ਪੰਜਾਬਪਟਿਆਲਾ

ਗੰਗਾਨਗਰ ਵਿੱਚ ਫ਼ੜੀ ‘ਭੁੱਕੀ ਐਕਸਪ੍ਰੈਸ’ ਪੰਜਾਬ ਸਰਕਾਰ ‘ਤੇ ਕਾਲਾ ਧੱਬਾ

ਪਾਰਲੀਮੈਂਟ ਵਿੱਚ ਰਵਾਇਤੀ ਨਸ਼ਿਆਂ ‘ਤੇ ਪਾਬੰਦੀ ਚੁੱਕਣ ਲਈ ਮਤਾ ਲੈਕੇ ਆਉਣਗੇ ਡਾ ਗਾਂਧੀ
ਪਟਿਆਲਾ 22 ਜੁਲਾਈ (ਮਧੂਸਾਰ ਬਿਊਰੋ)
ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਸ੍ਰੀ ਗੰਗਾਨਗਰ ਵਿਖੇ ਇੱਕ ਪ੍ਰਾਈਵੇਟ ਬੱਸ ਵਿੱਚ ੧੦ ਔਰਤਾਂ ਸਮੇਤ ੫੭ ਯਾਤਰੀਆਂ ਨੂੰ ‘ਭੁੱਕੀ’ ਸਮੇਤ ਫ਼ੜੇ ਜਾਣ ਨੂੰ ਇੱਕ ਮਸਨੂਈ ‘ਮਾਨਵੀ ਸੰਕਟ’ ਕਰਾਰ ਦਿੰਦਿਆਂ ਪੰਜਾਬ ਸਰਕਾਰ, ਸਿਆਸਤਦਾਨਾਂ ਅਤੇ ਸਮਾਜ ਵਿਗਿਆਨੀਆਂ ਨੂੰ ਜਾਗਣ ਲਈ ਅਪੀਲ ਕੀਤੀ।

