ਦਿਸ਼ਾਹੀਣ ਸਰਕਾਰ ਦਾ ਦਿਸ਼ਾਹੀਣ ਬਜਟ : ਛੀਨਾ
ਮਾਨ ਸਰਕਾਰ ਦੇ ਮੁਹੱਲਾ ਕਲੀਨਿਕਾਂ ਦੇ ਵਾਅਵੇ ਹੋਏ ਠੁੱਸ!
ਅੰਮ੍ਰਿਤਸਰ, 10 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਕੋਰ ਕਮੇਟੀ ਦੇ ਮੈਂਬਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸੂਬਾਈ ਬਜਟ ’ਤੇ ਪ੍ਰਤੀਕ੍ਰਿਆ ਦਿੰਦਿਆ ਇਸ ਨੂੰ ਦਿਸ਼ਾਹੀਣ ਸਰਕਾਰ ਦਾ ਦਿਸ਼ਾਹੀਣ ਬਜਟ ਦੱਸਿਆ। ਉਨ੍ਹਾਂ ਮਾਨ ਸਰਕਾਰ ਵੱਲੋਂ ਪੇਸ਼ ਪੰਜਾਬ ਬਜਟ ਨੂੰ ਇਕ ਕਾਗਜ਼ੀ ਕਾਰਵਾਈ ਕਰਾਰ ਦਿੰਦਿਆਂ ਇਸ ਨੂੰ ਭੋਲੀਭਾਲੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੱਸਦਿਆਂ ਕਿਹਾ ਕਿ ਇਹ ਬਜਟ ਮਾਨ ਸਰਕਾਰ ਦੇ ਖੋਖਲੇ ਵਾਅਦੇ ਉਜਾਗਰ ਕਰਦਾ ਹੈ। ਸ: ਛੀਨਾ ਨੇ ਕਿਹਾ ਕਿ ਜਦੋਂ ਦੀ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਸੂਬੇ ਦੀ ਅਰਥ ਵਿਵਸਥਾ ਡਾਵਾਂਡੋਲ ਹੋਈ ਹੈ ਅਤੇ ਪੰਜਾਬ ਕਰਜ਼ੇ ’ਚ ਹੋਰ ਡੁੱਬਦਾ ਜਾ ਰਿਹਾ ਹੈ। ਉਨ੍ਹਾਂ ਨੇ ਬਜਟ ਨੂੰ ਇਕ ਸਟੰਟ ਦੱਸਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਸੈਰ-ਸਪਾਟੇ, ਪੰਜਾਬ ਦੀ ਸਨਅਤ, ਰੋਜ਼ਗਾਰ, ਵਿਕਾਸ ਅਤੇ ਖੇਤੀਬਾੜੀ ਨੂੰ ਕੋਈ ਛੂਟ ਨਾ ਦਿੰਦਿਆਂ ਇਨ੍ਹਾਂ ਸਾਰੇ ਖੇਤਰਾਂ ਨੂੰ ਨਜ਼ਰ ਅੰਦਾਜ਼ ਕਰਕੇ ਜਨਤਾ ਨਾਲ ਧਰੋਹ ਕਮਾਇਆ ਹੈ। ਸ: ਛੀਨਾ ਨੇ ਕਿਹਾ ਕਿ ਮਾਨ ਸਰਕਾਰ ਨੇ ਸੂਬੇ ’ਚ ਪਹਿਲਾਂ ਤੋਂ ਹੀ ਚੱਲ ਰਹੇ ‘ਸੇਵਾ ਕੇਂਦਰਾਂ’ ਦਾ ਨਾਮ ਲੀਪਾਪੋਚੀ ਕਰ ਕੇ ‘ਮੁਹੱਲਾ ਕਲੀਨਿਕਾਂ’ ’ਚ ਤਬਦੀਲ ਕਰ ਦਿੱਤਾ, ਜੋ ਕਿ ਲੋਕਾਂ ਲਈ ਦੁਬਿੱਧਾ ਦਾ ਕਾਰਨ ਹੀ ਬਣ ਗਏ ਹਨ, ਜਿੱਥੇ ਨਾ ਤਾਂ ਕੋਈ ਡਾਕਟਰ ਅਤੇ ਨਾ ਕੋਈ ਦਵਾਈ ਮਰੀਜ਼ਾਂ ਨੂੰ ਮਿਲ ਰਹੀ ਹੈ।
