ਸਿੱਖ ਨੌਜਵਾਨਾਂ ਤੇ ਐਨਐਸਏ ਲਗਾਕੇ ਜੇਲ੍ਹ ’ਚ ਸੁੱਟਣਾ ਵੱਡੀ ਬੇਇਨਸਾਫੀ : ਜਥੇਦਾਰ ਕਰਨੈਲ ਸਿੰਘ ਪੰਜੋਲੀ
ਅਤੀਤ ਦੀਆਂ ਗਲਤੀਆਂ ਤੋਂ ਸਰਕਾਰਾਂ ਸਬਕ ਲੈ ਕੇ ਮਸਲੇ ਦਾ ਸੰਜੀਦਾ ਹੱਲ ਕੱਢੇ
ਸਰਕਾਰਾਂ ਦੱਸਣ ਖਾਲਸਾ ਪੰਥ ਦੀ ਅੰਮਿ੍ਰਤ ਸੰਚਾਰ ਦੀ ਮੁਹਿੰਮ ਦੇਸ਼ ਵਿਰੋਧੀ ਕਿਵੇਂ ਹੋਗੀ?
ਫਤਹਿਗੜ੍ਹ ਸਾਹਿਬ 20 ਮਾਰਚ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਵਰਗੇ ਕਾਨੂੰਨ ਦੀ ਵਰਤੋਂ ਕਰਨਾ ਅਤੇ ਉਨ੍ਹਾਂ ਨੂੰ ਗਿ੍ਰਫਤਾਰ ਕਰਕੇ ਅਸਾਮ ਦੀ ਜੇਲ੍ਹ ਵਿਚ ਸੁੱਟਣਾ ਸਿੱਖਾਂ ਪ੍ਰਤੀ ਵੱਡੀ ਬੇਇਨਸਾਫੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸਰਕਾਰਾਂ ਦੇ ਅਜਿਹੇ ਫੈਸਲਿਆਂ ਨੇ ਸਿੱਖ ਕੌਮ ਨੂੰ ਬੇਹੱਦ ਨਿਰਾਸ਼ ਕੀਤਾ ਹੈ ਅਤੇ ਪੰਥਕ ਸਫਾਂ ਵਿਚ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਦਾ ਇਕ ਹੋਰ ਪੰਨਾ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਫਾਂ ਵਿਚ ਰਾਜਨੀਤਕ ਲੋਕ ਹਮੇਸ਼ਾ ਹੱਦਾਂ ਪਾਰ ਕਰਦੇ ਹੋਏ ਕਾਨੁੂੰਨ ਨਾਲ ਖਿਲਵਾੜ ਕਰਦੇ ਹਨ ਕੀ ਉਹ ਦੇਸ਼ ਵਿਰੋਧੀ ਕਦਮ ਨਹੀਂ ਹੁੰਦੇ ਅਤੇ ਉਸ ਸਮੇਂ ਅਜਿਹੇ ਸਖਤ ਕਾਨੂੰਨ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਫੜੋ ਫੜੀ ਅਤੇ ਐਨ ਐਸ ਏ ਵਰਗੀਆਂ ਸਖਤ ਧਾਰਾਵਾਂ ਲਗਾਕੇ ਜੇਲ੍ਹਾਂ ’ਚ ਸੁੱਟਣ ਦੀ ਕਵਾਇਦ ਨੇ ਦੱਸ ਦਿੱਤਾ ਹੈ ਕਿ ਸਰਕਾਰਾਂ ਨੇ ਹਮੇਸ਼ਾ ਬੇਇਨਸਾਫੀ ਕੀਤੀ ਹੈ ਅਤੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਵਾਰ ਵਾਰ ਕਰਵਾਇਆ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਬੇਇਨਸਾਫੀਆਂ ਅਤੇ ਧੱਕਿਆਂ ਕਾਰਨ ਅਜਿਹੇ ਹਾਲਾਤ ਵਾਰ ਵਾਰ ਪਨਪਦੇ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਬਹੁਤ ਸਾਰੇ ਮਸਲਿਆਂ ਦਾ ਹੱਲ ਸੰਜੀਦਾ ਤਰੀਕੇ ਨਾਲ ਵੀ ਹੋ ਸਕਦਾ ਅਤੇ ਸੰਵਾਦ ਨਾਲ ਅਨੇਕਾਂ ਮਸਲਿਆਂ ਦਾ ਹੱਲ ਹੁੰਦਾ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਰਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਅੰਮਿ੍ਰਤ ਸੰਚਾਰ ਦੀ ਮੁਹਿੰਮ ਆਰੰਭੀ ਗਈ ਉਹ ਵੀ ਸਰਕਾਰਾਂ ਬਰਦਾਸ਼ਤ ਨਾ ਕਰ ਸਕੀਆਂ। ਉਨ੍ਹਾਂ ਸਰਕਾਰਾਂ ਨੂੰ ਸਵਾਲ ਪਾਉਂਦਿਆਂ ਕਿਹਾ ਕਿ ਖਾਲਸਾ ਪੰਥ ਦੀ ਅੰਮਿ੍ਰਤ ਸੰਚਾਰ ਦੀ ਮੁਹਿੰਮ ਦੇਸ਼ ਵਿਰੋਧੀ ਕਿਵੇਂ ਹੋ ਗਈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਰਾਜਨੀਤਕ ਲੋਕਾਂ ਨੇ ਚੰਦ ਵੋਟਾਂ ਖਾਤਰ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕੀਤਾ ਇਥੋਂ ਤੱਕ ਨਸ਼ਿਆਂ ਦੀ ਦਲਦਲ ਵਿਚੋਂ ਧੱਕਿਆ ਅਤੇ ਗੈਂਗਰਵਾਰ ਦਾ ਹਿੱਸਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਜਿਹੜੇ ਸਿਆਸੀ ਲੋਕਾਂ ਨੇ ਸਾਡੀ ਪੰਜਾਬ ਜਵਾਨੀ ਬਰਬਾਦ ਕੀਤੀ ਹੈ ਅਜਿਹੇ ਲੋਕਾਂ ਖਿਲਾਫ਼ ਐਨ ਐਸ ਏ ਵਰਗੇ ਕਾਨੂੰਨ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਤੀਤ ਦੀਆਂ ਗਲਤੀਆਂ ਤੋਂ ਕੁਝ ਸਿੱਖਣਾ ਚਾਹੀਦਾ ਜੇ ਅਜਿਹੀਆਂ ਵਧੀਕੀਆਂ ਹੀ ਚੱਲਦੀਆਂ ਰਹੀਆਂ ਤਾਂ ਨੌਜਵਾਨਾਂ ਵਿਚ ਬੇਗਾਨਗੀ ਦਾ ਅਹਿਸਾਸ ਵਧੇਗਾ ਅਤੇ ਹਾਲਾਤ ਵਾਰ ਵਾਰ ਟਕਰਾਅ ਵਾਲੇ ਪਾਸੇ ਚਲੇ ਜਾਂਦੇ ਹਨ ਇਸ ਕਰਕੇ ਸਰਕਾਰਾਂ ਸਿੱਖ ਨੌਜਵਾਨਾਂ ਨਾਲ ਅਜਿਹੀਆਂ ਵਧੀਕੀਆਂ ਕਰਨ ਤੋਂ ਗਰੇਜ਼ ਕਰਨ ਅਤੇ ਐਨ ਐਸ ਏ ਵਰਗੇ ਕਾਨੂੰਨ ਲਗਾਕੇ ਗਿ੍ਰਫਤਾਰੀਆਂ ਦੇ ਰੁਝਾਨ ਨੂੰ ਰੋਕੇ।

