ਅੰਮ੍ਰਿਤਸਰਪੰਜਾਬ

ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸੁਹਿਰਦਤਾ ਲੋੜ

ਨਸ਼ਿਆਂ ਤੋਂ ਛੁੱਟਕਾਰੇ ਲਈ ਪੰਜਾਬ ਸਰਕਾਰ ਕਾਰਗਾਰ ਭੂਮਿਕਾ ਨਿਭਾਵੇ : ਬੇਦੀ

ਅੰਮ੍ਰਿਤਸਰ:- 24 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ‘ਚ ਨਸ਼ਿਆਂ ਦੀ ਅਲਾਮਤ ਬਾਰੇ ਦਿੱਤਾ ਬਿਆਨ ਤੇ ਟਿਪਣੀ ਕਰਦਿਆਂ ਕਿਹਾ ਕਿ ਸੇਹਤ ਮੰਤਰੀ ਦਾ ਬਿਆਨ ਪੰਜਾਬ ਦੀ ਦਿਨੋ ਦਿਨ ਖੋਖਲੀ ਹੋ ਰਹੀ ਅੰਦਰਲੀ ਸੇਹਤ ਸਥਿਤੀ ਦੀ ਗੰਭੀਰਤਾ ਵੱਲ ਧਿਆਨ ਦਿਵਾਉਂਦਾ ਹੈ ਜੋ ਬਹੁਤ ਚਿੰਤਾ ਵਾਲਾ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਸਵਾਲ ਇਹ ਹੈ ਕਿ ਕੀ ਸਰਕਾਰੀ ਪੱਧਰ ਤੇ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਚੁੱਕੇ ਗਏ ਕਦਮ ਸਾਰਥਕ ਸਿੱਧ ਹੋਏ ਹਨ ਜਾਂ ਸਮੱਸਿਆ ਜਿਉਂ ਦੀ ਤਿਉਂ ਹੈ। ਇਸ ਬਾਰੇ ਸਵੈ ਪੜਚੋਲ ਦੀ ਲੋੜ ਹੈ। ਉਨਾਂ੍ਹ ਕਿਹਾ ਸੇਹਤ ਮੰਤਰੀ ਦੇ ਬਿਆਨ ਅਨੁਸਾਰ ਸੂਬੇ ਵਿਚ 10 ਲੱਖ ਵਿਅਕਤੀ ਨਸ਼ਿਆਂ ਦੇ ਆਦੀ ਹਨ ਜਿਨ੍ਹਾਂ ਵਿਚੋਂ 2.62 ਲੱਖ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ ਕਰਵਾ ਰਹੇ ਹਨ ਜਦੋਂਕਿ 6.12 ਲੱਖ ਨਿੱਜੀ ਖੇਤਰ ਦੇ ਹਸਪਤਾਲਾਂ ਦੀਆਂ ਸੇਵਾਵਾਂ ਲੈ ਰਹੇ ਹਨ। ਸ. ਬੇਦੀ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਦੀ ਅਸਲ ਗਿਣਤੀ ਦਸੇ ਜਾ ਰਹੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ।

