ਪਟਿਆਲਾ

ਈ. ਐੱਮ.ਆਰ.ਸੀ. ਨੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਮਾਹਿਰਾਂ ਨਾਲ਼ ਲਗਾਈ ਸਿਖਲਾਈ ਵਰਕਸ਼ਾਪ

ਪੱਛਮੀ ਬੰਗਾਲ, ਕੇਰਲਾ, ਮਿਜ਼ੋਰਮ ਆਦਿ ਦੇ ਪਿਛੋਕੜ ਵਾਲੇ ਇਹ ਮਾਹਿਰ ਬਣਾਉਣਗੇ ਸਮਾਜ ਵਿਗਿਆਨ ਦੇ ਔਨਲਾਈਨ ਕੋਰਸ

ਕੁੱਲ 70 ਭਾਸ਼ਣ ਹੋਣਗੇ ਰਿਕਾਰਡ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਕੇਂਦਰ ਸਰਕਾਰ ਦੇ ਅਦਾਰੇ ਐਜੂਕੇਸ਼ਨਲ ਮਲਟੀਮੀਡੀਅਰ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਪਟਿਆਲਾ ਨੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਮਾਹਿਰਾਂ ਨਾਲ਼ ਦੋ ਮੂਕਸ ਕੋਰਸਾਂ ( (ਮੈਸਵ ਓਪਨ ਔਨਲਾਈਨ ਕੋਰਸ) ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕੋਰਸ ਈ. ਐੱਮ. ਆਰ. ਸੀ. ਪਟਿਆਲਾ ਰਾਹੀਂ ਸੀ.ਈ.ਸੀ. ਨਵੀਂ ਦਿੱਲੀ ਤੋਂ ਪ੍ਰਵਾਨਿਤ ਹਨ ਜਿਨ੍ਹਾਂ ਦੇ ਕੋਰਸ ਕੋਆਰਡੀਨੇਟਰ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿੱਚ ਸਮਾਜ ਵਿਗਿਆਨ ਪੜ੍ਹਾਉਣ ਵਾਲੇ ਡਾ. ਅਦਿੱਤਯਾ ਰੰਜਨ ਕਪੂਰ ਹਨ। ਅੱਜ ਈ. ਐੱਮ.ਆਰ.ਸੀ. ਪਟਿਆਲਾ ਵਿਖੇ ਡਾ. ਅਦਿੱਤਯਾ ਰੰਜਨ ਕਪੂਰ ਦੀ ਟੀਮ ਨਾਲ ਜੁੜੇ ਸਾਰੇ ਮਾਹਿਰਾਂ ਦੀ ਟੀਮ ਦੀ ਸਿਖਲਾਈ ਵਰਕਸ਼ਾਪ ਲਗਾਈ ਗਈ ਜਿਸ ਬਾਰੇ ਉਨ੍ਹਾਂ ਨੂੰ ਮੂਕਸ ਕੋਰਸਾਂ ਦੇ ਨਿਰਮਾਣ ਵਿੱਚ ਲੋੜੀਂਦੀਆਂ ਯੋਗਤਾਵਾਂ ਅਤੇ ਤਕਨਾਲੌਜੀ ਬਾਰੇ ਜਾਣੂ ਕਰਵਾਇਆ ਗਿਆ। ਦੱਸਣਯੋਗ ਹੈ ਕਿ ਈ. ਐੱਮ.ਆਰ. ਸੀ. ਪਟਿਆਲਾ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਵੀ ਕੇਂਦਰ ਹੈ। ਇਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਜੇਕਰ ਕਿਸੇ ਵੀ ਯੂਨੀਵਰਸਿਟੀ ਦਾ ਮੂਕਸ ਕੋਰਸ ਸੀ.ਈ.ਸੀ. ਨਵੀਂ ਦਿੱਲੀ ਵੱਲੋਂ ਪ੍ਰਵਾਨਿਤ ਹੁੰਦਾ ਹੈ ਤਾਂ ਉਸ ਦਾ ਨਿਰਮਾਣ ਈ. ਐੱਮ.ਆਰ. ਸੀ., ਪਟਿਆਲਾ ਵੱਲੋਂ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਤਿਆਰ ਕੀਤੇ ਜਾਂਦੇ ਮੂਕਸ (ਮੈਸਵ ਓਪਨ ਔਨਲਾਈਨ ਕੋਰਸ) ‘ਸਵੈਮ’ ਮੋਬਾਈਲ ਐਪ ਰਾਹੀਂ ਸਮੁੱਚੇ ਭਾਰਤ ਦੇ ਚਾਹਵਾਨ ਵਿਦਿਆਰਥੀਆਂ ਲਈ ਉਪਲਬਧ ਕਰਵਾਏ ਜਾਂਦੇ ਹਨ।

