ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਉਪਰੰਤ ਜੇ. ਏ. ਸੀ. ਦੀ ਭਲਕੇ ਰੋਸ ਰੈਲੀ ਰੱਦ
ਸਰਕਾਰ ਨੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਵਾਪਸ ਲੈਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 4 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੱਜ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨਾਲ ਜੁਆਇੰਟ ਐਕਸ਼ਨ ਕਮੇਟੀ (ਜੇ. ਏ. ਸੀ.) ਦੇ ਉਚ ਪੱਧਰੀ ਵਫ਼ਦ ਨਾਲ ਮੀਟਿੰਗ ਉਪਰੰਤ ਕੇਂਦਰੀਕ੍ਰਿਤ ਦਾਖਲਾ ਪੋਰਟਲ ਦੇ ਫੈਸਲੇ ਨੂੰ ਵਾਪਸ ਲੈਣ ਦੇ ਭਰੋਸੇ ਬਾਅਦ ਭਲਕੇ ਜਲੰਧਰ ਵਿਖੇ ਹੋਣ ਵਾਲੀ ਰੋਸ ਰੈਲੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾਨ ਨੇ ਹੋਰਨਾਂ ਮੁੱਦਿਆਂ ’ਤੇ ਵੀ ਚੰਡੀਗੜ੍ਹ ਵਿਖੇ ਮੈਨੇਜ਼ਮੈਂਟ, ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਦੇ ਇਕ ਸਾਂਝੇ ਵਫ਼ਦ ਨੂੰ 16 ਮਈ ਨੂੰ ਬੁਲਾ ਕੇ ਗੱਲਬਾਤ ਕਰਨ ਦਾ ਯਕੀਨ ਦਿਵਾਇਆ ਹੈ। ਏਡਿਡ ਕਾਲਜ ਮੈਨੇਜਮੈਂਟ, ਤਿੰਨ ਰਾਜ ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਐਸੋਸੀਏਸ਼ਨਾਂ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਅਤੇ ਅਣ-ਏਡਿਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਜਲੰਧਰ ਵਿਖੇ ਕੱਲ੍ਹ ਰੋਸ ਰੈਲੀ ਦਾ ਐਲਾਨ ਕੀਤਾ ਸੀ। ਜੇ. ਏ. ਸੀ. ਦਾ ਇਕ ਵਫ਼ਦ ਬੀਤੇ ਕੱਲ੍ਹ (3 ਮਈ) ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ ਸੀ ਅਤੇ ਦੋਹਾਂ ਮੰਤਰੀਆਂ ਨੇ ਗੱਲਬਾਤ ਸੁਣਨ ਉਪਰੰਤ ਕੇਂਦਰੀਕ੍ਰਿਤ ਦਾਖਲੇ ਪੋਰਟਲ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜੇ. ਏ. ਸੀ. ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਉਨ੍ਹਾਂ ਦਾ ਉਚ ਪੱਧਰੀ ਵਫਦ ਜਿਸ ’ਚ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਡਾ. ਐਸ. ਐਮ. ਸ਼ਰਮਾ, ਐਡਵਾਈਜ਼ਰ ਰਵਿੰਦਰ ਜੋਸ਼ੀ, ਮੈਂਬਰ ਐਮ. ਪੀ. ਸਿੰਘ, ਪ੍ਰਿੰਸੀਪਲ ਡਾ. ਗੁਰਦੇਵ ਸਿੰਘ, ਪ੍ਰਿੰਸੀਪਲ ਅਜੈ ਸਰੀਨ, ਪੀ. ਸੀ. ਸੀ. ਟੀ. ਯੂ. ਦੇ ਪ੍ਰਧਾਨ ਡਾ. ਵਿਨੈ ਸੌਫ਼ਤ, ਪ੍ਰਿੰਸੀਪਲ ਡਾ. ਅਨੂਪ ਅਤੇ ਪ੍ਰਿੰਸੀਪਲ ਡਾ. ਮਨੂੰ ਸੂਦ ਸ਼ਾਮਿਲ ਸਨ, ਨੇ ਮੁੱਖ ਮੰਤਰੀ ਨਾਲ ਅੱਜ ਮੁਲਾਕਾਤ ਕੀਤੀ। ਮੁੱਖ ਮੰਤਰੀ ਮਾਨ ਨੇ ਵਫ਼ਦ ਦੁਆਰਾ ਚੁੱਕੇ ਗਏ ਸਮੂਹ ਮੁੱਦਿਆਂ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਕਾਲਜ ਆਪਣੇ ਦਾਖਲੇ ਕਰਨ ਲਈ ਸੁਤੰਤਰ ਹਨ ਅਤੇ ਸਰਕਾਰ ਦਾ ਦਾਖਲਿਆਂ ’ਚ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਵੇਗੀ। ਉਨ੍ਹਾਂ ਨੇ ਬਾਕੀ ਮੁੱਦਿਆਂ ’ਤੇ ਮੈਨੇਜ਼ਮੈਂਟ, ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਨੂੰ ਅਗਲੇਰੀ ਮੀਟਿੰਗ ਲਈ 16 ਮਈ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਵੀ ਦਿੱਤਾ। ਡਾ. ਗੁਰਦੇਵ ਸਿੰਘ ਅਤੇ ਡਾ. ਸੋਫ਼ਤ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਦਾ ਯਕੀਨ ਦਿਵਾਇਆ ਹੈ। ਜਿਸ ਕਾਰਨ ਭਲਕੇ ਦੀ ਰੋਸ ਰੈਲੀ ਰੱਦ ਕਰ ਦਿੱਤੀ ਗਈ ਹੈ।

