ਖ਼ਾਲਸਾ ਕਾਲਜ ਪਟਿਆਲਾ ਵਲੋਂ ਈਕਲਰਕਸ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ, ਵਲੋਂ ਵੌਇਸ ਐਨਾਲਿਸਟ ਦੇ ਅਹੁਦੇ ਲਈ ਇੱਕ ਨਾਮੀ ਕੰਪਨੀ ਈਕਲਰਕਸ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ। ਇਹ ਡਰਾਈਵ ਸਾਰੀਆਂ ਸਟਰੀਮਾਂ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਸੀ। ਕਾਲਜ ਦੇ. ਕੰਪਨੀ ਦੇ ਅਧਿਕਾਰੀਆਂ ਵਿੱਚ ਸ. ਮਨੀਤ ਸਿੰਘ ਐਚ.ਆਰ. ਮੈਨੇਜਰ, ਸ਼੍ਰੀਮਤੀ ਕਨਿਕਾ ਸੀਨੀਅਰ ਐਚ.ਆਰ., ਸ਼੍ਰੀਮਤੀ ਸ਼ਿਵਾਨੀ ਐਚ.ਆਰ. ਅਤੇ ਸ਼੍ਰੀ ਅਰਚਿਤ ਐਚ.ਆਰ. ਸਨ। ਇਸ ਮੌਕੇ ਸ. ਮਨੀਤ ਸਿੰਘ ਨੇ ਆਪਣੀ ਕੰਪਨੀ ਅਤੇ ਈਕਲਰਕਸ ਦੁਆਰਾ ਪੇਸ਼ ਕੀਤੇ ਗਏ ਵੱਖ-ਵੱਖ ਕਰੀਅਰ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ, ਤਨਖ਼ਾਹ ਢਾਂਚੇ ਅਤੇ ਨੌਕਰੀ ਦੀ ਸਥਿਤੀ ਬਾਰੇ ਦੱਸਿਆ। ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ ਸਮਾਨਾਂਤਰ ਇੰਟਰਵਿਊ ਸੈਸ਼ਨ ਆਯੋਜਿਤ ਕੀਤੇ ਗਏ ਸਨ, ਜਿਸ ਤੋਂ ਬਾਅਦ ਅੰਤਿਮ ਚੋਣ ਲਈ ਤਕਨੀਕੀ ਸੈਸ਼ਨ ਵੀ ਕੀਤਾ ਗਿਆ ਸੀ।
ਕਾਲਜ ਦੇ ਪਿੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਸੈਂਟਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਲੇਸਮੈਂਟ ਸੈਂਟਰ ਵਿਦਿਆਰਥੀਆਂ ਦੀ ਸਿਖਲਾਈ, ਕਾਊਂਸਲਿੰਗ ਅਤੇ ਨਾਮਵਰ ਕੰਪਨੀਆਂ ਵਿਚ ਪਲੇਸਮੈਂਟ ਲਈ ਵੱਡੇ ਉਪਰਾਲੇ ਕਰ ਰਿਹਾ ਹੈ, ਉਨ੍ਹਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਕਰੀਅਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਪ੍ਰੋ. ਜਸਪ੍ਰੀਤ ਕੌਰ, ਡੀਨ ਪਲੇਸਮੈਂਟ, ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਪਲੇਸਮੈਂਟ ਡਰਾਈਵ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਅਧਿਐਨ ਦੇ ਸਮੇਂ ਦੌਰਾਨ ਹੀ ਭਰਤੀ ਹੋਣ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਨਾਲ ਹੀ ਉਹਨਾਂ ਨੂੰ ਇੱਕ ਨਵਾਂ ਸਿੱਖਣ ਦਾ ਤਜਰਬਾ ਪ੍ਰਦਾਨ ਕਰਨਾ ਹੈ। ਡਾ. ਨਿਪੁੰਨਜੋਤ ਕੌਰ, ਕਨਵੀਨਰ, ਪਲੇਸਮੈਂਟ ਸੈਂਟਰ ਨੇ ਦੱਸਿਆ ਕਿ ਅਜਿਹੀਆਂ ਪਲੇਸਮੈਂਟ ਡਰਾਈਵਾਂ ਕਾਲਜ ਦੀ ਆਮ ਹੀ ਕਰਵਾਈਆਂ ਜਾਂਦੀਆਂ ਹਨ। ਉਸਨੇ ਅੱਗੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਕੰਪਨੀਆਂ ਸੰਸਥਾ ਦਾ ਦੌਰਾ ਕਰਨਗੀਆਂ। ਪ੍ਰੋ. ਅਮਨਦੀਪ ਸਿੰਘ, ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਅਤੇ ਸਮੁੱਚੀ ਪਲੇਸਮੈਂਟ ਕਮੇਟੀ ਦੀ ਯੋਗ ਅਗਵਾਈ ਹੇਠ ਇਹ ਡਰਾਈਵ ਬਹੁਤ ਹੀ ਸਫ਼ਲ ਰਹੀ ।

