ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ ਹੈ, ਇਹ ਲੋਕਤੰਤਰ ਨਹੀਂ ਤਾਨਾਸ਼ਾਹੀ : ਭਗਵੰਤ ਮਾਨ
ਚੰਡੀਗੜ੍ਹ/ਨਵੀਂ ਦਿੱਲੀ (ਮਧੂਸਾਰ ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ਮਾਮਲੇ ਵਿਚ ਐਤਵਾਰ ਨੂੰ ਸੀ. ਬੀ. ਆਈ. ਸਾਹਮਣੇ ਪੇਸ਼ ਹੋਏ ਹਨ। ਅਰਵਿੰਦ ਕੇਜਰੀਵਾਲ ਦੇ ਸਮਰਥਨ ਲਈ ਪੰਜਾਬ ਦੇ ਮੰਤਰੀ ਅਤੇ ਆਗੂਆਂ ਸਮੇਤ ਵੱਡੀ ਗਿਣਤੀ ਵਰਕਰ ਦਿੱਲੀ ਪਹੁੰਚੇ ਹਨ। ਕੇਜਰੀਵਾਲ ਤੋਂ ਪੁੱਛਗਿੱਛ ਖ਼ਿਲਾਫ਼ ਵੱਖ-ਵੱਖ ਜਗ੍ਹਾ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਦਿੱਲੀ ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਹਨ। ਅਰਵਿੰਜ ਕੇਜਰੀਵਾਲ ਤੋਂ ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਇਕ ਨੈਸ਼ਨਲ ਪਾਰਟੀ ਕਿਵੇਂ ਬਣ ਗਈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਅਜਿਹੇ ਕ੍ਰਾਂਤੀਕਾਰੀ ਨੇਤਾ ਹਨ, ਜਿਨਾਂ ਨੇ ਐਂਟੀ ਕੁਰੱਪਸ਼ਨ ਮੁਵਮੈਂਟ ਨਾਲ ਰਾਜਨੀਤੀ ਸ਼ੁਰੂ ਕੀਤੀ ਅਤੇ ਰਾਜਨੀਤੀ ਦੀ ਦਿਸ਼ਾ-ਦਸ਼ਾ ਬਦਲ ਦਿੱਤੀ।
ਦਿੱਲੀ ਦੀ ਜਨਤਾ ਨੇ 2 ਵਾਰ ਭਾਜਪਾ ਨੂੰ ਹਰਾਇਆ ਅਤੇ ਫਿਰ ਐੱਮ. ਸੀ. ਡੀ. ਵਿਚ ਵੀ ਹਰਾਇਆ ਅਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ, ਕਿਉਂਕਿ ‘ਆਪ’ ਈਮਾਨਦਾਰ ਹੈ। ਪੰਜਾਬ ਵਿਚ ਵੀ ਲੋਕਾਂ ਨੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ। ਦਿੱਲੀ ਵਿਚ ਵੀ ਇਕ ਰੁਪਏ ਦਾ ਕਰਜ਼ਾ ਨਹੀਂ ਲਿਆ ਹੈ। ਦਿੱਲੀ ਵਿਚ ਬਿਜਲੀ ਮੁਫ਼ਤ ਕੀਤੀ ਗਈ, ਸਕੂਲ ਸ਼ਾਨਦਾਰ ਬਣਾਏ ਗਏ। ਨੌਕਰੀਆਂ ਮਿਲਣ ਲੱਗੀਆਂ ਅਤੇ ਦਿੱਲੀ ਦਾ ਬਜਟ ਤਿੰਨ ਗੁਣਾ ਵਧਿਆ ਹੈ। ਜੇਕਰ ਕੋਈ ਮਾਫ਼ੀਆ ਬਣਾਇਆ ਹੁੰਦਾ ਤਾਂ ਅਜਿਹੇ ਕੰਮ ਦਿੱਲੀ ਵਿਚ ਨਹੀਂ ਹੋਣੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਅੱਜ ਸਰਕਾਰ ਬਣੇ ਨੂੰ 13 ਮਹੀਨੇ ਹੋ ਚੁੱਕੇ ਹਨ। ਪੰਜਾਬ ਵਿਚ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਸਕੂਲ ਆਫ਼ ਐਮੀਨੈਂਸ ਖੁੱਲ੍ਹ ਰਹੇ ਹਨ। ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਅਸੀਂ ਸੈਂਡ ਮਾਫ਼ੀਆ, ਲੈਂਡ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਦੀ ਲੀਕੇਜ ਖ਼ਤਮ ਕਰਕੇ ਸਾਰਾ ਪੈਸਾ ਖ਼ਜਾਨੇ ਵਿਚ ਪਾਇਆ ਅਤੇ ਖ਼ਜਾਨੇ ਵਿਚੋਂ ਲੋਕਾਂ ‘ਤੇ ਖ਼ਰਚ ਕਰ ਰਹੇ ਹਾਂ। ਇਹੀ ਗੱਲ ਹੁਣ ਭਾਜਪਾ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਕਿਸੇ ਨੇ ਮੋਦੀ ਨੂੰ ਜਾ ਕੇ ਕਹਿ ਦਿੱਤਾ ਜਿਸ ਨੇ ਹਸਪਤਾਲ ਬਣਾਏ ਹਨ, ਉਸ ਨੂੰ ਅੰਦਰ ਕਰ ਦਿਓ ਫਿਰ ਸਤਿੰਦਰ ਜੈਨ ਨੂੰ ਅੰਦਰ ਕਰ ਦਿੱਤਾ, ਬਾਅਦ ਵਿਚ ਮਨੀਸ਼ ਸਿਸੋਦੀਆ ਨੂੰ ਅੰਦਰ ਕਰ ਦਿੱਤਾ ਗਿਆ। ਸਾਨੂੰ ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ ਹੈ। ਇਹ ਲੋਕਤੰਤਰ ਨਹੀਂ ਤਾਨਾਸ਼ਾਹੀ ਹੈ।

