ਬੁੱਢਾ ਦਲ ਵਲੋਂ ਵਿਸਾਖੀ ਗਤਕਾ ਕੱਪ ਕਰਵਾਇਆ ਗਿਆ
ਬੁੱਢਾ ਦਲ ਵਿਰਸੇ ਦੀ ਸੰਭਾਲ ਲਈ ਹਮੇਸ਼ਾਂ ਤਤਪਰ-ਗਿ: ਹਰਪ੍ਰੀਤ ਸਿੰਘ
ਬਾਬਾ ਬਲਬੀਰ ਸਿੰਘ ਸਮੂਹ ਨਿਹੰਗ ਸਿੰਘਾਂ ਦੀ ਨੁਮਾਇਦੀ ਕਰਦੇ ਹਨ:ਐਡਵੋਕੇਟ ਧਾਮੀ
ਦਮਦਮਾ ਸਾਹਿਬ,ਤਲਵੰਡੀ ਸਾਬੋ, 16 ਅਪ੍ਰੈਲ (ਮਧੂਸਾਰ ਬਿਊਰੋ) -ਖਾਲਸਾ ਸਾਜਨਾ ਦਿਵਸ ਵਿਸਾਖੀ ਤਲਵੰਡੀ ਸਾਬੋ ਗੁਰਦੁਆਰਾ ਬੇਰ ਸਾਹਿਬ ਦੇਗਸਰ ਛਾਉਣੀ ਬੁੱਢਾ ਦਲ ਵਿਖੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਵਿਸਾਖੀ ਮਾਲਵਾ ਗੱਤਕਾ ਕੱਪ ਮੁਕਾਬਲੇ ਕਰਵਾਏ ਗਏ।ਦੂਰ ਦੁਰਾਡੇ ਦੇ ਜਿਲ੍ਹਿਆਂ ਤੋਂ ਪੁਜੀਆਂ ਵੱਖ-ਵੱਖ ਟੀਮਾਂ ਨੇ ਸਿੱਖ ਸ਼ਸ਼ਤਰ ਕਲਾ ਦਾ ਬਾਖੂਬੀ ਪ੍ਰਗਟਾਵਾ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਨੇ ਗਤਕਾ ਮੁਕਾਬਲਿਆਂ ਸਮੇਂ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਖੜਗ ਭੁਜਾ ਦਾ ਵਿਸ਼ੇਸ਼ ਅੰਗ ਰਹੀ ਗਤਕਾ ਜੰਗਜੂ ਖੇਡ ਨੂੰ ਸੰਭਾਲਣ ਲਈ ਬੁੱਢਾ ਦਲ ਦਾ ਵਿਸ਼ੇਸ਼ ਸਥਾਨ ਹੈ ਅਤੇ ਬੁੱਢਾ ਦਲ ਦਾ ਇਤਿਹਾਸ ਹੀ ਸਿੱਖ ਇਤਿਹਾਸ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਬੁੱਢਾ ਦਲ ਜਿਸ ਦੇ ਮੁਖੀ ਬਾਬਾ ਬਲਬੀਰ ਸਿੰਘ ਹਨ ਵਲੋਂ ਸਿੱਖ ਜਾਗਰਤੀ ਤੇ ਸਿਖ ਮਰਯਾਦਾ ਦੀ ਸੁਰਜੀਤੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਜੋ ਪ੍ਰਸੰਸਾ ਜਨਕ ਹਨ। ਦੋ ਰੋਜਾ ਗਤਕਾ ਮੁਕਾਬਲਿਆਂ ਤੇ ਅੰਤ ਵਿੱਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਵਲੋਂ ਪੁਜੀਆਂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਹੋਸਲਾ ਹਫਜਾਈ ਕੀਤੀ।ਉਨ੍ਹਾਂ ਕਿਹਾ ਕਿ ਬੁੱਢਾ ਦਲ ਵਲੋਂ ਹੋਲੇ ਮਹੱਲੇ ਸਮੇਂ ਇੰਟਰਨੈਸ਼ਨਲ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੌਮਾਂਤਰੀ ਪੱਧਰ ਦੀਆਂ ਗਤਕਾ ਟੀਮਾਂ ਭਾਗ ਲੈਦੀਆਂ ਹਨ ਅਤੇ ਵਿਸ਼ੇਸ਼ ਸਿੱਖ ਸਖਸ਼ੀਅਤਾਂ ਸਨਮਾਨਤ ਕੀਤੀਆਂ ਜਾਂਦੀਆਂ ਹਨ।ਇਹ ਦਸਤੂਰ ਲਗਾਤਾਰ ਜਾਰੀ ਹੈ।
ਉਨ੍ਹਾਂ ਕਿਹਾ ਕਿ ਗਤਕਾ ਸਿਖਲਾਈ ਅਕੈਡਮੀ ਬੁੱਢਾ ਦਲ ਪਟਿਆਲਾ ਵਿਖੇ ਚਲ ਰਹੀ ਹੈ ਜਿਸ ਵਿੱਚ ਗਤਕਾ ਮਾਸਟਰ ਦਰਸ਼ਨ ਸੇਵਾ ਨਿਭਾ ਰਹੇ ਹਨ। ਵਿਸਾਖੀ ਮਾਲਵਾ ਗਤਕਾ ਕੱਪ ਦੇ ਮੁਕਾਬਲਿਆਂ ਵਿੱਚ ਇੰਟਰਨੈਸ਼ਨਲ ਦਸ਼ਮੇਸ਼ ਗਤਕਾ ਅਕੈਡਮੀ ਦਮਦਮਾ ਸਾਹਿਬ, ਮੀਰੀ ਪੀਰੀ ਗਤਕਾ ਅਖਾੜਾ ਮਾਛੀਕੇ, ਨਿਰਵੈਰ ਖਾਲਸਾ ਗਤਕਾ ਅਖਾੜਾ ਬੁਰਜ ਕਲਾਰਾ, ਸ੍ਰ. ਹਰੀ ਸਿੰਘ ਗਤਕਾ ਅਖਾੜਾ ਤਾਰੂਆਣਾ, ਬਾਬਾ ਬਿੰਧੀ ਚੰਦ ਗਤਕਾ ਅਖਾੜਾ, ਭਾਈ ਡੱਲ ਸਿੰਘ ਗਤਕਾ ਅਕੈਡਮੀ ਤਲਵੰਡੀ ਸਾਬੋ, ਬਾਬਾ ਫਤਹਿ ਸਿੰਘ ਗਤਕਾ ਅਖਾੜਾ ਭੋਗੀਵਾਲ, ਬਾਬਾ ਫਤਹਿ ਸਿੰਘ ਗਤਕਾ ਅਖਾੜਾ ਤਲਵੰਡੀ ਸਾਬੋ, ਸ਼ਹੀਦ ਭਾਈ ਅਮਰੀਕ ਸਿੰਘ ਗਤਕਾ ਅਖਾੜਾ ਕੁੰਡਲ, ਚੜ੍ਹਦੀ ਕਲਾ ਗਤਕਾ ਅਖਾੜਾ ਬੰਗੀ ਕਲਾਂ, ਬਾਬਾ ਦੀਪ ਸਿੰਘ ਗਤਕਾ ਅਖਾੜਾ ਜੱਜਲ, ਸ਼ਮਸ਼ੇਰ ਗਤਕਾ ਅਖਾੜਾ ਬਠਿੰਡਾ, ਮੀਰੀ ਪੀਰੀ ਗੱਤਕਾ ਅਖਾੜਾ ਬੁੱਢਾ ਦਲ ਆਦਿ ਨੇ ਵੱਖ-ਵੱਖ ਮੁਕਾਬਲੇ ਜੰਗਜੂ ਖੇਡ ਗਤਕਾ ਦੇ ਜੌਹਰ ਵਿਖਾਏ।ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਮੀਰੀ ਪੀਰੀ ਗਤਕਾ ਅਖਾੜਾ ਬੁੱਢਾ ਦਲ ਮਾਛੀਕੇ, ਦੂਜਾ ਸਥਾਨ ਹਾਸਲ ਕਰਨ ਵਾਲੀ ਇੰਟਰਨੈਸ਼ਨਲ ਦਸ਼ਮੇਸ਼ ਗਤਕਾ ਅਕੈਡਮੀ ਦਮਦਮਾ ਸਾਹਿਬ ਅਤੇ ਤੀਜਾ ਸਥਾਨ ਭਾਈ ਡੱਲ ਗੱਤਕਾ ਅਕੈਡਮੀ ਨੇ ਹਾਸਲ ਕੀਤਾ।
ਇਸ ਸਮੇਂ ਜਥੇ: ਮੋਹਨ ਸਿੰਘ ਬੰਗੀ, ਸ੍ਰ. ਜਗਸੀਰ ਸਿੰਘ ਮਾਂਗੇਆਣਾ, ਗੁਰਪ੍ਰੀਤ ਸਿੰਘ ਝੱਬਰ, ਜਥੇ: ਤਰਸੇਮ ਸਿੰਘ ਮੋਰਾਂਵਾਲੀ, ਸ੍ਰ. ਸੁਪਰੀਤ ਸਿੰਘ ਗਤਕਾ ਕੋਚ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਬਲਦੇਵ ਸਿੰਘ ਤਰਨਾ ਦਲ ਆਦਿ ਹਾਜਰ ਸਨ। ਵਿਸਾਖੀ ਮੇਲਾ ਸੰਪੂਰਨ ਹੋਣ ਤੇ ਸਭ ਸੰਗਤਾਂ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋ ਧੰਨਵਾਦ ਦਮਦਮਾ ਸਾਹਿਬ, ਤਲਵੰਡੀ ਸਾਬੋ(16 ਅਪ੍ਰੈਲ)-ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਸਮੇਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੁੁੰਮ ਹਮਾ ਕੇ ਪੁਜੀਆਂ ਸੰਗਤਾਂ ਅਤੇ ਪੰਥਕ ਜਥੇਬੰਦੀਆਂ, ਸੇਵਾ ਸੁਸਾਇਟੀਆਂ, ਗੁਰਦੁਆਰਾ ਪ੍ਰਬੰਧਕਾਂ, ਸਹਿਯੋਗੀਆਂ ਜਥਿਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਨਿਰਸਵਾਰਥ ਸੇਵਾ ਨਿਭਾਉਣ ਵਾਲੇ ਗੁਰਸਿੱਖਾਂ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਲਾ ਸਾਂਤੀ ਪੂਰਨ ਸੰਪੂਰਨ ਹੋਇਆ ।ਇੱਕ ਵੀ ਅਜਿਹੀ ਘਟਨਾ ਨਹੀ ਵਾਪਰੀ ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਵੱਜੀ ਹੋਵੇ।ਉਨ੍ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲੇ ਸਮੇਂ ਵੱਖਵੱਖ ਦਲਾਂ ਦੇ ਮੁਖੀ ਸਾਹਿਬਾਨ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਅਤੇ ਮਹੱਲੇ ਦੀਆਂ ਰੌਣਕਾਂ ਅਤੇ ਮਰਯਾਦਾ ਨੂੰ ਭਲੀਭਾਂਤ ਨਿਭਾਇਆ ਹੈ।

