ਵਰਲਡ ਯੂਨੀਵਰਸਿਟੀ ਵਿਖੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ ਰੰਗ ਮੰਚ ਦਿਵਸ ਮਨਾਇਆ ਗਿਆ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਰਲਡ ਯੂਨੀਵਰਸਿਟੀ ਵਿਖੇ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿਚ ਜਿਲ੍ਹਾ ਭਾਸ਼ਾ ਅਫਸਰ, ਫਤਿਹਗੜ੍ਹ ਸਾਹਿਬ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਰੰਗ ਮੰਚ ਦਿਵਸ ਮਨਾਇਆ ਗਿਆ। ਇਸ ਸਮਾਗਮ ਦੌਰਾਨ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ, ਲੇਖਕ ਰਿਆਨ ਖਾਨ ਅਤੇ ਬਲਰਾਜ ਸਾਗਰ ਦੁਆਰਾ ਰਚਿਤ ਨਾਟਕ ‘ਦਿਸ਼ਾ-ਹੀਣ ਨਾਦਾਨ ਪਰਿੰਦੇ’ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਪ੍ਰਿਤਪਾਲ ਸਿੰਘ, ਮਾਣਯੋਗ ਵਾਈਸ ਚਾਂਸਲਰ ਸਾਹਿਬ ਦੁਆਰਾ ਕੀਤੀ ਗਈ। ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਮਾਜ ਵਿਚਲੀਆਂ ਸਮੱਸਿਆਵਾਂ, ਭਰੂਣ ਹੱਤਿਆ, ਸਮਾਜ ਵਿਚ ਚੱਲ ਰਹੇ ਨਸ਼ਿਆਂ ਬਾਰੇ ਦੱਸਦਿਆਂ ਇਹਨਾਂ ਤੋਂ ਬਚ ਕੇ ਰਹਿਣ ਲਈ ਕਿਹਾ।
ਇਸ ਸਮਾਗਮ ਦੌਰਾਨ ਡਾ. ਹਰਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਨੇ ਵਿਸ਼ੇਸ਼ ਟਿੱਪਣੀਕਾਰ ਦੇ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਨੇ ਨਾਟਕ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਬੰਦੇ ਦੇ ਹੋਣ ਦੀ ਸ਼ਰਤ ਗਿਆਨ ਹੈ। ਸਾਹਿਤ ਅਤੇ ਕਲਾਵਾਂ ਦਾ ਮੂਲ ਉਦੇਸ਼ ਬੰਦੇ ਦੇ ਅਨੁਭਵ ਅਤੇ ਅਹਿਸਾਸਾਂ ਨੂੰ ਗਹਿਰੇ ਕਰਕੇ ਗਿਆਨ ਦੇ ਸਮਰੱਥ ਬਣਾਉਣਾ ਹੈ। ਇਹ ਨਾਟਕ ਨੌਜਵਾਨਾਂ ਨੂੰ ਸੁਰਤ ਵਿਚ ਰਹਿਣ ਦਾ ਸੁਨੇਹਾ ਦਿੰਦਾ ਹੈ। ਇਸ ਸਮਾਗਮ ਦੌਰਾਨ ਡਾ. ਹਰਦੇਵ ਸਿੰਘ, ਸਹਾਇਕ ਪ੍ਰੋਫੈਸਰ, ਧਰਮ ਅਧਿਐਨ ਵਿਭਾਗ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦੇ ਅੰਤ ਵਿਚ ਸ. ਜਗਜੀਤ ਸਿੰਘ, ਜ਼ਿਲ੍ਹਾ ਭਾਸ਼ਾ ਅਫਸਰ, ਫਤਿਹਗੜ੍ਹ ਸਾਹਿਬ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਸਾਹਿਤਕਾਰ ਅਤੇ ਸ਼੍ਰੋਮਣੀ ਪੰਜਾਬੀ ਲੇਖਕ ਵੀ ਸ਼ਾਮਿਲ ਹੋਏ।