ਉਨ੍ਹਾਂ ਨੇ ਇਸ ਘਟਨਾ ਨੂੰ ਪੰਜਾਬੀਆਂ ਲਈ ਸ਼ਰਮਸਾਰ ਹੋਣ ਵਾਲੀ ਕਰਾਰ ਦਿੰਦਿਆਂ ਹਾਅ ਦਾ ਨਾਹਰਾ ਮਾਰਦਿਆਂ ਕਿਹਾ ਕਿ ਅਸੀਂ ਹਾਲਾਤ ਕਿਥੋਂ ‘ਤੋਂ ਕਿੱਥੇ ਪਹੁੰਚਾ ਦਿੱਤੇ ਹਨ ਕਿ ਤੋਟ ਦੇ ਮਾਰੇ ਪੰਜਾਬੀ ਨੌਜੁਆਨਾਂ ਦੀਆਂ ਮਾਵਾਂ, ਭੈਣਾਂ ਯਾ ਪਤਨੀਆਂ ਵੀ ‘ਭੁੱਕੀ’ ਵਰਗੇ ਰਵਾਇਤੀ ਅਤੇ ਸਸਤੇ ਨਸ਼ਿਆਂ ਦੀ ਤਲਾਸ਼ ਵਿੱਚ ਰਾਜਸਥਾਨ ਦੇ ਥਲਾਂ ਵਿੱਚ ਧੂੜਾਂ ਫ਼ੱਕਦੀਆਂ ਹਨ ਅਤੇ ‘ਭੁੱਕੀ ਐਕਸਪ੍ਰੈਸ’ ਵਰਗੀਆਂ ਤਨਜ਼ਾਂ ਸਹਿਣ ਲਈ ਮਜਬੂਰ ਹਨ।
ਡਾ ਧਰਮਵੀਰ ਨੇ ਇਸ ਹਾਲਾਤ ਲਈ ਕੇਵਲ ਅਤੇ ਕੇਵਲ ‘ਨਸ਼ਾ ਵਿਰੋਧੀ’ ਕਾਨੂੰਨ ਐਨ. ਡੀ ਪੀ.ਐਸ ਅੈਕਟ ਨੂੰ ਕਸੂਰਵਾਰ ਦੱਸਿਆ ਜਿਸਦੀ ਆੜ ਲੈਕੇ ਸਿਆਸਤਦਾਨ, ਪੁਲੀਸ ਅਤੇ ਸਮੱਗਲਰ ਇੱਕ ਮਾਫ਼ੀਆ ਬਣ ਕੇ ‘ਭੁੱਕੀ’ ਵਰਗੇ ਰਵਾਇਤੀ ਨਸ਼ੇ ਨੂੰ ਪੰਜਾਬ ਵਿੱਚ ੬੦੦੦ ਰੁਪਏ ਕਿਲੋ ਵੇਚ ਕੇ ਮੋਟੇ ਮੁਨਾਫ਼ੇ ਕਮਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਫ਼ੀਏ ਨੇ ਹਰ ਪੰਜਾਬੀ ਨੌਜੁਆਨ ਨੂੰ ਆਪਣਾ ਗਾਹਕ ਬਨਾਉਣ ਦਾ ਵਪਾਰਕ ਟੀਚਾ ਮਿੱਥ ਰੱਖਿਆ ਹੈ ਤਾਂ ਕਿ ਮੁਨਾਫ਼ਾ ਹੀ ਮੁਨਾਫ਼ਾ ਕਮਾਇਆ ਜਾਵੇ। ਪੰਜਾਬ ਸਾਰਕਾਰ ਵੱਲੋਂ ਅਕਸਰ ਸਰਕਾਰ ਅਤੇ ਪੰਜਾਬ ਸੂਬੇ ਨੂੰ ਬਦਨਾਮ ਕਰਨ ਦੇ ਲਾਏ ਜਾਂਦੇ ਦੋਸ਼ਾਂ ਨੂੰ ਮਕਾਰੀ ਦੱਦਿਆਂ ਸਵਾਲ ਕੀਤਾ ਕਿ ‘ਭੁੱਕੀ’ ਸਮੇਤ ਫ਼ੜੀ ਗਈ ਬੱਸ ਪੰਜਾਬ ਦੇ ਮੱਥੇ ‘ਤੇ ਕਾਲਖ਼ ਨਹੀਂ ਪੋਤਦੀ?
ਡਾਂ ਗਾਂਧੀ ਨੇ ਦਾਅਵਾ ਕੀਤਾ ਕਿ ਨਸ਼ਿਆਂ ਦੀ ਫ਼ੈਲੀ ਵਬਾਅ ਨੁੰ ਰੋਕਣ ਦੇ ਪਹਿਲੇ ਕਦਮ ਵਜੋਂ ਮਤਫ਼ੀਆ ਖ਼ਤਮ ਕਰਨਾ ਪਵੇਗਾ। ਅਤੇ ਇਸ ਦੈਂਤ ਨੂੰ ਠਲ੍ਹ ਪਾਉਣ ਦਾ ਤਰੀਕਾ ਨਸ਼ਿਆਂ ‘ਚੋਂ ਕਮਾਏ ਜਾ ਰਹੇ ਮੋਟੇ ਮੁਨਾਫ਼ੇ ਨੂੰ ਖ਼ਤਮ ਕਰਕੇ ਹੀ ਕੀਤਾ ਜਾ ਸਕਦਾ ਹੈ।
ਡਾ ਧਰਮਵੀਰ ਨੇ ਕਿਹਾ ਕਿ ਉਹ ਜਲਦ ਹੀ ਨਸ਼ੇੜੀਆਂ ਦੇ ਗ਼ੈਰ-ਅਪਰਾਧੀਕਰਣ ਲਈ ‘ਨਸ਼ਾ ਵਿਰੋਧੀ’ ਕਾਨੂੰਨ ਐਨ. ਡੀ ਪੀ.ਐਸ ਅੈਕਟ’ ਵਿੱਚ ਸੋਧ ਪਾਰਲੀਮੈਂਟ ਵਿੱਚ ਪੇਸ਼ ਕਰਨ ਜਾ ਰਹੇ ਹਨ ਤਾਂ ਕਿ ਨਸ਼ੇੜੀਆਂ ਨੂੰ ਮੁਜਰਮ ਸਮਝਣਾ ਬੰਦ ਕੀਤਾ ਜਾਵੇ ਅਤੇ ਨਸ਼ੇ ਦੇ ਜਾਲ ਵਿੱਚ ਫ਼ਸ ਚੁੱਕੇ ਨੌਜੁਆਨਾਂ ਦੀ ਨਿਜੀ ਲੋੜ ਪੂਰੀ ਕਰਨ ਲਈ ਫ਼ੀਮ, ਭੁੱਕੀ ਆਦਿ ਵਰਗੇ ਰਵਾਇਤੀ ਨਸ਼ਿਆਂ ‘ਤੇ ਪਾਬੰਦੀ ਚੁੱਕਣ ਲਈ ਮਤਾ ਲੈਕੇ ਆਉਣਗੇ।

Leave a Reply

Your email address will not be published. Required fields are marked *