ਵਿਸ਼ਵ ਜੀਆਂ ਲਈ ਉਸਾਰੂ ਖੋਜ ਅਤੇ ਤਕਨਾਲੌਜੀ’ ਵਿਸ਼ੇ ਉੱਤੇ ਭਾਸ਼ਣ ਕਰਵਾਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਬਾਇਓ ਤਕਾਨਲੌਜੀ ਅਤੇ ਭੋਜਨ ਤਕਨਾਲੌਜੀ ਵਿਭਾਗ ਵੱਲੋਂ ਕੌਮੀ ਵਿਗਿਆਨ ਦਿਹਾੜੇ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਡਾ. ਜਸਪ੍ਰੀਤ ਸਿੰਘ ਧਾਊ ਨੇ ‘ਵਿਸ਼ਵ ਜੀਆਂ ਲਈ ਉਸਾਰੂ ਖੋਜ ਅਤੇ ਤਕਨਾਲੌਜੀ’ ਵਿਸ਼ੇ ਉੱਤੇ ਆਪਣਾ ਭਾਸ਼ਣ ਦਿੱਤਾ। ਡਾ. ਜਸਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਨਵੀਂ ਉਮਰ ਦੇ ਖੋਜਾਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਖੋਜ ਅਤੇ ਤਕਨਾਲੌਜੀ ਦੇ ਵਿਕਾਸ ਸਮੇਂ ਇਸ ਦੇ ਉਸਾਰੂ ਹੋਣ ਦੇ ਪੱਖ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਮਹੱਤਵਪੂਰਨ ਹੁੰਦੀਆਂ ਹਨ ਜੋ ਸਮਾਜ ਨੂੰ ਸਿੱਧੇ ਤੌਰ ਉੱਤੇ ਫ਼ਾਇਦਾ ਪਹੁੰਚਾਉਂਦੀਆਂ ਹੋਣ। ਉਨ੍ਹਾਂ ਕਿਹਾ ਕਿ ਖੋਜਾਰਥੀਆਂ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਸਮੱਸਿਆਵਾਂ ਸੁਲਝਾਉਣ ਵਾਲੀ ਖੋਜ ਦੇ ਰਸਤੇ ਪੈਣ।
ਘਰਾਂ ਦੇ ਅੰਦਰ ਸਾਡੇ ਸਭ ਤੋਂ ਨੇੜਲੇ ਚੌਗਿਰਦੇ ਦੀ ਹਵਾ-ਸ਼ੁੱਧਤਾ ਬਾਰੇ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵੇਲ਼ੇ ਅਸੀਂ ਸਿੱਖਿਆ ਹੈ ਕਿ ਇਸ ਨੂੰ ਸ਼ੁੱਧ ਰੱਖਣਾ ਕਿੰਨਾ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਬਹੁਤ ਸਾਰੀ ਖੋਜ ਲੋੜੀਂਦੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਜਿੱਥੇ ਵਿਭਾਗ ਦੀ ਇਸ ਪ੍ਰੋਗਰਾਮ ਲਈ ਸ਼ਲਾਘਾ ਕੀਤੀ ਉੱਥੇ ਨਾਲ਼ ਹੀ ਉਨ੍ਹਾਂ ਕਿਹਾ ਕਿ ਅਜਿਹੇ ਵਿਸਿ਼ਆਂ ਉੱਤੇ ਹੋਰ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਕਿ ਖੋਜਾਰਥੀ ਪ੍ਰੇਰਿਤ ਹੋ ਸਕਣ ਅਤੇ ਉਨ੍ਹਾਂ ਨੂੰ ਆਪਣੇ ਖੋਜ ਦੇ ਖੇਤਰ ਨਿਰਧਾਰਿਤ ਕਰਨ ਲਈ ਵਿਸ਼ੇਸ਼ ਦਿਸ਼ਾ ਮਿਲ ਸਕੇ। ਡਾ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਵੱਖ-ਵੱਖ ਟੀਚਿਆਂ ਦੀ ਪ੍ਰਾਪਤੀ ਲਈ ਅੰਤਰ-ਅਨੁਸ਼ਾਸਨੀ ਖੋਜ ਸਮੂਹਾਂ ਦਾ ਗਠਨ ਕਰਕੇ ਕੰਮ ਕਰਨ ਵਾਲ਼ੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਡਾ. ਮਨਰੁਚੀ ਕੌਰ ਡੀਨ, ਲਾਈਫ ਸਾਇੰਸਿਜ਼ ਨੇ ਕਿਹਾ ਕਿ ਸਾਨੂੰ ਖੋਜ ਗਤੀਵਿਧੀਆਂ ਰਾਹੀਂ ਸਮਾਜਕ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਾ ਚਾਹੀਦਾ ਹੈ।

