ਸਰਕਾਰੀ ਮਹਿੰਦਰਾ ਕਾਲਜ ਦੇ ਐਨਸੀਸੀ ਕੈਡਿਟਾਂ ਨੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦਾ ਦੌਰਾ ਕੀਤਾ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਐਨ.ਸੀ.ਸੀ. ਦੇ ਆਰਮੀ, ਨੇਵਲ, ਏਅਰ ਫੋਰਸ ਵਿੰਗਾਂ ਦੇ ਕੈਡਿਟਾਂ ਨੇ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਆਈਐਮਏ, ਦੇਹਰਾਦੂਨ ਦਾ ਦੌਰਾ ਕੀਤਾ। ਇਸ ਯਾਤਰਾ ਦਾ ਆਯੋਜਨ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਕਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਦੀ ਸਕੀਮ ਤਹਿਤ ਕੀਤਾ ਗਿਆ ਸੀ।ਇਸ ਯਾਤਰਾ ਦਾ ਮੁੱਖ ਮੰਤਵ ਕੈਡਿਟਾਂ ਨੂੰ ਪ੍ਰੇਰਿਤ ਕਰਨਾ ਅਤੇ ਉਤਸ਼ਾਹਿਤ ਕਰਨਾ ਸੀ।
ਇਸ ਯਾਤਰਾ ਦੀ ਅਗਵਾਈ ਐਨ.ਸੀ.ਸੀ. ਆਰਮੀ ਵਿੰਗ ਦੇ ਅਧਿਕਾਰੀ ਲੈਫਟੀਨੈਂਟ ਡਾ. ਮਨਮੋਹਨ ਸੰਮੀ ਨੇ ਕੀਤੀ, ਜਿਨ੍ਹਾਂ ਦੇ ਨਾਲ ਸਹਾਇਕ ਪ੍ਰੋ. ਕਮਲਦੀਪ ਅਤੇ ਸਹਾਇਕ ਪ੍ਰੋ. ਗੀਤਾ ਸਨ। ਉਨ੍ਹਾਂ ਨੇ ਜੈਂਟਲਮੈਨ ਅਫਸਰਾਂ ਦੀ ਸਖ਼ਤ ਸਿਖਲਾਈ ਦੇਖੀ ਅਤੇ ਫਾਇਰ ਰੇਂਜ, ਸੈਂਟਰਲ ਲਾਇਬ੍ਰੇਰੀ, ਮਨੋਜ ਪਾਂਡੇ ਇੰਟਰਨੈਸ਼ਨਲ ਇਨਡੋਰ ਸਵੀਮਿੰਗ ਪੂਲ ਦਾ ਦੌਰਾ ਕੀਤਾ। ਕੈਡਿਟਾਂ ਨੂੰ 1930 ਤੋਂ IMA ਦੇ ਇਤਿਹਾਸ ਨੂੰ ਦਰਸਾਉਂਦੀ ਇੱਕ ਛੋਟੀ ਡਾਕੂਮੈਂਟਰੀ ਵੀ ਦਿਖਾਈ ਗਈ। ਕੈਡਿਟਾਂ ਨੂੰ ਰਾਇਲ ਚੇਟਵੁੱਡ ਹਾਲ ਦਾ ਦੌਰਾ ਕਰਨ ਦਾ ਮੌਕਾ ਵੀ ਮਿਲਿਆ ਜਿੱਥੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਦੇ ਮਹਾਨ ਇਤਿਹਾਸ ਬਾਰੇ ਜਾਣੂ ਕਰਵਾਇਆ। ਕੈਡਿਟਾਂ ਵੱਲੋਂ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ। ਪ੍ਰਿੰਸੀਪਲ ਨੇ ਐਨਸੀਸੀ ਕ੍ਰੈਡਿਟ ਦੇ ਨਾਲ-ਨਾਲ ਸਾਰੇ ਵਿੰਗ ਦੇ ਐਨਸੀਸੀ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਪ੍ਰੇਰਿਤ ਕੀਤਾ।

