ਵਿਦਿਆਰਥੀ ਜਸਪ੍ਰੀਤ ਕੌਰ ਵੱਲੋਂ ਰਚਿਤ ਨਾਵਲ ‘ਗ਼ਦਰ ਦੀ ਰਾਹ ‘ਤੇ‘ ਨੂੰ ਕੀਤਾ ਰਿਲੀਜ
ਪਟਿਆਲਾ 7 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਸਪ੍ਰੀਤ ਕੌਰ ਵੱਲੋਂ ਰਚਿਤ ਨਾਵਲ ‘ਗ਼ਦਰ ਦੀ ਰਾਹ ‘ਤੇ‘ ਨੂੰ ਵਿਸਵ ਪੁਸਤਕ ਮੇਲਾ ਨਵੀਂ ਦਿੱਲੀ ਵਿਖੇ ਕੇਂਦਰੀ ਸਿੱਖਿਆ ਅਤੇ ਵਿਦੇਸ ਰਾਜ ਮੰਤਰੀ ਰਾਜੀਵ ਕੁਮਾਰ ਰੰਜਨ ਵੱਲੋਂ ਰਿਲੀਜ ਕੀਤਾ ਗਿਆ ਹੈ। ਜਸਪ੍ਰੀਤ ਕੌਰ ਪੰਜਾਬੀ ਵਿਭਾਗ ਤੋਂ ਪੀ-ਐੱਚ. ਡੀ. ਦੀ ਪੜ੍ਹਾਈ ਕਰ ਰਹੀ ਹੈ। ਇਹ ਨਾਵਲ ਗਦਰੀ ਬੰਤਾ ਸਿੰਘ ਸੰਘਵਾਲ ਦੇ ਜੀਵਨ ਉੱਤੇ ਅਧਾਰਿਤ ਹੈ ਜਿਸ ਨੂੰ ਨੈਸਨਲ ਬੁੱਕ ਟਰੱਸਟ, ਇੰਡੀਆ ਵੱਲੋਂ ‘ਨੌਜਵਾਨ ਲੇਖਕਾਂ ਲਈ ਪੀਐੱਮ ਯੁਵਾ ਮੈਂਟਰਸ਼ਿਪ ਸਕੀਮ‘ ਤਹਿਤ ਛਾਪਿਆ ਗਿਆ ਹੈ।
ਜਸਪ੍ਰੀਤ ਕੌਰ, ਜੋ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਦੀ ਵਸਨੀਕ ਹੈ, ਨੇ ਇਸ ਨਾਵਲ ਵਿਚਲੀ ਲਿਖਤ ਸਮੱਗਰੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਬੰਤਾ ਸਿੰਘ ਸੰਘਵਾਲ ਦਾ ਗਦਰ ਲਹਿਰ ਵਿੱਚ ਬਹੁਤ ਸਾਰਾ ਕਾਰਜ ਸੀ ਜਿਨ੍ਹਾਂ ਨੇ ਕਰਤਾਰ ਸਿੰਘ ਸਰਾਭਾ ਨਾਲ ਮਿਲ ਕੇ ਵੀ ਕੰਮ ਕੀਤਾ ਸੀ। ਇਸ ਸਭ ਦੇ ਬਾਵਜੂਦ ਉਸ ਦਾ ਨਾਮ ਲਹਿਰ ਦੇ ਇਤਿਹਾਸ ਵਿੱਚ ਅਣਗੌਲ਼ਿਆ ਗਿਆ ਸੀ। ਉਸ ਨੇ ਆਪਣੇ ਲਿਖਣ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੇ ਬੰਤਾ ਸਿੰਘ ਦੇ ਜੀਵਨ ਅਤੇ ਕਾਰਜਾਂ ਨਾਲ ਜੁੜੇ ਤੱਥਾਂ ਨੂੰ ਖੋਜਣ ਲਈ ਗ਼ਦਰ ਲਹਿਰ ਨਾਲ ਜੁੜੇ ਸਾਹਿਤ ਨੂੰ ਹੰਘਾਲਿਆ ਅਤੇ ਉਸ ਦੇ ਰਿਸਤੇਦਾਰਾਂ ਤੱਕ ਪਹੁੰਚ ਬਣਾਈ। ਇਸ ਤਰ੍ਹਾਂ ਇਕੱਤਰ ਹੋਏ ਪ੍ਰਮਾਣਿਤ ਵੇਰਵਿਆਂ ਦੇ ਅਧਾਰ ਉੱਤੇ ਨਾਵਲ ਦੇ ਕਥਾਨਕ ਨੂੰ ਉਸਾਰਿਆ।
ਜਿਕਰਯੋਗ ਹੈ ਕਿ ਵਿਸਵ ਪੁਸਤਕ ਮੇਲਾ ਨਵੀਂ ਦਿੱਲੀ ਵਿੱਚ ਨੈਸਨਲ ਬੁੱਕ ਟਰੱਸਟ, ਇੰਡੀਆ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਜਸਪ੍ਰੀਤ ਕੌਰ ਨੇ ਆਪਣੇ ਲਿਖਣ ਦੇ ਅਨੁਭਵ ਨੂੰ ਸਾਂਝਾ ਕੀਤਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ, ਜਿਨ੍ਹਾਂ ਨੂੰ ਜਸਪ੍ਰੀਤ ਕੌਰ ਵੱਲੋਂ ਨਾਵਲ ਦੀ ਕਾਪੀ ਭੇਂਟ ਵੀ ਕੀਤੀ ਗਈ ਹੈ, ਨੇ ਜਸਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਜਿੱਥੇ ਨੌਜਵਾਨਾਂ ਨੂੰ ਸਾਹਿਤ ਦੇ ਖੇਤਰ ਨਾਲ ਜੁੜਨ ਲਈ ਪ੍ਰੇਰਿਤ ਕਰਦੀਆਂ ਹਨ ਉੱਥੇ ਹੀ ਸਾਡੇ ਅਣਗੌਲੇ ਇਤਿਹਾਸਕ ਪੱਖਾਂ ਉੱਪਰ ਸ਼ਿੱਦਤ ਸਹਿਤ ਕੰਮ ਕਰਨ ਦਾ ਸਬੱਬ ਬਣਦੀਆਂ ਹਨ।
ਐਜੂਕੇਸਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਡਾਇਰੈਕਟਰ ਦਲਜੀਤ ਅਮੀ ਨੇ ਵਧਾਈ ਦਿੰਦਿਆਂ ਦੱਸਿਆ ਕਿ ਜਸਪ੍ਰੀਤ ਕੌਰ ਉਨ੍ਹਾਂ ਨਾਲ ਲੋਕ ਸੰਪਰਕ ਵਿਭਾਗ ਵਿੱਚ ਇੰਟਰਨ ਵਜੋਂ ਬਾਖੂਬੀ ਕੰਮ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਬਾਰੇ ਲਿਖੀਆਂ ਉਸ ਦੀਆਂ ਵੱਖ-ਵੱਖ ਲਿਖਤਾਂ ਨੂੰ ਵੱਖ-ਵੱਖ ਥਾਵਾਂ ਉੱਤੇ ਛਪਣ ਹਿਤ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ।

