ਪੰਜਾਬੀ ਵਿਭਾਗ ਵਿਖੇ ਦਲਜੀਤ ਅਮੀ ਨੇ ਰਚਾਇਆ ਨਿਵੇਕਲੇ ਅੰਦਾਜ਼ ਵਿੱਚ ਸੰਵਾਦ
ਕੋਚੀ ਦੇ ਕਲਾ ਮੇਲੇ ਵਿੱਚ ਪੰਜਾਬੀਅਤ ਦੇ ਸ਼ੁਮਾਰ ਅਤੇ ਸੀਮਾਵਾਂ ਦੇ ਹਵਾਲੇ ਨਾਲ਼ ਕੀਤੀ ਗੱਲ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੱਖਣੀ ਭਾਰਤ ਦੇ ਕੋਚੀ ਵਿਖੇ ਹੋਣ ਵਾਲੇ ਕਲਾ ਮੇਲੇ ਵਿੱਚ ਪੰਜਾਬ ਨਾਲ਼ ਜੁੜੀ ਕਲਾ ਦੀ ਸ਼ਮੂਲੀਅਤ ਦੇ ਹਵਾਲੇ ਨਾਲ਼ ਦਲਜੀਤ ਅਮੀ ਨੇ ਪੰਜਾਬੀ ਵਿਭਾਗ ਵਿਖੇ ਇੱਕ ਨਿਵੇਕਲੇ ਅੰਦਾਜ਼ ਵਿੱਚ ਸੰਵਾਦ ਰਚਾਇਆ। ‘ਵਿਵਾਨ ਸੁੰਦਰਮ : ਕਿਨ੍ਹਾਂ ਰਾਹੀਂ ਨੀ ਤੂੰ ਕੋਚੀ ਜਾਣਾ’ (ਕੋਚੀ ਕਲਾ ਮੇਲੇ ਵਿੱਚ ਪੰਜਾਬ ਦੀ ਦਸਤਕ) ਨਾਮਕ ਵਿਸ਼ੇ ਉੱਤੇ ਗੱਲ ਕਰਦਿਆਂ ਐਜੂਕੇਸ਼ਨਲ ਮਲਟੀਮੀਡੀਆ ਸੈਂਟਰ ਦੇ ਡਾਇਰੈਕਟਰ ਅਮੀ ਨੇ ਦੱਸਿਆ ਕਿ ਹਰੇਕ ਦੋ ਸਾਲ ਬਾਅਦ ਲੱਗਣ ਵਾਲੇ ਇਸ ਮੇਲੇ ਦਾ ਕੇਂਦਰੀ ਥੀਮ ਇਸ ਵਾਰ ਸਥਾਪਨ ਕਲਾ (ਇਨਸਟਾਲੇਸ਼ਨ ਆਰਟ) ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਬਾਰੇ ਚਿੰਤਨ ਕਰਨ ਦੀ ਲੋੜ ਹੈ ਕਿ ਅਜਿਹੇ ਕਲਾ ਮੇਲੇ ਜਿੱਥੇ ਅਜਿਹੀਆਂ ਅਮੂਰਤ ਸਰੂਪ ਵਾਲੀਆਂ ਕਲਾਵਾਂ ਪ੍ਰਦਰਸਿ਼ਤ ਹੁੰਦੀਆਂ ਹਨ ਉੱਥੇ ਪੰਜਾਬ ਦੀ ਸ਼ਮੂਲੀਅਤ ਹੋਰ ਵੱਡੇ ਪੱਧਰ ਉੱਤੇ ਕਿਉਂ ਨਹੀਂ। ਸਾਨੂੰ ਇਸ ਸਵਾਲ ਦੇ ਸਨਮੁਖ ਹੋਣਾ ਪਵੇਗਾ ਕਿ ਕਿਤੇ ਪੰਜਾਬ ਵਿੱਚ ਅਜਿਹੀ ਕਲਾ ਦੇ ਪੈਦਾ ਹੋਣ ਸੰਬੰਧੀ ਕੋਈ ਸੀਮਾਵਾਂ ਤਾਂ ਨਹੀਂ। ਇਸ ਮੌਕੇ ਉਨ੍ਹਾਂ ਪੁਰਾਣੇ ਪੰਜਾਬ ਦੀ ਅਜਿਹੀ ਕਲਾ ਪਰੰਪਰਾ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਅਜਿਹੀ ਕਲਾ ਦੀ ਬਕਾਇਦਾ ਇੱਕ ਵਿਰਾਸਤ ਰਹੀ ਹੈ ਜਿਸ ਨੂੰ ਪਹਿਚਾਨਣ ਅਤੇ ਅੱਗੇ ਤੋਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੋ ਘਟਨਾਵਾਂ ਰਾਹੀਂ ਹਾਜ਼ਰ ਹੋਇਆ ਜਿਨ੍ਹਾਂ ਵਿੱਚੋਂ ਇੱਕ ਘਟਨਾ 1947 ਦੇ ਬਟਵਾਰੇ ਨਾਲ਼ ਸੰਬੰਧਤ ਸੀ ਜਦੋਂ ਕਿ ਦੂਜੀ ਕਿਸਾਨ ਮੋਰਚੇ ਨਾਲ਼। ਤੀਜੀ ਹਾਜ਼ਰੀ ਇਨ੍ਹਾਂ ਦੋਹਾਂ ਘਟਨਾਵਾਂ ਦੇ ਦਰਮਿਆਨ ਦੀ ਸ਼ਖ਼ਸੀਅਤ ਪ੍ਰਸਿੱਧ ਚਿੱਤਰਕਾਰ ਵਿਵਾਨ ਸੁੰਦਰਮ ਸੀ, ਜਿਨ੍ਹਾਂ ਦੇ ਕੁੱਝ ਕੰਮ ਉੱਥੇ ਹਾਜ਼ਰ ਸਨ, ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਵਾਨ ਸੁੰਦਰਮ ਦਾ ਪੰਜਾਬ ਨਾਲ਼ ਕਿਸ ਤਰ੍ਹਾਂ ਦਾ ਸੰਬੰਧ ਬਣਦਾ ਹੈ। ਵਿਵਾਨ ਸੁੰਦਰਮ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਪੰਜਾਬ ਦੇ ਸੁਹਜ ਬਾਰੇ ਬਹੁਤ ਸਾਰੀਆਂ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਅਸੀਂ ਵੰਨ-ਸੁਵੰਨਤਾ ਨਾਲ਼ ਸਹਿਜ ਹੋਣਾ ਨਹੀਂ ਸਿਖਦੇ ਓਨਾ ਚਿਰ ਅਸੀਂ ਬਿਹਤਰ ਤਰੀਕੇ ਨਾਲ਼ ਵਿਗਸਣ ਤੋਂ ਵਾਂਝੇ ਰਹਾਂਗੇ। ਵਿਗਿਆਨਕ ਹਵਾਲਿਆਂ ਨਾਲ਼ ਉਨ੍ਹਾਂ ਕਿਹਾ ਕਿ ਕੋਈ ਵੀ ਸਭਿਆਚਾਰ ਸ਼ੁੱਧ ਨਹੀਂ ਹੁੰਦਾ। ਇਸ ਲਈ ਸਾਨੂੰ ਵਿਰਸੇ ਜਾਂ ਰਵਾਇਤਾਂ ਪ੍ਰਤੀ ਕੱਟੜਤਾ ਵਾਲ਼ਾ ਰਵੱਈਆ ਅਪਨਾਉਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਹੋਣਾ ਸਾਡੇ ਸੋਹਜ ਦੇ ਵਿਗਾਸ ਵਿੱਚ ਰੁਕਾਵਟ ਹੈ। ਤਾਮਿਲ ਅਤੇ ਪੰਜਾਬ ਦੇ ਆਪਸੀ ਸੰਬੰਧਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਪੰਜਾਬੀ ਮੂਲ ਦੇ ਗੁਲਜ਼ਾਰ ਵੱਲੋਂ ਲਿਖੇ ਗੀਤਾਂ ਦੀ ਤਾਮਿਲ ਮੂਲ ਦੇ ਰਹਿਮਾਨ ਦੇ ਸੰਗੀਤ ਨਾਲ਼ ਹੁੰਦੀ ਖ਼ੂਬਸੂਰਤ ਜੁਗਲਬੰਦੀ ਸਾਨੂੰ ਬਹੁਤ ਸਾਰੇ ਅੰਦਾਜ਼ੇ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਬੰਦੇ ਦਾ ਬੰਦੇ ਨਾਲ਼ ਰਿਸ਼ਤਾ ਯੁੱਗਾਂ ਯੁੱਗਾਂ ਤੋਂ ਅਟੱਲ ਹੈ ਜਿਸ ਨੂੰ ਬੱਸ ਸਮਝਿਆ ਜਾਣਾ ਹੀ ਬਾਕੀ ਹੈ। ਉਨ੍ਹਾਂ ਦਾ ਇਹ ਭਾਸ਼ਣ ਨਿਵੇਕਲੇ ਅੰਦਾਜ਼ ਵਿੱਚ ਸੀ। ਭਾਸ਼ਣ ਦੌਰਾਨ ਉਨ੍ਹਾਂ ਪੰਜਾਬੀ ਵਿਭਾਗ ਦੇ ਕਮਰੇ ਦੀਆਂ ਵੱਖ-ਵੱਖ ਥਾਵਾਂ ਉੱਤੇ ਬਹੁਤ ਸਾਰੀਆਂ ਚਿੱਤਰਕਲਾਵਾਂ/ਤਸਵੀਰਾਂ ਸਜਾ ਕੇ ਰੱਖੀਆਂ ਅਤੇ ਸਾਰੇ ਕਮਰੇ ਦੇ ਫਰਸ਼ ਉੱਤੇ ਵੱਡੀ ਮਾਤਰਾ ਵਿੱਚ ਸੁੱਕੇ ਪੱਤੇ ਖਿਲਾਰੇ ਸਨ ਤਾਂ ਅਮੂਰਤ ਕਲਾ ਦੇ ਸਰੂਪ ਅਨੁਸਾਰ ਗੱਲ ਕਰਨ ਦਾ ਇੱਕ ਮਾਹੌਲ ਤਿਆਰ ਹੋ ਸਕੇ। ਇਸ ਕੰਮ ਲਈ ਉਨ੍ਹਾਂ ਸਤਲੁਜ ਵਿੱਚੋਂ ਲਿਆਂਦੇ ਕੁੱਝ ਪੱਥਰਾਂ ਅਤੇ ਕੋਚੀ ਦੇ ਸਮੁੰਦਰੀ ਕਿਨਾਰੇ ਤੋਂ ਲਿਆਂਦੀਆਂ ਸਿੱਪੀਆਂ ਨੂੰ ਕਲਾਤਮਿਕ ਅੰਦਾਜ਼ ਵਿੱਚ ਸਜਾਇਆ ਸੀ। ਭਾਸ਼ਣ ਦੌਰਾਨ ਉਨ੍ਹਾਂ ਇੱਥੇ ਹਾਜ਼ਰ ਵੱਖ-ਵੱਖ ਵਿਸਿ਼ਆਂ ਵਿੱਚ ਮੁਹਾਰਤ ਵਾਲੀਆਂ ਸ਼ਖ਼ਸੀਅਤਾਂ ਨੂੰ ਆਪਣੇ ਸੰਵਾਦ ਵਿੱਚ ਸ਼ਾਮਿਲ ਕਰ ਕੇ ਇਸ ਸਮੁੱਚੀ ਗੱਲਬਾਤ ਨੂੰ ਵਧੇਰੇ ਰੌਚਿਕ ਬਣਾਇਆ। ਪੰਜਾਬੀ ਵਿਭਾਗ ਤੋਂ ਡਾ. ਸੁਰਜੀਤ ਸਿੰਘ ਅਤੇ ਮੁਖੀ ਡਾ. ਗੁਰਮੁਖ ਸਿੰਘ, ਮਨੋਵਿਗਿਆਨ ਵਿਭਾਗ ਤੋਂ ਡਾ. ਮਮਤਾ ਸ਼ਰਮਾ ਅਤੇ ਡਾ. ਰੂਬੀ ਗੁਪਤਾ, ਨਾਚ ਵਿਭਾਗ ਤੋਂ ਡਾ. ਇੰਦਰਾ ਬਾਲੀ, ਫ਼ੋਰੈਂਸਿਕ ਵਿਗਿਆਨ ਵਿਭਾਗ ਤੋਂ ਡਾ. ਰਾਜਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਡਾ. ਗਗਨ ਥਾਪਾ ਨੇ ਇਸ ਸੰਵਾਦ ਵਿੱਚ ਸਿ਼ਰਕਤ ਕੀਤੀ।

