ਦੇਸ਼-ਵਿਦੇਸ਼ਪੰਜਾਬਪਟਿਆਲਾ

ਚੋਣ ਕਰੀਜ਼ : ‘ਨਾਕ-ਆਊਟ’, ‘ਨਾਟ-ਆਊਟ’ ‘ਕੈਪਟਨ’ ਜਾਂ ‘ਜਨਰਲ’

ਆਪੋ-ਧਾਪੀ ‘ਚ ਸ਼ਹਿਰੀ ‘ਭਾਪਿਆਂ’ ਤੋਂ ਖੁਸੀ ‘ਸਿਆਸੀ-ਸਰਦਾਰੀ’
‘ਜੁਨੇਜਾ’ ਨੂੰ ਪੈਣ ਵਾਲੀ ‘ਵੋਟ’ ਜੇ.ਜੇ. ਸਿੰਘ ਨੂੰ ਭੁਗਤਦੀ ਵਿਖਾਈ ਨਹੀਂ ਦਿੰਦੀ
ਪਟਿਆਲਾ (ਕੰਵਰ ਬੇਦੀ)
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਆਰਮੀ ਚੀਫ ਜੇ.ਜੇ ਸਿੰਘ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ਼ਹਿਰ ਦੇ ਲੋਕਾਂ ‘ਚ ਪਟਿਆਲਾ ਸੀਟ ਨੂੰ ‘ਕੈਪਟਨ’ ਅਤੇ ‘ਸੁਖਬੀਰ’ ਦਰਮਿਆਨ ਹੋਏ ਸਮਝੌਤੇ ਦੇ ਸੰਦਰਭ ‘ਚ ਵੇਖਿਆ ਜਾਣ ਲੱਗ ਪਿਆ ਹੈ।

ਭਾਵੇਂ ਅਕਾਲੀ ਦਲ ਨੇ ‘ਕੈਪਟਨ’ ਅਮਰਿੰਦਰ ਨੂੰ ਘਰ ‘ਚ ਹੀ ਚੁਣੌਤੀ ਦੇਣ ਦੀ ਗੱਲ ਕਹੀ ਹੈ, ਪ੍ਰੰਤੂ ਅਕਾਲੀ ਦਲ ਵੱਲੋਂ ਜਨਰਲ ਜੇ.ਜੇ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਸੁਣ ਕੇ ਜਿਥੇ ਸ਼ਹਿਰੀ ਲੀਡਰਸ਼ਿਪ ਹੱਕੀ ਬੱਕੀ ਵਿਖਾਈ ਦੇ ਰਹੀ ਹੈ, ਉਥੇ ਸ਼ਹਿਰ ਦੀ ਹਰ ‘ਸੱਥ’ ‘ਚ ਇਹ ਗੱਲ ਖੁੱਲ੍ਹੇ ਆਮ ਕਹੀ ਜਾ ਰਹੀ ਹੈ ਕਿ ਅਕਾਲੀ ਦਲ ਨੇ ‘ਕੈਪਟਨ’ ਅਮਰਿੰਦਰ ਨੂੰ ‘ਜਿੱਤ’ ਮੁੜ ਥਾਲੀ ‘ਚ ਪਰੋਸ ਕੇ ਦੇ ਦਿੱਤੀ ਹੈ।
ਅਕਾਲੀ ਦਲ ਵੱਲੋਂ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾਏ ਜਾਣ ਨਾਲ ਸ਼ਹਿਰੀ ‘ਭਾਪਿਆਂ’ ਤੋਂ ‘ਸਿਆਸੀ-ਸਰਦਾਰੀ’ ਵੀ ਖੁਸ ਗਈ ਹੈ, ਜ਼ਿਲ੍ਹੇ ‘ਚ ‘ਟੌਹੜਾ’ ਟਕਸਾਲੀ ਧੜਿਆਂ ਦਾ ਲਗਭਗ ਪਹਿਲਾਂ ਹੀ ਸਫਾਇਆ ਹੋ ਚੁੱਕਾ ਹੈ ਅਤੇ ਰਹਿੰਦੀ-ਖੂੰਹਦੀ ਕਸਰ ਇਸ ਵਾਰ ‘ਭਾਪਿਆਂ’ ਨੂੰ ਰਾਜਨੀਤਕ ਖੇਤਰ ‘ਚੋਂ ਲਾਂਭੇ ਕਰ ਕੇ ਕੀਤੀ ਗਈ ਹੈ। ਸ਼ਹਿਰ ‘ਚ ਟਕਸਾਲੀ ਪਰਿਵਾਰਾਂ ਵੱਲੋਂ ‘ਪੈਰ ਮਿੱਧਣ’ ਵਾਲੀ ਕੀਤੀ ਜਾਂਦੀ ਸਿਆਸਤ ਹੁਣ ਤੱਕ ਕਿਸੇ ਤੋਂ ਲੁਕੀ ਨਹੀਂ ਰਹੀ ਅਤੇ ‘ਲੱਤ ਖਿੱਚੂ’ ਕਲਚਰ ਕਾਰਨ ਭਵਿੱਖ ‘ਚ ਦਾਅਵੇਦਾਰੀਆਂ’ ਵੀ ਖੁਸ ਕੇ ਰਹਿ ਗਈਆਂ ਹਨ।
ਅਗਾਮੀ ਚੋਣਾਂ ‘ਚ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ‘ਕੈਪਟਨ’ ਅਮਰਿੰਦਰ ਨੂੰ ‘ਚੁਣੌਤੀ’ ਦੇਣਾ ਚਾਹੁੰਦੇ ਸਨ, ਪ੍ਰੰਤੂ ਟਕਸਾਲੀ ਆਗੂਆਂ ‘ਚ ‘ਜੁਨੇਜਾ’ ਨੂੰ ਹਰਾਉਣ ਲਈ ਅੰਦਰੋਂ-ਅੰਦਰ ਸੁਲਘ ਰਹੀ ‘ਅੱਗ’ ਨੂੰ ਅਕਾਲੀ ਦਲ ਨੇ ‘ਭਾਂਪ’ ਲਿਆ। ਭਾਵੇਂ ਅਕਾਲੀ ਦਲ ਨੇ ਜੇ.ਜੇ ਸਿੰਘ ਨੂੰ ਉਮੀਦਵਾਰ ਬਣਾ ਕੇ ਆਪੋ-ਧਾਪੀ ‘ਚ ਪਏ ਸ਼ਹਿਰੀ ਅਕਾਲੀ ਲੀਡਰਾਂ ਦੀ ‘ਅੱਗ’ ਨੂੰ ਠੰਡਾ ਕਰ ਦਿੱਤਾ ਹੋਵੇ, ਪ੍ਰੰਤੂ ‘ਜੁਨੇਜਾ’ ਨੂੰ ਪੈਣ ਵਾਲੀ ‘ਵੋਟ’ ਜੇ.ਜੇ. ਸਿੰਘ ਨੂੰ ਭੁਗਤਦੀ ਵਿਖਾਈ ਨਹੀਂ ਦੇ ਰਹੀ।
