ਗੁਰਦੁਆਰਾ ਕੈਂਪਸ ਵਿਚ ਗਰੀਨ ਬੈਲਟ ਪਲਾਨਿੰਗ ਬਾਰੇ ਲੈਕਚਰ ਕਰਵਾਇਆ
ਬਹਾਦਰਗੜ੍ਹ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿਖੇ ਚੱਲ ਰਹੇ ‘ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)’ ਅਤੇ ‘ਬੈਚੁਲਰ ਆਫ਼ ਆਰਟਸ ਇਨ ਗੁਰਮੁਖੀ ਐਜੂਕੇਸ਼ਨ’ ਦੇ ਵਿਦਿਆਰਥੀਆਂ ਲਈ ’ਗਰੀਨ ਬੈਲਟ ਪਲਾਨਿੰਗ : ਇਕ ਜਾਣ-ਪਛਾਣ’ ਵਿਸ਼ੇ ਤਹਿਤ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਪ੍ਰਿੰਸੀਪਲ ਕਰਮਜੀਤ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਨੌਰ ਨੇ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ 2019 ਤੋਂ ਇੰਸਟੀਚਿਊਟ ਵਿਚ ਗੁਰਦੁਆਰਾ ਮੈਨੇਜਮੈਂਟ ਦੇ ਕੋਰਸ ਵਿਚ, ‘ਗੁਰਦੁਆਰਾ ਕੈਂਪਸ ਪਲਾਨਿੰਗ ਐਂਡ ਲੈਂਡਸਕੇਪ ਡਿਜ਼ਾਈਨਿੰਗ’ ਦਾ ਪੇਪਰ ਪੜ੍ਹਾਇਆ ਜਾ ਰਿਹਾ ਹੈ। ਇਸ ਪੇਪਰ ਵਿਚ ਗੁਰਦੁਆਰਾ ਸਾਹਿਬਾਨ ਦੇ ਕੈਂਪਸ ਨੂੰ ਹਰਿਆ-ਭਰਿਆ, ਹਵਾਦਾਰ ਅਤੇ ਕੁਦਰਤ ਅਨੁਕੂਲ ਬਣਾਉਣ ਬਾਰੇ ਪੜ੍ਹਾਇਆ ਜਾਂਦਾ ਹੈ। ਪ੍ਰਿੰਸੀਪਲ ਕਰਮਜੀਤ ਕੌਰ ਨੇ ਆਖਿਆ ਕਿ ਮਨੁੱਖ ਦੀਆਂ ਗਲਤੀਆਂ ਕਰਕੇ ਵਾਤਾਵਰਣਿਕ ਤਬਦੀਲੀਆਂ ਹੋ ਰਹੀਆਂ ਹਨ।
ਗੁਰੂ ਸਾਹਿਬਾਨ ਮਨੁੱਖ ਨੂੰ ਵਾਤਾਵਰਣ ਦੀ ਸੰਭਾਲ ਅਤੇ ਇਸ ਨਾਲ ਪਿਆਰ ਕਰਨ ਦੀ ਸਿਖਿਆ ਦਿੰਦੇ ਹਨ। ਰੁੱਖ ਸਾਨੂੰ ਪਾਲ ਰਹੇ ਹਨ। ਸਾਡੀ ਰੋਜ਼ਾਨਾ ਜਿੰਦਗੀ ਦੀਆਂ ਜ਼ਰੂਰਤਾਂ ਲਈ ਅਸੀਂ ਇਨ੍ਹਾਂ ਉਪਰ ਨਿਰਭਰ ਕਰਦੇ ਹਾਂ। ਰੁੱਖ ਧਰਤੀ ਦੇ ਫੇਫੜੇ ਹਨ। ਭਗਵਾਨ ਸ਼ਬਦ ਦਾ ਅਰਥ ‘ਭ’ ਤੋਂ ਭੂਮੀ, ‘ਗ’ ਤੋਂ ਗਗਨ, ‘ਵ’ ਤੋਂ ਵਾਯੂ, ‘ਅ’ ਤੋਂ ਅਗਨੀ ਅਤੇ ‘ਨ’ ਤੋਂ ਨੀਰ ਹੈ। ਸਾਡੇ ਸਰੀਰ ਦੀ ਰਚਨਾ ਪੰਜ ਤੱਤਾਂ ਤੋਂ ਹੋਈ ਹੈ। ਸਾਡੀ ਧਰਤੀ ਦਾ ਨਾਮ ‘ਪੰਜਾਬ’ ਵੀ ਕੁਦਰਤੀ ਸੋਮਿਆਂ ਕਰਕੇ ਹੋਂਦ ਵਿਚ ਆਇਆ। ਹੁਣ ਬਦਲ ਰਹੇ ਵਾਤਾਵਰਣ ਅਤੇ ਘਟ ਰਹੀ ਜ਼ਮੀਨ ਕਰਕੇ ‘ਗਰੀਨ ਬੈਲਟ ਯੋਜਨਾ’ ਦਾ ਵਡਮੁੱਲਾ ਸਥਾਨ ਹੈ। ਇਸ ਦਾ ਮਕਸਦ ਥੋੜ੍ਹੀ ਤੋਂ ਥੋੜ੍ਹੀ ਜਗ੍ਹਾ ਨੂੰ ਵੀ ਹਰਿਆ-ਭਰਿਆ ਕਰਨਾ ਹੈ। ਜਦੋਂ ਜ਼ਮੀਨਾਂ ਖੁੱਲ੍ਹੀਆਂ ਸਨ, ਤਾਂ ਲੋਕ ਤ੍ਰਿਵੇਣੀ ਲਾਉਂਦੇ ਸਨ ਜਿਸ ਵਿਚ ਬਰੋਟਾ, ਪਿੱਪਲ ਤੇ ਨਿੰਮ ਦੇ ਰੁੱਖ ਸ਼ਾਮਲ ਹੁੰਦੇ ਸਨ। ਉਨ੍ਹਾਂ ਪੀ.ਪੀ.ਟੀ. ਰਾਹੀਂ ਵੱਖ-ਵੱਖ ਲੈਂਡਸਕੇਪ ਦੇ ਡਿਜ਼ਾਈਨ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਡਾ. ਚਮਕੌਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦੇ ਆਖਿਆ ਕਿ ਸਾਨੂੰ ਕੁਦਰਤ ਦੇ ਹਰ ਰੰਗ, ਹਰ ਸ਼ੈਅ ਨੂੰ ਮਾਨਣਾ ਚਾਹੀਦਾ ਹੈ। ਕੁਦਰਤ ਮਨੁੱਖੀ ਜੀਵਨ ਲਈ ਇਕ ਵਡਮੁੱਲੀ ਦਾਤ ਹੈ। ਇਸ ਦੀ ਸਾਂਭ-ਸੰਭਾਲ ਕਰਨੀ ਹਰ ਮਨੁੱਖ ਦਾ ਫਰਜ਼ ਬਣਦਾ ਹੈ। ਵਿਦਿਆਰਥੀਆਂ ਨੇ ਲੈਕਚਰ ਦਾ ਭਰਪੂਰ ਅਨੰਦ ਲਿਆ। ਵਿਦਵਾਨ ਵਕਤਾ ਨੂੰ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

