ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ
ਅੰਮ੍ਰਿਤਸਰ, 6 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਇਕ ਹੋਰ ਅਕਾਦਮਿਕ ਮਾਅਰਕਾ ਲਗਾਉਂਦਿਆਂ ਆਈ. ਸੀ. ਟੀ. ਰਾਹੀਂ ਰਾਸ਼ਟਰੀ ਸਿੱਖਿਆ ਮਿਸ਼ਨ ਸਕੀਮ ਤਹਿਤ ਸਿੱਖਿਆ ਮੰਤਰਾਲੇ ਦੇ ਅਧੀਨ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਰੁੜਕੀ ਦੇ ਸਹਿਯੋਗ ਨਾਲ ਵਰਚੁਅਲ ਲੈਬਾਂ ਦੇ ਨੋਡਲ ਸੈਂਟਰ ਦੀ ਸਫਲਤਾਪੂਰਵਕ ਸਥਾਪਨਾ ਕੀਤੀ।
ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਵਰਚੁਅਲ ਲੈਬਜ਼ ਦੇ ਨੋਡਲ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਯਕੀਨੀ ਤੌਰ ’ਤੇ ਵਿਦਿਆਰਥੀਆਂ ਨੂੰ ਗੁੰਝਲਦਾਰ ਸੰਕਲਪਾਂ ਨੂੰ ਆਸਾਨ ਤਰੀਕੇ ਨਾਲ ਸਿੱਖਣ ’ਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਆਈ. ਆਈ. ਟੀ. ਰੁੜਕੀ ਦੇ ਨਾਲ ਇਸ ਸਹਿਯੋਗ ਦੇ ਤਹਿਤ ਕਾਲਜ ਦੇ ਵਿਦਿਆਰਥੀ ਆਈ. ਆਈ. ਟੀ. ਰੁੜਕੀ ਦੁਆਰਾ ਪ੍ਰਦਾਨ ਕੀਤੀ ਇੰਟਰਨਸ਼ਿਪ ਸਹੂਲਤ ਦਾ ਹਿੱਸਾ ਹੋਣਗੇ ਜਿਸ ਦੌਰਾਨ ਵਿਦਿਆਰਥੀਆਂ ਨੂੰ ਵਰਚੁਅਲ ਲੈਬਾਂ ਨੂੰ ਵਿਕਸਿਤ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਸੰਸਥਾ ਦੇ ਪਲੇਸਮੈਂਟ ਦ੍ਰਿਸ਼ ਨੂੰ ਵੀ ਵਧਾਏਗਾ।
ਉਨ੍ਹਾਂ ਦੱਸਿਆ ਕਿ ਜਲਦ ਹੀ ਕਾਲਜ ਨੂੰ ਵਰਚੁਅਲ ਲੈਬਾਂ ਲਈ ਖੇਤਰੀ ਨੋਡਲ ਸੈਂਟਰ ਘੋਸ਼ਿਤ ਕੀਤਾ ਜਾਵੇਗਾ ਜੋ ਕਿ ਪੰਜਾਬ ਰਾਜ ’ਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੋਵੇਗਾ। ਇਸ ਮੌਕੇ ਨੋਡਲ ਸੈਂਟਰ ਦੀ ਸਥਾਪਨਾ ਦੌਰਾਨ ਫੈਕਲਟੀ ਅਤੇ ਵਿਦਿਆਰਥੀਆਂ ਲਈ ਵਰਚੁਅਲ ਲੈਬ ਪ੍ਰਯੋਗਾਂ ਦੀ ਵਰਤੋਂ ਅਤੇ ਪ੍ਰਦਰਸ਼ਨ ਸਬੰਧੀ 2 ਰੋਜ਼ਾ ਵਰਕਸ਼ਾਪ ਵੀ ਲਗਾਈ ਗਈ, ਜਿਸ ਦੇ ਡਾ: ਅਮਿਤ ਕੁਮਾਰ ਸ਼ਰਮਾ ਅਤੇ ਇੰਜ਼. ਜਸਬੀਰ ਸਿੰਘ (ਪ੍ਰੋਜੈਕਟ ਐਸੋਸੀਏਟਿਡ, ਆਈ.ਆਈ.ਟੀ. ਰੁੜਕੀ) ਰਿਸੋਰਸ ਪਰਸਨ ਸਨ। ਇਸ ਮੌਕੇ ਡਾ: ਮੰਜ਼ੂ ਬਾਲਾ ਨੇ ਡਾ. ਸ਼ਰਮਾ ਅਤੇ ਇੰਜ਼: ਜਸਬੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਨ ਉਪਰੰਤ ਸਮਾਗਮ ਦੇ ਕੋਆਰਡੀਨੇਟਰ, ਟ੍ਰੇਨਿੰਗ ਅਤੇ ਪਲੇਸਮੈਂਟ ਡਿਪਟੀ ਡੀਨ ਇੰਜ਼. ਮਨੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨੋਡਲ ਸੈਂਟਰ ਦੀ ਸਥਾਪਨਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