ਕਾਂਗਰਸ ਦੀ ‘ਵੋਟ’ ਨੂੰ ਸੰਨ ਲਾਉਂਦਿਆਂ ‘ਜੁਨੇਜਾ’ ਨੇ ਕਾਂਗਰਸ ਨਾਲ ਜੁੜੇ ਕਈ ‘ਯੂਥ ਆਗੂਆਂ’ ਅਤੇ ਕਾਂਗਰਸੀਆਂ ਨੂੰ ਆਪਣੇ ਨਾਲ ਤੋਰਿਆ, ਜੋ ਮਨ ਤੋਂ ‘ਕਾਂਗਰਸੀ’ ਅਤੇ ਬਾਹਰੋਂ ‘ਅਕਾਲੀ’ ਬਣੇ ਰਹੇ, ਪਰ ਉਨ੍ਹਾਂ ਨੇ ‘ਜੁਨੇਜਾ’ ਨੂੰ ਉਮੀਦਵਾਰ ਨਾ ਬਣਾਏ ਜਾਣ ਕਾਰਨ ‘ਮੁੜ’ ‘ਕਾਂਗਰਸ’ ਨੂੰ ‘ਭੁਗਤਣ’ ਦਾ ਮਨ ਬਣਾ ਲਿਆ ਹੈ।
ਅਕਾਲੀ ਦਲ ਦਾ ਉਮੀਦਵਾਰ ਬਣਨ ਤੋਂ ਬਾਅਦ ਜਨਰਲ ਜੇ.ਜੇ. ਸਿੰਘ ਆਪਣੇ ਦਾਅਵਿਆਂ ‘ਚ ‘ਕੈਪਟਨ’ ਨੂੰ ‘ਫੌਜ’ ‘ਚੋਂ ਭੱਜਿਆ ‘ਭਗੌੜਾ’ ਕਹਿੰਦੇ ਹੋਏ ਆਪਣਾ ਰੁਤਬਾ ‘ਕੈਪਟਨ’ ਤੋਂ ਵੱਡਾ ਤਾਂ ਦੱਸਦੇ ਹਨ, ਪ੍ਰੰਤੂ ਰਾਜਨੀਤਕ ਪੱਖ ਤੋਂ ਜੇ.ਜੇ. ਸਿੰਘ ‘ਜਨਰਲ’ ਹੁੰਦੇ ਹੋਏ ਵੀ ‘ਕੈਪਟਨ’ ਦੇ ਰਾਜਨੀਤਕ ਕੱਦ ਤੋਂ ‘ਬੌਣੇ’ ਵਿਖਾਈ ਦੇ ਰਹੇ ਹਨ, ਜਿਨ੍ਹਾਂ ਕੋਲ ‘ਰਾਜਨੀਤਕ’ ਸਮਝ ਤੇ ਤਜਰਬਾ ਨਾ ਹੋਣਾ ਵੀ ਅਕਾਲੀ ਉਮੀਦਵਾਰ ਨੂੰ ਮੁਸ਼ਕਲ ‘ਚ ਪਾ ਸਕਦਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਮੀਦਵਾਰ ਜੇ.ਜੇ ਸਿੰਘ ‘ਪੂਰਨ ਫਤਹਿ’ ਕਰਨ ਦੇ ਮਨਸੂਬੇ ਨਾਲ ਚੋਣ ਮੈਦਾਨ ‘ਚ ਤਾਂ ਆ ਚੁੱਕੇ ਹਨ, ਪ੍ਰੰਤੂ ਜੇ ਉਹ ‘ਤੋਪਾਂ ਦੇ ਗੋਲੇ’ ਅਤੇ ‘ਬੰਦੂਕ’ ਦੀ ਗੋਲੀ ਦਾ ਖਿਆਲ ਛੱਡ ਕੇ ‘ਵੋਟ’ ਹਾਸਲ ਕਰਨ ਵੱਲ ਧਿਆਨ ਦੇਣ ਤਾਂ ਮੁਕਾਬਲਾ ਦਿਲਚਸਪ ਬਣ ਸਕਦਾ ਹੈ ਨਹੀਂ ਤਾਂ ‘ਕੈਪਟਨ’ ਵੋਟਾਂ ਦੇ ਵੱਡੇ ਫਰਕ ਨਾਲ ‘ਜਨਰਲ’ ਨੂੰ ‘ਨਾਕ-ਆਊਟ’ ਕਰਨ ਦਾ ਮੌਕਾ ਨਹੀਂ ਖੁੰਝਣਗੇ।
