ਜੇ. ਏ. ਸੀ. ਵੱਲੋਂ ਜਲੰਧਰ ਵਿਖੇ ਸੂਬਾ ਸਰਕਾਰ ਵਿਰੋਧੀ ਵਿਸ਼ਾਲ ਪੱਧਰੀ ਰੋਸ ਰੈਲੀ 5 ਮਈ ਨੂੰ
ਵਿਰੋਧ 2 ਮਈ ਤੋਂ ਸ਼ੁਰੂ, ਅਧਿਆਪਕ ਪ੍ਰੀਖਿਆ ਡਿਊਟੀਆਂ ਦਾ ਕਰਨਗੇ ਬਾਈਕਾਟ
ਅੰਮ੍ਰਿਤਸਰ, 1 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਏਡਿਡ ਕਾਲਜ ਮੈਨੇਜਮੈਂਟ, ਤਿੰਨ ਰਾਜ ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਐਸੋਸੀਏਸ਼ਨਾਂ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਅਤੇ ਅਣ-ਏਡਿਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਜਲੰਧਰ ਵਿਖੇ 5 ਮਈ ਨੂੰ ਸੂਬਾ ਸਰਕਾਰ ਦੇ ਸਿੱਖਿਆ ਵਿਰੋਧੀ ਫ਼ੈਸਲਿਆਂ ਖਿਲਾਫ਼ ਰੋਸ ਵਜੋਂ ਇਕ ਹੰਗਾਮੀ ਭਰੀ ਰੋਸ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ। ਜੇ. ਏ. ਸੀ. ਨੇ ਅੱਜ ਜੀ. ਐਨ. ਡੀ. ਯੂ., ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਉਪ-ਕੁਲਪਤੀਆਂ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ 5 ਮਈ ਨੂੰ ਕੋਈ ਵੀ ਪ੍ਰਿੰਸੀਪਲ ਜਾਂ ਅਧਿਆਪਕ ਪ੍ਰੀਖਿਆ ਡਿਊਟੀ ’ਤੇ ਹਾਜ਼ਰ ਨਹੀਂ ਹੋਵੇਗਾ ਅਤੇ ਭਵਿੱਖ ’ਚ ਵੀ ਪ੍ਰੀਖਿਆ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 2 ਮਈ ਨੂੰ ਅਧਿਆਪਕ ਇਕ ਘੰਟੇ ਦਾ ਸਾਂਝਾ ਧਰਨੇ ਦੇਣਗੇ। ਇਸ ਮੌਕੇ ਜੇ. ਏ. ਸੀ. ਦੇ ਮੁੱਖੀ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਉਚੇਰੀ ਸਿੱਖਿਆ ਦੇ ਅਦਾਰਿਆਂ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਜਲੰਧਰ ਅਤੇ ਹੋਰ ਵੱਖ-ਵੱਖ ਥਾਂਵਾਂ ’ਤੇ ਹੋਈਆਂ ਹੰਗਾਮੀ ਮੀਟਿੰਗਾਂ ’ਚ ਉਨ੍ਹਾਂ ਨੇ ਸਰਕਾਰ ਖਿਲਾਫ਼ ਵਿਰੋਧ ਜਾਹਿਰ ਕਰਨ ਲਈ ਜਲੰਧਰ ਲੋਕ ਸਭਾ ਉਪ ਚੋਣ ਦਾ ਵਿਰੋਧ ਕਰਨ ਦਾ ਵੀ ਸੰਕਲਪ ਲਿਆ।
ਉਨ੍ਹਾਂ ਕਿਹਾ ਕਿ ਹਾਲਾਂਕਿ ਰਾਜ ’ਚ ਉੱਚ ਸਿੱਖਿਆ ਨੂੰ ਦਰਪੇਸ਼ ਬਹੁਤ ਸਾਰੇ ਮੁੱਦੇ ਹਨ, ਪਰ ਜੇ. ਏ. ਸੀ. ਦੀਆਂ ਤਿੰਨ ਮੁੱਢਲੀਆਂ ਮੌਜੂਦਾ ਮੰਗਾਂ ’ਚ ਕਾਲਜਾਂ ਲਈ ਪ੍ਰਸਤਾਵਿਤ ਕੇਂਦਰੀਕ੍ਰਿਤ ਦਾਖਲਾ ਪੋਰਟਲ ਨੂੰ ਰੱਦ ਕਰਨਾ ਮੁੱਖ ਹੈ, ਜਿਸ ਨੂੰ ਕਿ ਕਾਲਜਾਂ ’ਤੇ ਮਨਮਾਨੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਐਸੋਸੀਏਸ਼ਨ ਦੇ ਮੁਖੀ ਡਾ. ਗੁਰਦੇਵ ਸਿੰਘ ਅਤੇ ਪੀ. ਸੀ. ਸੀ. ਟੀ. ਯੂ. ਦੇ ਮੁਖੀ ਡਾ. ਵਿਨੈ ਸੋਫਤ ਨੇ ਵੀ ਪੋਰਟਲ ਨੂੰ ਪੱਖਪਾਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਪੋਰਟਲ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਾਲਜਾਂ ਦੀਆਂ ਸਾਰੀਆਂ ਅਸਾਮੀਆਂ ਨੂੰ ਗ੍ਰਾਂਟ-ਇਨ-ਏਡ ਸਕੀਮਾਂ ’ਚ ਤਬਦੀਲ ਕਰਨ ਦੀ ਮੰਗ ਤੋਂ ਇਲਾਵਾ ਉੱਚ ਸਿੱਖਿਆ ਦੀਆਂ ਸੰਸਥਾਵਾਂ ਦੀ ਨਿਗਰਾਨੀ ਲਈ ਰਾਜ ’ਚ ਉੱਚ ਸਿੱਖਿਆ ਰੈਗੂਲੇਟਰੀ ਅਥਾਰਟੀ ਦੇ ਗਠਨ ਦੀ ਵੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਲੋਕ ਸਭਾ ਉਪ-ਚੋਣਾਂ ਤੋਂ ਪਹਿਲਾਂ ਜਲੰਧਰ ਵਿਖੇ ਵਿਰੋਧ ਪ੍ਰਦਰਸ਼ਨ, ਰੈਲੀਆਂ ਦਾ ਆਯੋਜਨ ਅਤੇ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਪਾਰਟੀ ਨੇਤਾਵਾਂ ਨੂੰ ਮਿਲਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀਆਂ ਹੱਕੀ ਮੰਗਾਂ ਨੂੰ ਹੱਲ ਕਰਨ ’ਚ ਅਸਫਲ ਰਹੀ ਹੈ ਅਤੇ ਸਾਡੇ ਕੋਲ ਆਮ ਆਦਮੀ ਪਾਰਟੀ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਲੋਕਾਂ ਤੱਕ ਪਹੁੰਚਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਸਮਾਂ ਮੰਗਿਆ ਜਾ ਚੁੱਕਿਆ ਹੈ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ. ਏ. ਸੀ. ਵੱਲੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦਾ ਬਾਈਕਾਟ ਜਾਰੀ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਸਮੂਹ ਰਾਜ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਜ਼ ਨੂੰ ਪ੍ਰੀਖਿਆ ਡਿਊਟੀਆਂ ਦੇ ਬਾਈਕਾਟ ਦੇ ਫੈਸਲੇ ਸਬੰਧੀ ਵੀ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕਾਲਜਾਂ ’ਚ ਪਹਿਲਾਂ ਹੀ ਨੌਜਵਾਨਾਂ ਦੇ ਵਿਦੇਸ਼ ਜਾਣ ਕਾਰਨ ਦਾਖ਼ਲਿਆਂ ’ਚ ਕਮੀ ਆ ਰਹੀ ਹੈ ਅਤੇ ਹੁਣ ਉਕਤ ਪੋਰਟਲ ਕਾਰਨ ਕਾਲਜਾਂ ’ਤੇ ਵਿੱਤੀ ਅਤੇ ਪ੍ਰਸ਼ਾਸਨਿਕ ਤੌਰ ’ਤੇ ਬਹੁਤ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਪਹਿਲਾਂ ਹੀ ਕੇਂਦਰੀਕ੍ਰਿਤ ਦਾਖਲਾ ਪੋਰਟਲ ਨੂੰ ਲਾਗੂ ਨਾ ਕਰਨ ਦਾ ਫੈਸਲਾ ਕਰ ਚੁੱਕੀ ਹੈ। ਇਸ ਮੌਕੇ ਡਾ. ਵਿਨੈ ਸੋਫਤ ਨੇ ਕਿਹਾ ਕਿ ਜੇਕਰ ਸਰਕਾਰ ਨਾ ਜਾਗੀ ਤਾਂ ਆਉਣ ਵਾਲੇ ਦਿਨਾਂ ’ਚ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਦੀਆਂ ਸਾਰੀਆਂ ਪ੍ਰੀਖਿਆਵਾਂ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਇਸ ਸਬੰਧੀ ਵਿਦਿਆਰਥੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਹੋਵੇਗੀ।

