ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀ ਹੋਈ ਪਲੇਠੀ ਜਨਰਲ ਬਾਡੀ, ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਉਪਰ ਹੋਇਆ ਹੰਗਾਮਾ
ਅੰਮ੍ਰਿਤਸਰ, 22.ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀ ਪਲੇਠੀ ਜਨਰਲ ਬਾਡੀ ਅੱਜ ਯੂਨਵਰਸਿਟੀ ਗੈਸਟ ਹਾਊਸ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਕੱਤਰ ਸ੍ਰ. ਮਨਪ੍ਰੀਤ ਸਿੰਘ ਨੇ ਆਫਿਸਰਜ਼ ਨਾਲ ਜੁੜੇ ਮਸਲਿਆਂ ਉਪਰ ਵਿਚਾਰ ਚਰਚਾ ਕੀਤੀ ਅਤੇ ਵੱਖ-ਵੱਖ ਬੁਲਾਰਿਆਂ ਨੇ ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਉਪਰ ਆਪਣਾ ਰੋਸ ਪ੍ਰਗਟ ਕੀਤਾ ਅਤੇ ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਜਲਦ ਤੋਂ ਜਲਦ ਕਰਵਾਉਣ ਲਈ ਐਸੋਸੀਏਸ਼ਨ ਨੂੰ ਅਪੀਲ ਕੀਤੀ। ਉਪ ਪ੍ਰਧਾਨ ਸ੍ਰ. ਜਗੀਰ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਅਫਸਰਾਂ ਦੀਆਂ ਮੁਸ਼ਕਿਲਾਂ ਤੇ ਪਹਿਰਾ ਦੇਣ ਲਈ ਵਚਨਬੱਧ ਹੈ ਅਤੇ ਐਸੋਸੀਏਸਨ ਵੱਲੋਂ ਜਲਦ ਹੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ। ਕਈ ਬੁਲਾਰਿਆਂ ਨੇ ਯੂਨੀਵਰਸਿਟੀ ਵਿਚ ਕੁੱਝ ਅਧਿਕਾਰੀਆਂ ਦੀਆਂ ਗੈਰ ਕਾਨੂੰਨੀ ਐਕਸਟੈਂਨਸ਼ਨ ਉਪਰ ਸਵਾਲ ਵੀ ਚੁੱਕੇ,
ਜਿਸ ਦੇ ਜੁਆਬ ਵਿਚ ਪ੍ਰਧਾਨ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਯੂਨੀਵਰਸਿਟੀ ਕਰਮਚਾਰੀਆਂ ਨਾਲ ਪਿਛਲੇ ਲੰਮੇ ਸਮੇਂ ਤੋਂ ਧੱਕਾ ਕੀਤਾ ਜਾ ਰਿਹਾ ਹੈ। ਜਿੱਥੇ ਯੂਨੀਵਰਸਿਟੀ ਕੈਲੰਡਰ ਅਨੁਸਾਰ ਬਣਦੀਆਂ ਪ੍ਰੋਮੋਸ਼ਨਾਂ ਕਰਨ ਬਾਰੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਆਦੇਸ਼ ਨਹੀਂ ਕੀਤੇ ਜਾ ਰਹੇ ਉੱਥੇ ਉਚੇਰੀ ਸਿੱਖਿਆ ਵਿਭਾਗ ਆਪਣੀ ਮਨਮਰਜ਼ੀ ਨਾਲ ਪੱਤਰ ਜਾਰੀ ਕਰਕੇ ਪੂਰੀ ਨੌਕਰੀ ਦਾ ਲਾਭ ਲੈ ਚੁੱਕੇ ਕੁੱਝ ਅਧਿਕਾਰੀਆਂ ਨੂੰ ਗੁਪਤ ਪੱਤਰ ਜਾਰੀ ਕਰਕੇ ਐਕਸਟੈਂਨਸਨ ਦੇ ਰਿਹਾ ਹੈ, ਜਦ ਕਿ ਯੂਨੀਵਰਸਿਟੀ ਪ੍ਰਸਾਸ਼ਨ ਤਾਂ ਆਪਣਾ ਕੰਮ ਬਿਲਕੁੱਲ ਉਚੇਰੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨਾਲ ਕਰ ਰਿਹਾ ਹੈ। ਉਨਾਂ ਕਿਹਾ ਕਿ ੳਹ ਜਲਦ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਲੈ ਕੇ ਉਚੇਰੀ ਸਿੱਖਿਆ ਵਿਭਾਗ ਦੀ ਚੱਲ ਰਹੀ ਇਸ ਧੱਕੇਸ਼ਾਹੀ ਖਿਲਾਫ ਗੱਲਬਾਤ ਕਰਨਗੇ। ਜਨਰਲ ਬਾਡੀ ਦੀ ਇਕੱਤਰਤਾ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਹਾਇਕ ਰਜਿਸਟਰਾਰ, ਪ੍ਰੋਗਰਾਮਰ ਅਤੇ ਲਾਇਬ੍ਰੇਰੀ ਸਟਾਫ ਦੀਆਂ ਕੈਲੰਡਰ ਮੁਤਾਬਿਕ ਬਣਦੀਆਂ ਪ੍ਰੋਮੋਸ਼ਨਾਂ ਨਹੀਂ ਹੁੰਦੀਆਂ ਤਾਂ ਸੰਘਰਸ਼ ਦਾ ਰਸਤਾ ਇਖਤਿਆਰ ਕੀਤਾ ਜਾਵੇਗਾ। ਇਸ ਇੱਕਤਰਤਾ ਵਿਚ ਸ੍ਰੀ ਵਿਪਨ ਕੁਮਾਰ ਸੰਝੁਕਤ ਸਕੱਤਰ, ਸ੍ਰ. ਹਰਦੀਪ ਸਿੰਘ ਕੈਸ਼ੀਅਰ, ਸ੍ਰੀ ਗੁਰਮੀਤ ਥਾਪਾ, ਸ੍ਰੀ ਰਾਜੇਸ਼ ਕੁਮਾਰ, ਸ੍ਰ ਹਰਚਰਨ ਸਿੰਘ, ਸ੍ਰੀ ਮਤਬਰ ਚੰਦ, ਸ੍ਰ. ਜਗਜੀਤ ਸਿੰਘ, ਸ੍ਰੀ ਅਜੈ ਅਰੋੜਾ ਅਤੇ ਯੂਨੀਵਰਸਿਟੀ ਦੇ ਸਾਰੇ ਅਫਸਰ ਸਾਹਿਬਾਨ ਮੌਜੂਦ ਸਨ।