ਮਾਹਿਰਾਂ ਦਾ ਮੰਨਣਾ ਹੈ ਚੋਣ ਮੈਦਾਨ ‘ਚ ‘ਫੌਜੀ-ਉਮੀਦਵਾਰ’ ਭਾਵੇਂ ਚੋਣ ਨੂੰ ‘ਜੰਗ’ ਵਜੋਂ ਲੈ ਰਹੇ ਹਨ, ਪ੍ਰੰਤੂ ‘ਵੋਟ’ ਰਾਹੀਂ ਹੋਣ ਵਾਲੇ ਫੈਸਲੇ ਨਾਲ ਹੀ ਇਹ ਗੱਲ ਸਪਸ਼ਟ ਹੋਵੇਗੀ ਕਿ ‘ਜਨਰਲ’ ਕੈਪਟਨ ਨੂੰ ‘ਨਾਕ ਆਊਟ’ ਕਰਦੇ ਹਨ ਜਾਂ ‘ਕੈਪਟਨ’ ਚੋਣ ਕਰੀਜ਼ ‘ਤੇ ‘ਨਾਟ ਆਊਟ’ ਹੀ ਰਹਿਣਗੇ।
‘ਵੋਟਾਂ’ ‘ਕਾਂਗਰਸ’ ਜਾਂ ‘ਆਪ’ ਵੱਲ ਵੱਧ ਭੁਗਤਣ ਦੇ ਆਸਾਰ
‘ਕੈਪਟਨ’ ਦੇ ਮੁਕਾਬਲੇ ‘ਜੁਨੇਜਾ’ ਦੇ ਉਮੀਦਵਾਰ ਬਣਨ ਦੀ ਸੰਭਾਵਨਾ ਨਾਲ ਸ਼ਹਿਰੀ ਸੀਟ ‘ਤੇ ਇਹ ਮੁਕਾਬਲਾ ਦਿਲਚਸਪ ਹੋਣਾ ਸੀ ਕਿਉਂਕਿ ਜੁਨੇਜਾ ਨੇ ‘ਲੋਕ’ ਹਿੱਤਾਂ ਲਈ ਕੰਮ ਕਰਦਿਆਂ ਅਕਾਲੀ ਦਲ ਦੀ ਸਥਿਤੀ ਨੂੰ ਮਜ਼ਬੂਤ ਬਣਾਇਆ, ਜਿਸ ਕਾਰਨ ਸ਼ਹਿਰੀ ‘ਵੋਟ’ ‘ਜੁਨੇਜਾ’ ਨੂੰ ਭੁਗਤਣੀ ਸੀ ਅਤੇ ਇਸ ਵਾਰ ਕੈਪਟਨ ਅਤੇ ਜੁਨੇਜਾ ਦਰਮਿਆਨ ਮੁਕਾਬਲਾ ਹੁੰਦਾ ਤਾਂ ‘ਜਿੱਤ-ਹਾਰ’ ਥੋੜ੍ਹੇ ਫਰਕ ਨਾਲ ਹੁੰਦੀ। ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰਿਆਂ ਨੂੰ ਖੁੰਝੇ ਲਾਉਂਦਿਆਂ ਜਨਰਲ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾਉਣ ਨਾਲ ਸ਼ਹਿਰੀ ਲੋਕਾਂ ਦੀ ਵੱਧ ਤੋਂ ਵੱਧ ‘ਵੋਟ’ ‘ਆਪ’ ਜਾਂ ‘ਕਾਂਗਰਸ’ ਨੂੰ ਭੁਗਤਣ ਦੇ ਅਸਾਰ ਵਿਖਾਈ ਦੇ ਰਹੇ ਹਨ ਕਿਉਂਕਿ ਉਮੀਦਵਾਰ ਜੇ.ਜੇ. ਸਿੰਘ ਨੂੰ ‘ਬਾਹਰੀ ਚਿਹਰੇ’ ਵਜੋਂ ਵੀ ਵੇਖਿਆ ਜਾ ਰਿਹਾ ਹੈ।
ਕੀ ਸ਼ਹਿਰੀ ‘ਭਾਪੇ’ ਵੋਟ ਪਾਉਣਗੇ?
