ਅੰਮ੍ਰਿਤਸਰਪੰਜਾਬ

ਅੰਮ੍ਰਿਤਪਾਲ ਮਾਮਲੇ ’ਚ ਆਈ. ਜੀ. ਦਾ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ, ਭੇਸ ਬਦਲ ਕੇ ਹੋਇਆ ਫਰਾਰ

ਚੰਡੀਗੜ੍ਹ/ਜਲੰਧਰ (ਮਧੂਸਾਰ ਬਿਊਰੋ): ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਪੰਜਾਬ ਪੁਲਸ ਦੇ ਆਈ. ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਵੱਡਾ ਖ਼ੁਲਾਸਾ ਕੀਤਾ ਹੈ। ਆਈ. ਜੀ. ਨੇ ਆਖਿਆ ਹੈ ਕਿ ਜਿਸ ਬ੍ਰੀਜ਼ਾ ਕਾਰ ਵਿਚ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਹੈ ਉਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਆਈ. ਜੀ. ਮੁਤਾਬਕ ਪੁਲਸ ਨੇ ਅੰਮ੍ਰਿਤਪਾਲ ਦੀ ਭੱਜਣ ਵਿਚ ਮਦਦ ਕਰਨ ਵਾਲੇ ਮਨਪ੍ਰੀਤ ਸਿੰਘ ਮੰਨਾ, ਗੁਰਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਹੈਪੀ ਅਤੇ ਗੁਰਭੇਜ ਸਿੰਘ ਭੇਜਾ ਨੂੰ ਵੀ ਗ੍ਰਿਫ਼ਤਾਰ ਕਰ ਲਿਆਹੈ। ਇਨ੍ਹਾਂ ਚਾਰਾਂ ਨੇ ਉਸ ਦੀ ਫਰਾਰੀ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪੁਲਸ ਨੇ ਮੁਲਜ਼ਮ ਮਨਪ੍ਰੀਤ ਮੰਨਾ ਤੋਂ ਬ੍ਰੀਜ਼ਾ ਕਾਰ ਬਰਾਮਦ ਕਰ ਲਈ ਹੈ।

ਆਈ. ਜੀ. ਨੇ ਕਿਹਾ ਕਿ ਜਾਂਚ ਵਿਚ ਇਕ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਅੰਮ੍ਰਿਤਪਾਲ ਨੰਗਲ ਅੰਬੀਆਂ ਪਿੰਡ ਪਹੁੰਚਿਆ ਜਿੱਥੋਂ ਦੇ ਗੁਰਦੁਆਰਾ ਸਾਹਿਬ ਵਿਚ ਉਸ ਨੇ ਪਹਿਲਾਂ ਕੱਪੜੇ ਬਦਲੇ। ਉਥੇ ਅੰਮ੍ਰਿਤਪਾਲ ਨੇ ਆਪਣਾ ਭੇਸ ਬਦਲਦਿਆਂ ਪੈਂਟ-ਸ਼ਰਟ ਪਾਈ ਅਤੇ ਤਲਵਾਰ ਵੀ ਉਥੇ ਹੀ ਛੱਡ ਦਿੱਤੀ। ਜਿੱਥੋਂ ਉਸ ਦੀ ਮਦਦ ਤਿੰਨ ਹੋਰ ਵਿਅਕਤੀਆਂ ਨੇ ਕੀਤੀ ਅਤੇ ਇਹ ਚਾਰ ਜਣੇ ਦੋ ਮੋਟਰਸਾਈਕਲਾਂ ’ਤੇ ਬੈਠ ਕੇ ਫਰਾਰ ਹੋ ਗਏ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਸ ਮਾਮਲੇ ’ਤੇ ਪਲ ਪਲ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਲੋਕ ਵੀ ਪੁਲਸ ਦੀ ਕਾਰਵਾਈ ਤੋਂ ਬਹੁਤ ਖੁਸ਼ ਹਨ। ਲਿਹਾਜ਼ਾ ਮੁੱਖ ਮੰਤਰੀ ਨੂੰ ਵਿਦੇਸ਼ਾਂ ਤੋਂ ਫੋਨ ਕਰਕੇ ਲੋਕ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਵਧਾਈ ਦੇ ਰਹੇ ਹਨ। ਪੁਲਸ ਵੀ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ, ਕਿਸੇ ਨੂੰ ਵੀ ਗੈਰ ਕਾਨੂੰਨੀ ਹਿਰਾਸਤ ਵਿਚ ਨਹੀਂ ਰੱਖਿਆ ਗਿਆ ਹੈ ਅਤੇ ਨਾ ਹੀ ਰੱਖਿਆ ਜਾਵੇਗਾ। ਜੇ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੋਹਾਲੀ ਵਿਚ ਲੱਗਾ ਧਰਨਾ ਵੀ ਸ਼ਾਂਤੀ ਨਾਲ ਸਮਾਪਤ ਹੋ ਗਿਆ ਹੈ ਅਤੇ ਆਵਾਜਾਈ ਵੀ ਚਾਲੂ ਕਰਵਾ ਦਿੱਤੀ ਗਈ ਹੈ।

Leave a Reply

Your email address will not be published. Required fields are marked *