ਪਟਿਆਲਾ

ਪਿੰਡ ਹਿਆਣਾ ਕਲਾਂ ਦਾ ਨੌਜਵਾਨ ਫੁੱਲਾਂ ਦੀ ਸਫਲ ਖੇਤੀ ਕਰਕੇ ਹੋਰਨਾਂ ਲਈ ਬਣਿਆ ਰਾਹ ਦਸੇਰਾ

ਅੱਧੇ ਏਕੜ ਤੋਂ ਸ਼ੁਰੂ ਕੀਤੀ ਫੁੱਲਾਂ ਦੀ ਖੇਤੀ ਨੂੰ ਕੁਝ ਸਾਲਾਂ ‘ਚ ਵਧਾਕੇ ਪੰਜ ਏਕੜ ਤੱਕ ਕੀਤਾ : ਹਰਮਨ ਸਿੰਘ

ਕਿਸਾਨ ਆਮਦਨ ਵਧਾਉਣ ਲਈ ਬਾਗਬਾਨੀ ਨੂੰ ਵੀ ਅਪਣਾਉਣ : ਅਗਾਂਹਵਧੂ ਕਿਸਾਨ

ਪਟਿਆਲਾ ਜ਼ਿਲ੍ਹੇ ਦੇ 61 ਕਿਸਾਨਾਂ ਨੂੰ 35 ਹਜ਼ਾਰ ਪ੍ਰਤੀ ਢਾਈ ਏਕੜ ਦਿੱਤੀ ਸਬਸਿਡੀ : ਡਿਪਟੀ ਡਾਇਰੈਕਟਰ

ਨਾਭਾ/ਪਟਿਆਲਾ, 28 ਮਾਰਚ: (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ ‘ਤੇ ਸਥਿਤ ਪਿੰਡ ਹਿਆਣਾ ਕਲਾਂ ਵਿਖੇ ਪੰਜ ਏਕੜ ‘ਚ ਫੁੱਲਾਂ ਦੀ ਸਫਲ ਖੇਤੀ ਕਰਨ ਵਾਲਾ ਪੜ੍ਹਿਆਂ ਲਿਖਿਆਂ ਨੌਜਵਾਨ ਹਰਮਨ ਸਿੰਘ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਸਰਕਾਰੀ ਰਿਪੁਦਮਨ ਕਾਲਜ ਤੋਂ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੈ ਨੂੰ ਅਪਨਾਉਣ ਦੀ ਬਜਾਏ ਉਹਨਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ ‘ਤੇ ਕਰਨ ਦਾ ਮਨ ਬਣਾਇਆ ਅਤੇ ਅੱਧੇ ਏਕੜ ਤੋਂ ਸ਼ੁਰੂ ਕਰਕੇ ਹੁਣ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਜ ਏਕੜ ‘ਚ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ।

ਅਗਾਂਹਵਧੂ ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ 2014 ‘ਚ ਦੋਸਤ ਦੇ ਕਹਿਣ ‘ਤੇ ਪਹਿਲੇ ਸਾਲ ਅੱਧਾ ਕਿੱਲਾ ਫੁੱਲਾਂ ਦਾ ਲਗਾਇਆ ਤੇ ਉਸ ਤੋਂ 70 ਹਜ਼ਾਰ ਦੀ ਕਮਾਈ ਹੋਈ ਜਿਸ ‘ਤੇ ਖਰਚਾ ਸਿਰਫ਼ 10 ਹਜ਼ਾਰ ਆਇਆ ਕਿਉਂਕਿ ਮੈਂ ਤੇ ਮੇਰੇ ਪਿਤਾ ਨੇ ਬਿਨ੍ਹਾਂ ਲੇਬਰ ਸਾਰੀ ਸਾਂਭ ਸੰਭਾਲ ਕੀਤੀ ਤੇ ਫਿਰ ਦੂਜੇ ਸਾਲ ਅਸੀਂ ਰਕਬਾ ਵਧਾਕੇ ਦੋ ਕਿੱਲੇ ਕਰ ਲਿਆ ਤੇ ਆਮਦਨ ਵਧੀਆ ਹੋਣ ਲੱਗੀ ਤੇ ਲੇਬਰ ਨੂੰ ਵੀ ਕੰਮ ਮਿਲਣ ਲੱਗਾ, ਫੇਰ ਤੀਜੇ ਸਾਲ ਫੁੱਲਾਂ ਦਾ ਰਕਬਾ ਹੋਰ ਵਧ ਗਿਆ ਤੇ ਅਸੀ ਹੁਣ ਕਰੀਬ 5 ਏਕੜ ਫੁੱਲਾਂ ਦੀ ਖੇਤੀ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਖੇਤੀ ਨਾਲ ਜਿਥੇ ਉਨ੍ਹਾਂ ਘਰ, ਕਾਰ ਤੇ ਇੱਕ ਕਿੱਲਾ ਜ਼ਮੀਨ ਵੀ ਖਰੀਦੀਆਂ ਹੈ, ਉਥੇ ਹੀ ਰੋਜ਼ਗਾਰ ਵੀ ਪੈਦਾ ਕੀਤਾ ਹੈ। ਹਰਮਨ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਫੁੱਲਾਂ ਦੀ ਕਾਸ਼ਤ ਸਮੇਤ ਡੇਅਰੀ ਫਾਰਮਿੰਗ ਦਾ ਕਿੱਤਾ ਵੀ ਕੀਤਾ ਜਾ ਰਿਹਾ ਹੈ ਜਿਸ ਤੋਂ ਵੀ ਚੰਗੀ ਆਮਦਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮਿੰਗ ਦੀ ਟਰੇਨਿੰਗ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਇਸ ਦੇ ਨਾਲ ਹੀ ਸੂਰ ਫਾਰਮਿੰਗ ਦੀ ਟਰੇਨਿੰਗ ਪਟਿਆਲਾ ਤੋਂ ਵੀ ਪ੍ਰਾਪਤ ਕੀਤੀ ਹੈ ਤਾਂ ਜੋ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਰਾਹੀਂ ਵੀ ਆਪਣੀ ਆਮਦਨ ਵਧਾਈ ਜਾ ਸਕੇ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰਿੰਦਰ ਬੀਰ ਸਿੰਘ ਮਾਨ ਦੱਸਿਆ ਕਿ ਵਿਭਾਗ ਵੱਲੋਂ ਬਾਗਬਾਨੀ ਮੰਤਰੀ ਚੇਤੰਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਫੁੱਲ ਬੀਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਚਾਲੂ ਸਾਲ ਦੌਰਾਨ ਪ੍ਰਤੀ ਢਾਈ ਏਕੜ 35 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਪਟਿਆਲਾ ਦੇ 61 ਕਿਸਾਨਾਂ ਨੂੰ ਇਹ ਵਿਸ਼ੇਸ਼ ਫ਼ੀਲਡ ਪ੍ਰਦਰਸ਼ਨੀ ਸਕੀਮ ਤਹਿਤ ਇਹ ਸਹਾਇਤਾਦਿੱਤੀਗਈਹੈ।

Leave a Reply

Your email address will not be published. Required fields are marked *