ਅਗਾਮੀ ਚੋਣਾਂ ‘ਚ ਟਕਸਾਲੀ ਪਰਿਵਾਰਾਂ ਨੂੰ ਖੁੰਝੇ ਲਗਾਉਂਦਿਆਂ ਅਕਾਲੀ ਦਲ ਵੱਲੋਂ ਜੇ.ਜੇ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦਾ ਭਾਵੇਂ ਸ਼ਹਿਰੀ ਟਕਸਾਲੀ ‘ਭਾਪਿਆਂ’ ਨੇ ਸਵਾਗਤ ਕੀਤਾ, ਪ੍ਰੰਤੂ ਉਨ੍ਹਾਂ ਦੇ ਮੁਰਝਾਏ ਹੋਏ ਚਿਹਰੇ ਤੇ ਬੁੱਲ੍ਹਾਂ ‘ਤੇ ਮਰੀ ਮੁਸਕੜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪਾਸੇ ਰੱਖਕੇ ਕੀਤੇ ‘ਫੈਸਲੇ’ ਨਾਲ ਸ਼ਹਿਰੀ ‘ਭਾਪਾ’ ਵੋਟ ਹਾਸਲ ਕਰਨ ਦੀ ਆਸ ਨਾ ਕੀਤੀ ਜਾਵੇ। ਸ਼ਹਿਰ ‘ਚੋਂ ਟੌਹੜਾ ਧੜੇ ਦੇ ਖ਼ਤਮ ਹੋਣ ਤੋਂ ਬਾਅਦ ‘ਸਿੱਖ’ ਵੋਟ ਟਕਸਾਲੀ ਆਗੂਆਂ ਕਰਕੇ ਟਿਕੀ ਹੋਈ ਸੀ, ਪ੍ਰੰਤੂ ਆਪਸੀ ਧੜੇਬੰਦੀ ਦੇ ਚੱਲਦਿਆਂ ਅਤੇ ਦਾਅਵੇਦਾਰੀ ਖੁਸ ਜਾਣ ਨਾਲ ਰਹਿੰਦੀ-ਖੂੰਹਦੀ ‘ਸਿੱਖ-ਵੋਟ’ ਵੀ ਖਿਸਕ ਚੁੱਕੀ ਹੈ ਅਤੇ ਅਜਿਹਾ ਹੋਣ ਨਾਲ ਕੀ ਸ਼ਹਿਰੀ ‘ਭਾਪੇ’ ਅਕਾਲੀ ਉਮੀਦਵਾਰ ‘ਜੇ.ਜੇ. ਸਿੰਘ’ ਨੂੰ ਵੋਟ ਪਾਉਣਗੇ?
‘ਜੁਨੇਜਾ’ ਸਮਰਥਕ ‘ਚੋਣ ਜ਼ਾਬਤੇ’ ਮਗਰੋਂ ਖਿਸਕਣੇ ਸ਼ੁਰੂ
ਅਕਾਲੀ ਦਲ ਦੇ ਅਹੁਦੇ ਪ੍ਰਾਪਤ ਕਰਕੇ ਸ਼ਹਿਰ ‘ਚ ਹਰਪਾਲ ਜੁਨੇਜਾ ਨਾਲ ਜੁੜ ਕੇ ਕੰਮ ਕਰਦੇ ਆ ਰਹੇ ਕਈ ਸਮਰਥਕ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾਏ ਜਾਣ ‘ਤੇ ਖਿਸਕਣੇ ਸ਼ੁਰੂ ਹੋ ਗਏ ਹਨ।
ਹਰਪਾਲ ਜੁਨੇਜਾ ਦੇ ਕਹਿਣ ‘ਤੇ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋਣ ਵਾਲਿਆਂ ਦੀ ਕਤਾਰ ਤਾਂ ਬਹੁਤ ਲੰਮੀ ਹੈ, ਪ੍ਰੰਤੂ ਚੋਣ ਜ਼ਾਬਤਾ ਲੱਗਣ ਸਾਰ ਹੀ ‘ਮੁੜ’ ਕਾਂਗਰਸ ‘ਚ ਘਰ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜਿਸ ਨਾਲ ਚੰਗੇ ਸੰਕੇਤ ਮਿਲਦੇ ਨਜ਼ਰ ਨਹੀਂ ਆਉਂਦੇ। ਹਰਪਾਲ ਜੁਨੇਜਾ ਨੇ ਕਈਆਂ ਨੂੰ ਯੂਥ ਜਥੇਬੰਦਕ ਢਾਂਚੇ ਅਤੇ ਮਾਲਵਾ ਜ਼ੋਨ ਦੇ ਜਥੇਬੰਦਕ ਢਾਂਚੇ ‘ਚ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਅਹੁਦਿਆਂ ਤੋਂ ਅਸਤੀਫੇ ਦੇ ਕੇ ‘ਕਾਂਗਰਸ’ ਨਾਲ ਜੁੜ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜੇ ਸਮਰਥਕਾਂ ਦੇ ਖਿਸਕਣ ਦੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੀ ਤਾਂ ਵੱਡੇ ਉਲਟ-ਫੇਰ ਵਾਲੇ ਨਤੀਜੇ ਤੋਂ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *