ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਲਗਾਈ ਗਈ ਹਸਤਕਾਰੀ (ਤਿਉਹਾਰ ) ਪ੍ਰਦਰਸ਼ਨੀ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜਾਇਨਿੰਗ ਤੇ ਹੋਮ-ਸਾਇੰਸ ਵਿਭਾਗ ਅਤੇ ਇਨਕੂਵੇਸਨ ਸੈੱਲ ਵਲੋਂ ਇਕ ਰੋਜ਼ਾ ਹਸਤਕਾਰੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚ ਬੀ.ਵਾਕ ਫੈਸ਼ਨ ਡਿਜ਼ਾਇਨਿੰਗ, ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ, ਬੀ.ਏ ਫੈਸ਼ਨ ਡਿਜ਼ਾਇਨਿੰਗ ਅਤੇ ਹੋਮ-ਸਾਇੰਸ ਦੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ ਕਲਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਦੇ ਮੁੱਖ ਆਕਰਸ਼ਣ ਰਹੇ ਕੱਪੜੇ, ਟੇਬਲ ਲਿਨਨ, ਹੋਮ ਡੈਕੋਰ, ਫੈਸ਼ਨ ਅਸੈਸਰੀ ਅਤੇ ਇਸ ਤੋਂ ਇਲਾਵਾ ਟਾਈ ਅਤੇ ਡਾਈ ਵਿਧੀ ਰਾਹੀਂ ਤਿਆਰ ਕੀਤੇ ਕਢਾਈ ਦੇ ਸੂਟ, ਦੁਪੱਟੇ, ਬੈਗ, ਟਾਈਮ ਪੀਸ, ਖਿਡੋਣੇ, ਚਿੱਤਰਕਾਰੀ ਅਤੇ ਕੱਪੜੇ ਤੋਂ ਤਿਆਰ ਕੀਤੀਆਂ ਪੋਟਲੀਆਂ ਆਦਿ ਸਨ । ਹੋਮ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਆਰਗੈਨਿਕ ਅਚਾਰ ਅਤੇ ਚਟਣੀਆਂ ਵੀ ਪ੍ਰਦਰਸ਼ਨ ਦਾ ਮੁੱਖ ਆਕਰਸ਼ਣ ਰਹੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਰਿਤੂ ਲਹਿਲ ਸੈਕਟਰੀ ਵੋਮੈਨ ਕਲੱਬ ਦੇ ਅਤੇ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੁਆਰਾ ਹੱਥੀਂ ਤਿਆਰ ਕੀਤਾ ਗਿਆ ਇਹ ਸਮਾਨ ਬਹੁਤ ਹੀ ਬਿਹਤਰੀਨ ਕਲਾ ਦੇ ਨਮੂਨੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਦੇ ਹੋਮ-ਸਾਇੰਸ ਅਤੇ ਫ਼ੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਦਸਤਕਾਰੀ ਨੂੰ ਸਾਂਭਣ ਦਾ ਉਪਰਾਲਾ ਬਹੁਤ ਹੀ ਸਲਾਹੁਣ-ਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਦਸਤਕਾਰੀ ਕਲਾ ਨੂੰ ਵਪਾਰਕ ਪੱਧਰ ’ਤੇ ਪ੍ਰਫੁੱਲਤ ਕਰਨ ਦੀ ਲੋੜ ਹੈ।

ਇਸ ਦੌਰਾਨ ਕਾਲਜ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਭਾਗ ਦੀ ਰਹਿਨੁਮਾਈ ਵਿੱਚ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁਚੱਜਾ ਕਾਰਜ ਕੀਤਾ ਗਿਆ ਹੈ।ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਸ਼ਿਲਪ ਅਤੇ ਹੁਨਰੀ ਵਸਤਾਂ ਬਹੁਤ ਹੀ ਮਨ ਨੂੰ ਛੂਹ ਲੈਣ ਵਾਲੀਆਂ ਹਨ। ਦਸਤਕਾਰੀ ਦੇ ਅਲੱਗ-ਅਲੱਗ ਪੈਟਰਨਾਂ ਸਬੰਧੀ ਕਿਹਾ ਕਿ ਵਿਦਿਆਰਥੀਆਂ ਦੁਆਰਾ ਇਹਨਾਂ ਕਲਾਵਾਂ ਵਿਚ ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖ਼ਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਹੁਨਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸ ਨਾਲ ਵਿਦਿਆਰਥੀਆਂ ਦੇ ਉਤਸ਼ਾਹ ਵਿਚ ਵਾਧਾ ਕਰਨ ਦਾ ਵੀ ਮੌਕਾ ਮਿਲਦਾ ਹੈ ਅਤੇ ਵਿਦਿਆਰਥੀ ਮਾਰਕੀਟਿੰਗ ਦਾ ਅਨੁਭਵ ਗ੍ਰਹਿਣ ਕਰਦੇ ਹਨ । ਇਸ ਮੌਕੇ ਡਾ.ਬਲਵੀਰ ਕੌਰ ਮੁਖੀ ਪੋਸਟਗ੍ਰੈਜੂਏਟ ਫ਼ੈਸ਼ਨ ਡਿਜਾਇਨਿੰਗ ਅਤੇ ਹੋਮ-ਸਾਇੰਸ ਵਿਭਾਗ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ ਵਸਤਾਂ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਵਿਚ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਮਾਰਕੀਟ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ.ਮੋਨਿਕਾ, ਪ੍ਰੋ.ਸਵਿਤਾ ਪਾਂਡੇ, ਪ੍ਰੋ.ਸਮਰੀਤ ਕੌਰ, ਪ੍ਰੋ.ਰਿੰਪੀ ਰਾਣੀ ਅਤੇ ਪ੍ਰੋ.ਕੁਲਵਿੰਦਰ ਕੌਰ ਵੱਲੋਂ ਪ੍ਰਦਰਸ਼ਨੀ ਲਈ ਸ਼ਲਾਘਾਯੋਗ ਕਾਰਜ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਦਾ ਆਨੰਦ ਮਾਣਿਆ ਗਿਆ ਅਤੇ ਆਪਣੀਆਂ ਮਨਪਸੰਦ ਵਸਤਾਂ ਦੀ ਖਰੀਦੋ-ਫਰੋਖਤ ਵੀ ਦਿੱਤੀ ਗਈ।

Leave a Reply

Your email address will not be published. Required fields are marked *