵਿੱਚ ਸ਼ਾਮਿਲ ਡਾ. ਐੱਸ. ਕੇ. ਕਾਂਸਲ ਨੇ ਜੀਵਨ ਵਿੱਚ ਪਾਣੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕੁੱਝ ਵਿਧੀਆਂ ਦੱਸੀਆਂ ਜਿਨ੍ਹਾਂ ਅਨੁਸਾਰ ਜੀਵਨ ਸ਼ੈਲੀ ਵਿੱਚ ਕੁਝ ਤਬਦੀਲੀਆਂ ਕਰ ਕੇ ਪਾਣੀ ਦੀ ਬਿਹਤਰ ਤਰੀਕੇ ਨਾਲ਼ ਸੰਭਾਲ ਕੀਤੀ ਜਾ ਸਕਦੀ ਹੈ। ਵਰਕਸ਼ਾਪ ਦੇ ਦੂਜੇ ਮਾਹਿਰ ਬੁਲਾਰੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਉਸਾਰੂ ਅਤੇ ਸਾਕਾਰਾਤਮਕ ਪਹੁੰਚ ਵਾਲ਼ੀ ਜੀਵਨ ਸ਼ੈਲੀ ਅਪਨਾਉਣ ਬਾਰੇ ਬਾਰੇ ਚਾਨਣਾ ਪਾਇਆ ਅਤੇ ਇੱਥੇ ਹਾਜ਼ਰ ਸਮੂਹ ਵਿਦਿਆਰਥੀਆਂ ਨੂੰ ਅਜਿਹੀ ਸ਼ੈਲੀ ਨੂੰ ਅਪਣਾਉਣ ਸੰਬੰਧੀ ਪ੍ਰੇਰਿਤ ਕੀਤਾ।
ਤੀਜੇ ਮਾਹਿਰ ਡਾ. ਬ੍ਰਿਜ ਮੋਹਨ ਨੇ ਜੈਵਿਕ ਅਤੇ ਅਜੈਵਿਕ ਭੰਡਾਰਾਂ ਨੂੰ ਬਚਾਉਣ ਦੇ ਤਿੰਨ ਤਰੀਕਿਆਂ ਨੂੰ ਅਧਾਰ ਬਣਾ ਕੇ ਆਪਣੀ ਗੱਲ ਕੀਤੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਭਾਸ਼ਣ ਦੌਰਾਨ ਇੱਥੇ ਹਾਜ਼ਰ ਐੱਨ.ਐੱਸ.ਐੱਸ. ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਵਰਕਸ਼ਾਪ ਦੇ ਸੁਨੇਹੇ ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਤੱਕ ਪਹੁੰਚਾਉਣ ਲਈ ਮਦਦ ਕਰਨ। ਉਨ੍ਹਾਂ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਤਰ੍ਹਾਂ ਵਾਤਾਵਰਣ ਨੂੰ ਬਚਾਉਣ ਅਤੇ ਸੰਭਾਲਣ ਵਿੱਚ ਮਦਦ ਕਰ ਸਕਦੇ ਹਨ। ਡਾ. ਰੁਪਾਲੀ ਬੱਲ, ਜੋ ਕਿ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ, ਮੋਹਾਲੀ ਦੇ ਪ੍ਰਤੀਨਿਧੀ ਵਜੋਂ ਸ਼ਾਮਿਲ ਹੋਏ, ਨੇ ਇਸ ਪ੍ਰੋਗਰਾਮ ਦੇ ਮਕਸਦ ਬਾਰੇ ਦੱਸਿਆ ਕਿ ਉਹ ਜਲਵਾਯੂ ਤਬਦੀਲੀ ਦੇ ਦੁਰਪ੍ਰਭਾਵਾਂ ਅਤੇ ਇਸ ਦੇ ਹੱਲ ਵਜੋਂ ਉਠਾਏ ਜਾਣ ਵਾਲੇ ਕਦਮਾਂ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਨੂੰ ਹਰ ਘਰ ਤੱਕ ਲੈ ਕੇ ਜਾਣ ਲਈ ਨੌਜਵਾਨ ਸ਼ਕਤੀ ਦਾ ਸਹਾਰਾ ਲੈਣਾ ਚਾਹੁੰਦੇ ਹਾਂ। ਯੂਨੀਵਰਸਿਟੀ ਦੇ ਨੌਜਵਾਨ ਐੱਨ. ਐੱਸ.ਐੱਸ. ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਵਿੱਚ ਇਸੇ ਲਈ ਸ਼ਾਮਿਲ ਕੀਤਾ ਗਿਆ ਸੀ। ਪ੍ਰੋ. ਹਿਮੇਂਦਰ ਭਾਰਤੀ, ਡਾਇਰੈਕਟਰ, ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਗ੍ਰਹਿ ਧਰਤੀ ਨੂੰ ਬਚਾਉਣ ਲਈ ਇੱਕ ਦੂਜੇ ਨਾਲ਼ ਹੱਥ ਮਿਲਾ ਕੇ ਭਾਵ ਸਾਂਝੇ ਤੌਰ ਉੱਤੇ ਕਾਰਜ ਕਰਨ। ਵਰਕਸ਼ਾਪ ਦੀ ਸੈਸ਼ਨ ਸਮਾਪਤੀ ਡਾ. ਤੇਜਦੀਪ ਕੌਰ ਕਲੇਰ ਨੇ ਕੀਤੀ ਜਦੋਂ ਕਿ ਰਸਮੀ ਰੂਪ ਵਿੱਚ ਧੰਨਵਾਦੀ ਸ਼ਬਦ ਡਾ. ਮਨੀਸ਼ ਕਪੂਰ ਨੇ ਪੇਸ਼ ਕੀਤੇ।