ਉਨ੍ਹਾਂ ਕਿਹਾ ਸੇਹਤ ਵਿਭਾਗ ਅਨੁਸਾਰ ਪੰਜਾਬ `ਚ 528 ਟਰੀਟਮੈਂਟ ਸੈਂਟਰ (ਓਟ ਕਲੀਨਿਕ) ਅਤੇ 36 ਸਰਕਾਰੀ ਤੇ 185 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਬਾਵਜੂਦ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ 19 ਸਰਕਾਰੀ ਅਤੇ 74 ਨਿੱਜੀ ਖੇਤਰ ਦੇ ਮੁੜਵਸੇਬਾ ਸੈਂਟਰ ਦੱਸੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਨਸ਼ਾ ਰੁਕਣ ਦੀ ਸਥਿਤੀ ਕਿਧਰੇ ਦਿਖਾਈ ਨਹੀਂ ਦੇਂਦੀ। ਇਲਾਜ ਉਪਰੰਤ ਜ਼ਿਆਦਾਤਰ ਮਰੀਜ਼ ਮੁੜ ਨਸ਼ੇ ਕਰਨ ਦੇ ਰਾਹ ਪੈ ਜਾਂਦੇ ਹਨ। ਨਸ਼ਿਆਂ ਤੋਂ ਛੁਟਕਾਰੇ ਲਈ ਨਵੀਂ ਪਹੁੰਚ ਅਪਣਾਉਣ ਦੀ ਲੋੜ ਹੈ। ਸ. ਬੇਦੀ ਨੇ ਕਿਹਾ ਕਿ ਸੇਹਤ ਮੰਤਰੀ ਵੱਲੋਂ ਸਦਨ ਵਿਚ ਦਿੱਤੇ ਭਾਸ਼ਣ ਨਾਲ ਪੰਜਾਬੀਆਂ ਦੀ ਸੰਤੁਸ਼ਟੀ ਨਹੀਂ ਹੈ। ਸਰਕਾਰ ਦੀ ਜੰੁਮੇਵਾਰੀ ਬਣਦੀ ਹੈ ਕਿ ਅਜਿਹੇ ਖਤਰਨਾਕ ਰੁਝਾਨਾਂ ਨੂੰ ਠੱਲਣ ਲਈ ਕਾਰਗਰ ਵਿਉਂਤਬੰਦੀ ਕਰੇ। ਹਰ ਉਹ ਸਾਧਨ ਹੀਲਾ ਅਪਨਾਵੇ ਜਿਸ ਨਾਲ ਨਸ਼ਿਆਂ ਦੀ ਰੋਕ ਥਾਮ ਹੋਵੇ। ਉਨ੍ਹਾਂ ਕਿਹਾ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਲੰਮੇ ਸਮੇਂ ਤਕ ਅਜਿਹੀਆਂ ਦਵਾਈਆਂ ਲੈਣੀਆਂ ਪੈਂਦੀਆਂ ਹਨ ਜਿਨ੍ਹਾਂ ਦੇ ਪ੍ਰਭਾਵ ਨਸ਼ਿਆਂ ਤੋਂ ਘੱਟ ਨਹੀਂ ਹੁੰਦੇ। ਨਸ਼ਾ ਛੁਡਾਊ ਕੇਂਦਰ ਕੋਈ ਕਰਾਮਾਤ ਨਹੀਂ ਕਰ ਸਕਦੇ, ਉਨ੍ਹਾਂ ਨੂੰ ਚਲਾਉਣ ਲਈ ਪ੍ਰਤੀਬੱਧਤਾ ਵਾਲੇ ਕਰਮਚਾਰੀਆਂ ਤੇ ਪ੍ਰਬੰਧਕਾਂ ਦੀ ਜ਼ਰੂਰਤ ਹੁੰਦੀ ਹੈ। ਸੂਬਾ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਅਜਿਹੀ ਯੋਜਨਾਬੰਦੀ ਕਰੇ ਜਿਸ ਨਾਲ ਪੰਜਾਬ ਆਪਣੀ ਸਹੀ ਦਿਸ਼ਾ ਵੱਲ ਵੱਧ ਫੁੱਲ ਚੁਕੇ। ਉਨ੍ਹਾਂ ਨਸ਼ਾ ਛਡਾਓ ਕੇਂਦਰਾਂ ਦੇ ਸੰਚਾਲਕ ਵੀ ਅਪੀਲ ਕੀਤੀ ਕਿ ਉਹ ਇਸ ਨੂੰ ਲਾਭਕਾਰੀ ਧੰਦੇ ਵਜੋਂ ਨਾ ਅਪਨਾਉਣ ਸਗੋਂ ਨਰੋਏ ਸਮਾਜ ਦੀ ਸਿਰਜਣਾ ਲਈ ਸੁਹਿਰਦਤਾ ਨਾਲ ਸਹਿਯੋਗੀ ਵਜੋਂ ਕਾਰਗਰ ਭੂਮਿਕਾ ਨਿਭਾਉਣ।

Leave a Reply

Your email address will not be published. Required fields are marked *