ਅੰਮ੍ਰਿਤਸਰਪੰਜਾਬ

ਭਾਜਪਾ ਭਾਰਤੀ ਸੰਸਦ ਵਿਚ ਕਾਰਵਾਈ ਕਿਉਂ ਨਹੀਂ ਚੱਲਣ ਦੇ ਰਹੀ: ਦਿਲਜੀਤ ਸਿੰਘ ਬੇਦੀ

ਅੰਮ੍ਰਿਤਸਰ 21 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਨੇ ਕਈ ਦਿਨਾਂ ਤੋਂ ਸੰਸਦ ਦੀ ਕਾਰਵਾਈ ਠੱਪ ਹੋਣ ਤੇ ਟਿਪਣੀ ਕਰਦਿਆ ਕਿਹਾ ਕਿ ਭਾਜਪਾ ਰਾਹੁਲ ਗਾਂਧੀ ਦੇ ਉਸ ਗੁਫਤ ਗੂ ਤੋਂ ਤਰਲੋ ਮੱਛੀ ਹੋ ਰਹੀ ਜੋ ਉਸ ਨੇ ਕੈਂਬਰਿਜ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਭਾਰਤ ਵਿਚ ਜਮਹੂਰੀਅਤ ਨੂੰ ਖ਼ੋਰਾ ਲੱਗ ਰਿਹਾ ਹੈ ਅਤੇ ਇਸ ਦਾ ਅਸਰ ਹੋਰ ਦੇਸ਼ਾਂ ਵਿਚਲੀ ਜਮਹੂਰੀ ਪ੍ਰਕਿਰਿਆ ਤੇ ਵੀ ਪਵੇਗਾ”। ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਟਿੱਪਣੀਆਂ ਦੇ ਆਧਾਰਤੇ ਇਹ ਬਿਰਤਾਂਤ ਘੜਿਆ ਹੈ ਕਿ ਰਾਹੁਲ ਗਾਂਧੀ ਨੇ ਵਿਦੇਸ਼ੀ ਧਰਤੀ ਤੇ ਭਾਰਤ ਦਾ ਅਪਮਾਨ ਕੀਤਾ ਹੈ ਅਤੇ ਉਸ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੰਗ ਨੂੰ ਲੈ ਕੇ ਸੱਤਾਧਾਰੀ ਧਿਰ ਸੰਸਦ ਦੀ ਕਾਰਵਾਈ ਚੱਲਣ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿੰਨੇ ਅਫਸੋਸ ਦੀ ਗੱਲ ਹੈ, ਇਹ ਉਹ ਪਾਰਟੀ ਕਰ ਰਹੀ ਹੈ। ਜਿਸ ਦੇ ਲੋਕ ਸਭਾ ਵਿਚ 303 ਮੈਂਬਰ ਹਨ।

ਸ. ਬੇਦੀ ਨੇ ਕਿਹਾ ਸੰਵਿਧਾਨਕ ਮਰਿਆਦਾ ਅਨੁਸਾਰ ਸੱਤਾਧਾਰੀ ਪਾਰਟੀ ਦਾ ਫ਼ਰਜ਼ ਹੈ ਕਿ ਲੋਕ ਸਭਾ ਤੇ ਰਾਜ ਸਭਾ ਵਿਚ ਕਾਰਵਾਈ ਸੰਵਿਧਾਨਕ ਤੇ ਸੰਵਾਦਮਈ ਤੌਰ-ਤਰੀਕੇ ਨਾਲ ਚਲਾਵੇ। ਉਨ੍ਹਾਂ ਕਿਹਾ ਕਾਂਗਰਸ ਦੇ ਆਗੂ ਇਹ ਦੋਸ਼ ਲਗਾ ਰਹੇ ਹਨ ਕਿ ਕਾਰਵਾਈ ਇਸ ਲਈ ਨਹੀਂ ਚੱਲਣ ਦਿੱਤੀ ਜਾ ਰਹੀ ਕਿਉਂਕਿ ਸੱਤਾਧਾਰੀ ਧਿਰ ਲੋਕਾਂ ਦਾ ਧਿਆਨ ਅਡਾਨੀ ਦੇ ਮੁੱਦੇ ਤੋਂ ਹਟਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿਸੇ ਵੀ ਪਾਰਟੀ ਦੁਆਰਾ ਸੰਸਦ ਨੂੰ ਸੰਵਾਦ ਹੀਣ ਬਣਾਉਣਾ ਅਸੰਵਿਧਾਨਕ ਹੈ, ਕਿਉਂ ਕਿ ਇਹ ਲੋਕਾਂ ਦੁਆਰਾ ਆਪਣੇ ਚੁਣੇ ਹੋਏ ਨੁਮਾਇੰਦਿਆਂ ਵਿਚ ਪ੍ਰਗਟਾਏ ਗਏ ਵਿਸ਼ਵਾਸ ਦੀ ਅਵੱਗਿਆ ਹੈ। ਸੰਵਾਦ ਸੰਸਦ ਵਿਚ ਵੀ ਅਤੇ ਸੰਸਦ ਤੋਂ ਬਾਹਰ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਗੋਸ਼ਟਿ ਤੇ ਵਿਚਾਰ- ਵਟਾਂਦਰਾ ਜਮਹੂਰੀਅਤ ਦੇ ਜ਼ਾਮਨ ਹਨ। ਵਰਤਮਾਨ ਹਾਲਾਤ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸੰਸਦ ਵਿਚ ਸੰਵਾਦ ਕਰਵਾਉਣ ਤੋਂ ਹਾਕਮ ਧਿਰ ਭੱਜ ਰਹੀ ਹੈ ਅਤੇ ਬਹਾਨਾ ਬਣਾ ਕੇ ਵਕਤ ਜਾਇਆ ਕਰ ਰਹੀ ਹੈ।

Leave a Reply

Your email address will not be published. Required fields are marked *