ਸ: ਛੀਨਾ ਨੇ ਕਿਹਾ ਕਿ ਮਾਨ ਸਰਕਾਰ ਨੇ ਇਸ ਬਜਟ ’ਚ ਪੇਂਡੂ ਵਿਕਾਸ, ਛੋਟੀ ਸਨਅਤ ਅਤੇ ਗਰੀਬ ਪਰਿਵਾਰਾਂ ਦੀ ਮਦਦ ਲਈ ਜੋ ਚੋਣਾਂ ਦੌਰਾਨ ਦਾਅਵੇ ਕੀਤੇ ਸਨ, ਉਹ ਸਾਰੇ ਝੂਠ ਦੇ ਪੁਲੰਦੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਸੂਬੇ ’ਚ ‘ਆਪ’ ਦੀ ਸਰਕਾਰ ਆਈ ਹੈ, ਸੂਬੇ ’ਚ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਤਾਂ ਕੀ ਕਰਵਾਉਣੇ, ਸਗੋਂ ਪਹਿਲਾਂ ਚੱਲਦੇ ਕੰਮ ਵੀ ਬੰਦ ਕਰਵਾ ਦਿੱਤੇ ਹਨ, ਜਿਸ ਨਾਲ ਪੰਜਾਬ ਦੀ ਅਰਥ‐ਵਿਵਸਥਾ ਡਗਮਗਾ ਗਈ ਹੈ। ਬੇਰੋਜਗਾਰੀ, ਸਿੱਖਿਅਤ ਢਾਂਚਾ ਕਮਜ਼ੋਰ, ਜ਼ੁਰਮਾਂ ਦਾ ਬੋਲਬਾਲਾ ਅਤੇ ਲੋਕਾਂ ਦੀ ਸੁਰੱਖਿਆ ’ਤੇ ਸਵਾਲ੍ਹੀਆ ਨਿਸ਼ਾਨ ਲੱਗ ਗਿਆ ਹੈ। ਸ: ਛੀਨਾ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ’ਚ ਰੋਜ਼ਗਾਰ ਮੁਹੱਈਆ ਕਰਵਾਉਣਾ, ਉਚ ਸਿੱਖਿਆ, ਮੈਡੀਕਲ ਅਤੇ ਹੋਰ ਸਰਕਾਰੀ ਸਹੂਲਤਾਂ ਸਬੰਧੀ ਵੱਡੇ ਦਾਅਵੇ ਕੀਤੇ ਜੋ ਪੰਜਾਬ ਸਰਕਾਰ ਪੁੰਗਾਉਣ ’ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਹੂਲਤਾਂ ਪੱਖੋਂ ਭੋਲੀਭਾਲੀ ਜਨਤਾ ਨੂੰ ਬਜਟ ’ਚ ਲਾਲੀਪੋਪ ਦਿੰਦਿਆਂ ਅਸਲ ਬਜਟ ਨੂੰ ਭਟਕਾਇਆ ਗਿਆ ਹੈ। ਪੰਜਾਬ ’ਚ ਵੱਡੀ ਗਿਣਤੀ ’ਚ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਹੁਲੜਬਾਜ਼ਾਂ ਵੱਲੋਂ ਕੀਤੇ ਗਏ ਨੌਜਵਾਨ ਨਿਹੰਗ ਸਿੰਘ ਦੀ ਹੱਤਿਆ ਹੈ। ਜਿਨ੍ਹਾਂ ਨੇ ਇਕ ਮਾਂ ਤੋਂ ਉਸਦਾ ਪੁੱਤਰ ਅਤੇ ਭੈਣਾਂ ਤੋਂ ਭਰਾ ਖੋਹ ਲਿਆ ਹੈ।

