ਅੰਮ੍ਰਿਤਸਰ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਸੁਨਹਿਰੀ ਮੀਨਾਕਾਰੀ ਦੀ ਸੇਵਾ ਆਰੰਭ- ਡਾ:ਪੀ ਐਸ ਪਸਰੀਚਾ

ਅੰਮ੍ਰਿਤਸਰ 17 ਮਾਰਚ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੀ ਅੰਦਰਲੀ ਪਰਕਰਮਾ ਵਿਚਲੀ ਕਈ ਥਾਈਂ ਖਰਾਬ ਹੋ ਚੁੱਕੀ ਮੀਨਾਕਾਰੀ ਨੂੰ ਦੁਬਾਰਾ ਪੁਰਾਤਨ ਵਿਰਾਸਤੀ ਦਿੱਖ ਦੇਣ ਦਾ ਮਹੱਤਵਪੂਰਨ ਨਿਰਣਾ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਪ੍ਰਸ਼ਾਸਕ ਸਾਹਿਬ ਵੱਲੋਂ ਲਿਆ ਗਿਆ ਹੈ । ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਇਮਾਰਤ, ਅੰਦਰਵਾਰ ਛੱਤ ਅਤੇ ਦੀਵਾਰਾਂ ਦੀ ਸੁਨਹਿਰੀ ਮੀਨਾਕਾਰੀ ਦੀ ਸੇਵਾ ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਲੋਂ ਕਰਵਾਈ ਗਈ ਸੀ । ਲੇਕਿਨ ਸਮੇਂ ਦੇ ਗੇੜ ਨਾਲ ਤਖ਼ਤ ਸੱਚਖੰਡ ਸਾਹਿਬ ਦੇ ਅੰਦਰ ਕਈ ਜਗ੍ਹਾ ਤੇ ਇਹ ਸੁਨਹਿਰੀ ਦਿਖ ਵਾਲੀ ਮੀਨਾਕਾਰੀ ਮੱਧਮ ਪੈ ਗਈ ਹੈ ਜਾਂ ਖਰਾਬ ਹੋ ਗਈ ਹੈ । ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਮੀਨਾਕਾਰੀ ਦੀ ਪੁਨਰ ਸੁਰਜੀਤੀ ਨਾਲ, ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਮਹਾਨ ਇਤਿਹਾਸਕ ਗੁਰਧਾਮ ਅਸਥਾਨ ਦੀ ਪੁਰਾਤਨ ਵਿਰਾਸਤੀ ਦਿੱਖ ਬਹਾਲ ਹੋਵੇਗੀ, ਉਥੇ ਤਖ਼ਤ ਸਾਹਿਬ ਦੀ ਆਨ, ਸ਼ਾਨ ਤੇ ਆਭਾ ਨੂੰ ਹੋਰ ਚਾਰ ਚੰਨ ਲੱਗਣਗੇ।

ਇਸ ਮੀਨਾਕਾਰੀ ਦੀ ਪੁਨਰ ਸੁਰਜੀਤੀ ਦਾ ਮਹੱਤਵਪੂਰਨ ਕਾਰਜ ਸਤਿਕਾਰਯੋਗ ਭਾਈ ਮਹਿੰਦਰ ਸਿੰਘ ਜੀ ਯੂ. ਕੇ. ਵਾਲਿਆਂ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਾਨਯੋਗ ਸਿੰਘ ਸਾਹਿਬ ਜੱਥੇਦਾਰ ਬਾਬਾ ਕੁਲਵੰਤ ਸਿੰਘ ਜੀ, ਪੰਜ ਪਿਆਰੇ ਸਾਹਿਬਾਨ ਦੀ ਹਾਜਰੀ ਵਿੱਚ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਪ੍ਰਸ਼ਾਸਕ ਸਾਹਿਬ ਵਲੋਂ ਸੌਂਪਿਆ ਗਿਆ ਹੈ । ਇਹ ਮਹਾਨ ਸੇਵਾ ਅੱਜ ਮਿਤੀ ੧੭ ਮਾਰਚ ੨੦੨੩ ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਨਾਲ ਆਰੰਭ ਹੋਈ । ਇਸ ਸ਼ੁਭ ਮੌਕੇ ‘ਤੇ ਤਖ਼ਤ ਸੱਚਖੰਡ ਸਾਹਿਬ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ, ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆ, ਸਿੰਘ ਸਾਹਿਬ ਭਾਈ ਜੋਤਇੰਦਰ ਸਿੰਘ ਜੀ ਮੀਤ ਜਥੇਦਾਰ, ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਹੈਡ ਗ੍ਰੰਥੀ, ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ ਮੀਤ ਗ੍ਰੰਥੀ, ਭਾਈ ਗੁਰਦੀਪ ਸਿੰਘ ਜੀ,ਮਾਨਯੋਗ ਪ੍ਰਸ਼ਾਸਕ ਸਾਹਿਬ ਡਾ. ਪਰਵਿੰਦਰ ਸਿੰਘ ਜੀ ਪਸਰੀਚਾ, ਬਾਬਾ ਮਹਿੰਦਰ ਸਿੰਘ ਜੀ ਯੂ.ਕੇ., ਭਾਈ ਇੰਦਰਜੀਤ ਸਿੰਘ ਜੀ ਬਿੱਟੂ, ਇੰਗਲੈਂਡ ਤੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੀਆਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ, ਸ੍ਰ. ਜਸਬੀਰ ਸਿੰਘ ਜੀ ਧਾਮ, ਸ੍ਰ. ਸ਼ਰਨ ਸਿੰਘ ਸੋਢੀ ਸੁਪਰਡੈਂਟ,ਸ੍ਰ.ਨਾਰਾਇਣ ਸਿੰਘ ਨੰਬਰਦਾਰ ਓ.ਐਸ.ਡੀ, ਸ੍ਰ. ਠਾਨ ਸਿੰਘ ਬੁੰਗਈ ਡਿਪਟੀ ਸੁਪਰਡੈਂਟ, ਸ. ਹਰਜੀਤ ਸਿੰਘ ਕੜ੍ਹੇਵਾਲੇ ਤੇ ਸ੍ਰ ਜੈਮਲ ਸਿੰਘ ਪੀ.ਏ. ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।

Leave a Reply

Your email address will not be published. Required fields are marked *