ਸਾਲ 2022 ਦੌਰਾਨ ਈ. ਐੱਮ. ਆਰ. ਸੀ. ਪਟਿਆਲਾ ਨੂੰ ਸੀ. ਈ.ਸੀ. ਤੋਂ 14 ਕੋਰਸ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚੋਂ ਛੇ ਕੋਰਸ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਮਾਹਿਰਾਂ ਵੱਲੋਂ ਤਜਵੀਜ਼ਤ ਸਨ। ਡਾ. ਅਦਿੱਤਯਾ ਰੰਜਨ ਕਪੂਰ ਦੇ ਇੱਕ ਕੋਰਸ ਵਿੱਚ 20 ਭਾਸ਼ਣ ਰਿਕਾਰਡ ਕੀਤੇ ਜਾਣਗੇ ਅਤੇ ਦੂਜੇ ਕੋਰਸ ਵਿੱਚ 50 ਭਾਸ਼ਣ ਰਿਕਾਰਡ ਕੀਤੇ ਜਾਣਗੇ। ਇਹ ਕੋਰਸ ਈ. ਐੱਮ. ਆਰ.ਸੀ. ਦੇ ਤਿੰਨ ਪ੍ਰੋਡਿਊਸਰਾਂ ਤੇਜਿੰਦਰ ਸ਼ਰਮਾ, ਕੁਲਪਿੰਦਰ ਸ਼ਰਮਾ ਅਤੇ ਚੰਦਨ ਕੁਮਾਰ ਦੀ ਦੇਖ ਰੇਖ ਵਿੱਚ ਬਣਾਏ ਜਾਣਗੇ।
ਇਸ ਮੌਕੇ ਗੱਲ ਕਰਦਿਆਂ ਡਾ. ਅਦਿੱਤਯਾ ਰੰਜਨ ਕਪੂਰ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਪਟਿਆਲੇ ਆ ਕੇ ਕੰਮ ਕਰਨਾ ਇੱਕ ਨਵਾਂ ਤਜਰਬਾ ਰਹੇਗਾ ਅਤੇ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਈ. ਐੱਮ.ਆਰ. ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਪਿਛਲੇ ਵੱਖ-ਵੱਖ ਸਮੇਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਦੇ ਮਾਹਿਰਾਂ ਨੇ ਈ. ਐੱਮ. ਆਰ. ਸੀ. ਨਾਲ਼ ਕੰਮ ਕਰਨਾ ਸ਼ੁਰੂ ਕੀਤਾ ਹੈ ਜਿਸ ਨਾਲ਼ ਈ. ਐੱਮ.ਆਰ. ਸੀ. ਦੇ ਕੰਮ ਵਿੱਚ ਵਾਧਾ ਹੋਇਆ ਹੈ। ਡਾ. ਅਦਿੱਤਯਾ ਰੰਜਨ ਕਪੂਰ, ਡਾ. ਸ਼ਬੀ ਗਰਗ, ਡਾ. ਅਨੁਗ੍ਰਹਿ ਮੈਰਿਨ ਰਾਜਨ ਅਤੇ ਹੋਰ ਮਾਹਿਰਾਂ ਨਾਲ਼ ਕੰਮ ਕਰਦਿਆਂ ਸਾਡੇ ਤਜਰਬੇ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਟੀਮ ਦੇ ਮੈਂਬਰ ਵੱਖ-ਵੱਖ ਸੂਬਿਆਂ ਤੋਂ ਹਨ। ਡਾ. ਅਦਿੱਤਯਾ ਰੰਜਨ ਕਪੂਰ ਆਪ ਪੱਛਮੀ ਬੰਗਾਲ ਤੋਂ ਹਨ ਅਤੇ ਹੈਦਰਾਬਾਦ ਤੋਂ ਪੀ-ਐੱਚ.ਡੀ. ਹਨ। ਅਨੁਗ੍ਰਹਿ ਦਾ ਸੂਬਾ ਕੇਰਲਾ ਹੈ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਕਰਨਾਟਕ ਦੀ ਕੇਂਦਰੀ ਯੂਨੀਵਰਸਿਟੀ ਤੋਂ ਕੀਤੀ ਹੈ। ਡਾ.ਸ਼ਬੀ ਗਰਗ ਨੇ ਆਪਣੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਅਤੇ ਇਸ ਵੇਲੇ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿੱਚ ਪੜ੍ਹਾ ਰਹੇ ਹਨ। ਇਸੇ ਤਰ੍ਹਾਂ ਡਾ. ਲਾਲ੍ਹਮਾਗ੍ਹੀ ਚਾਕਚੁੱਕ ਨੇ ਆਪਣੀ ਮੁੱਢਲੀ ਪੜ੍ਹਾਈ ਮਿਜ਼ੋਰਮ ਵਿੱਚੋਂ ਕੀਤੀ ਅਤੇ ਅਤੇ ਆਪਣੀ ਖੋਜ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਤੋਂ ਕੀਤੀ ਹੈ। ਸੋ ਇਸ ਕੋਰਸ ਵਿੱਚ ਦੇਸ ਦੇ ਵੱਖ-ਵੱਖ ਸੂਬਿਆਂ ਤੋਂ ਮਾਹਿਰ ਸ਼ਾਮਿਲ ਹਨ ਜਿਸ ਨਾਲ ਸਮਾਜ ਵਿਗਿਆਨ ਦਾ ਇਹ ਕੋਰਸ ਜਿ਼ਆਦਾ ਵਡਮੁੱਲਾ ਸਾਬਿਤ ਹੋਵੇਗਾ।

Leave a Reply

Your email address will not be published. Required fields are marked *