ਪੰਜਾਬ ਦੇ ਸਾਰੇ ਚੋਆਂ ਤੇ ਨਦੀਆਂ ਨੂੰ ਬਰਸਾਤਾਂ ਤੋਂ ਪਹਿਲਾਂ ਸਾਫ ਕਰਵਾਇਆ ਜਾਵੇਗਾ- ਭਗਵੰਤ ਮਾਨ
ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ ਨੇ ਸੰਤ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਕੀਤਾ ਉਦਘਾਟਨ
ਸਿੰਬਲੀ ਪਿੰਡ ਵਿੱਚ ਬਿਸਤ ਦੋਆਬ ਨਹਿਰ ਦੇ ਹੇਠੋਂ ਲੰਘਦੀ ਹੈ ਚਿੱਟੀ ਵੇਈਂ
ਸੰਤ ਸੀਚੇਵਾਲ ਵੱਲੋਂ ਐਮ.ਪੀ.ਲੈਡ ਫੰਡ ਰਾਹੀ ਲਗਾਏ ਜਾਣਗੇ ਪ੍ਰੋਜੈਕਟ ‘ਤੇ ਪੈਸੇ
ਹਵਾ ਪਾਣੀ ਤੇ ਧਰਤੀ ਨੂੰ ਬਣਦੀ ਤਰਜ਼ੀਹ ਦੇਈਏ: ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 8 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਾਰੇ ਚੋਆਂ ਤੇ ਨਦੀਆਂ ਨੂੰ ਸਾਫ਼ ਕਰਕੇ ਮੀਂਹਾਂ ਦਾ ਪਾਣੀ ਰੀਚਾਰਜ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿੱਚ ਚਿੱਟੀ ਵੇਈਂ ਵਿੱਚ 200 ਕਿਊਸਿਕ ਪਾਣੀ ਛੱਡਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਇਤਿਹਾਸਕ ਕੰਮ ਕਰਵਾਇਆ ਹੈ। ਇਸ ਮੌਕੇ ਉਹਨਾਂ ਨਾਲ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ, ਇਲਾਕੇ ਦੇ ਸੰਤ ਮਹਾਂਪੁਰਸ਼ ਤੇ ਹੋਰ ਸਖਸ਼ੀਅਤਾਂ ਹਾਜ਼ਰ ਸੀ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਇਸ ਪ੍ਰੋਜੈਕਟ ਲਈ ਆਪਣੇ ਐਮ.ਪੀ.ਲੈਡ ਫੰਡ ਵਿੱਚੋਂ 1 ਕਰੋੜ 19 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਜਿਸਦਾ ਟੈਂਡਰ ਲੱਗ ਚੁੱਕਾ ਹੈ ਤੇ ਸੰਤ ਸੀਚੇਵਾਲ ਵੱਲੋਂ ਇਸ ਪ੍ਰੋਜੈਕਟ ਲਈ ਆਪਣੇ ਫੰਡ ਵਿੱਚੋਂ 40 ਲੱਖ ਰਪਏ ਦਿੱਤੇ ਜਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿੱਚ ਹਵਾ, ਪਾਣੀ ਤੇ ਧਰਤੀ ਦੀ ਗੱਲ ਕੀਤੀ ਗਈ ਹੈ ਜਦ ਕਿ ਦੂਜੀਆਂ ਪਾਰਟੀਆਂ ਦੇ ਇਹ ਏਜੰਡੇ ਵਿੱਚ ਹੀ ਨਹੀਂ ਹਨ। ਉਨ੍ਹਾਂ ਕਿਹਾ ਬਿਸਤ ਦੁਆਬ ਵਿੱਚੋਂ ਚਿੱਟੀ ਵੇਈਂ ਵਿੱਚ ਵੱਖ-ਵੱਖ ਥਾਵਾਂ ਤੋਂ 500 ਕਿਊਸਿਕ ਪਾਣੀ ਛੱਡਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਚਿੱਟੀ ਵੇਈਂ ਦਾ ਕੰਮ ਏਨਾ ਇਤਿਹਾਸਕ ਹੈ ਕਿ ਉਹ ਆਪਣੇ ਸਾਰੇ ਰੁਝੇਵੇਂ ਛੱਡ ਕੇ ਇਸ ਕੰਮ ਦੀ ਸ਼ੁਰੂਆਤ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰੈਗੂਲੇਟਰ ਜੂਨ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਤਾਂ ਜੋ ਝੋਨੇ ਦੀ ਲੁਆਈ ਤੋਂ ਪਹਿਲਾਂ-ਪਹਿਲਾਂ ਇਹ ਚਾਲੂ ਹੋ ਸਕੇ। ਮੁੱਖ ਮੰਤਰੀ ਨੇ ਸੰਤ ਸੀਚੇਵਾਲ ਦੇ ਕੰਮਾਂ ਦੀ ਪ੍ਰਸੰਸਾਂ ਕਰਦਿਆ ਕਿਹਾ ਕਿ ਜਦੋਂ ਉਹ ਐਮਪੀ ਨਹੀਂ ਵੀ ਸਨ ਤਦ ਵੀ ਉਹ ਪਾਣੀਆਂ, ਰੁੱਖਾਂ, ਫੁੱਲਾਂ ਅਤੇ ਧਰਤੀ ਨੂੰ ਬਚਾਉਣ ਦੇ ਕੰਮਾਂ ਵਿੱਚ ਲੱਗੇ ਹੋਏ ਸਨ ਤੇ ਅਫਸਰਾਂ ਨੂੰ ਮੰਗ ਪੱਤਰ ਦਿੰਦੇ ਸਨ ਪਰ ਹੁਣ ਐਮਪੀ ਬਣ ਕੇ ਉਹ ਕਮੀਆਂ ਨੂੰ ਦੂਰ ਕਰਨ ਦੇ ਹੁਕਮ ਦੇ ਸਕਦੇ ਹਨ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ‘ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਸੜਕ ਬਣਾਈ ਜਾਵੇਗੀ ਅਤੇ ਬਰਸਾਤਾਂ ਤੋਂ ਪਹਿਲਾਂ ਸਤਲੁਜ ਦਰਿਆ ‘ਤੇ ਬਣੇ ਗਿੱਦੜਪਿੰਡੀ ਦੇ ਰੇਲਵੇ ਪੁਲ ਹੇਠੋਂ 10 ਤੋਂ 12 ਫੁੱਟ ਤੱਕ ਜੰਮੀ ਗਾਰ ਕੱਢਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਕੇ ‘ਤੇ ਹੀ ਲਿਖੀ ਕਵਿਤਾ ਹਵਾ, ਪਾਣੀ ਤੇ ਧਰਤੀ ਆਜ਼ਾਦ ਹੋਣਗੇ, ਸੁਪਨੇ ਨਹੀਂ ਰਹਿਣੇ ਇਹ ਆਬਾਦ ਹੋਣਗੇ, ਪਾਣੀਆਂ ਦੇ ਰਾਖੇ ਪਹਿਰੇਦਾਰ ਹੋਣਗੇ ਰਾਹੀ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਾਡਲੇ ਪੱੁਤਰ ਬਣਕੇ ਕੁਦਰਤੀ ਸਰੋਤਾਂ ਦੀ ਰਾਖੀ ਕਰੀਏ ਤੇ ਹਵਾ ਪਾਣੀ ਤੇ ਧਰਤੀ ਨੂੰ ਬਣਦੀ ਤਰਜ਼ੀਹ ਦੇਈਏ। ਉਹਨਾਂ ਮੰਗ ਕੀਤੀ ਕਿ ਬਿਸਤ ਦੁਆਬ ਵਿੱਚੋ ਦੋਆਬੇ ਦੇ ਹਿੱਸੇ ਦਾ 1465 ਕਿਊਸਿਕ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਪਾਈਪ ਲਾਈਨਾਂ ਪਾਈਆਂ ਜਾਣ। ਇਸ ਮੌਕੇ ਸੰਤ ਸੁਖਵੰਤ ਸਿੰਘ ਨਾਹਲਾਂ, ਸੰਤ ਅਮਰੀਕ ਸਿੰਘ, ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਗੁਰਮੇਜ ਸਿੰਘ ਸੈਦਰਾਣਾ, ਸੰਤ ਬਲਦੇਵ ਕ੍ਰਿਸ਼ਨ ਸਿੰਘ, ਬਾਬਾ ਬਲਰਾਜ ਸਿੰਘ ਜਿਆਣ, ਸੰਤ ਰਾਜ ਸਿੰਘ ਤੇ ਹੋਰ ਮਹਾਂਪੁਰਸ਼ ਹਾਜ਼ਰ ਸਨ। ਸੰਤ ਸੁਖਜੀਤ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਨਾਮਵਰ ਕਵੀ ਗੁਰਭਜਨ ਗਿੱਲ, ਜਸਵੰਤ ਜ਼ਫਰ, ਡਾ: ਨਿਰਮਲ ਸਿੰਘ ਲਾਂਬੜਾ, ਹੁਸ਼ਿਆਰਪੁਰ ਤੋਂ ਡੀ.ਸੀ ਕੋਮਲ ਮਿੱਤਲ, ਐਸ.ਡੀ.ਐਮ ਸ੍ਰੀ ਓਜਸਵੀ, ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਅਨਰ ਦਵਿੰਦਰ ਸਿੰਘ, ਡਾ. ਆਸਾ ਸਿੰਘ ਘੁੰਮਣ ਸੁਰਜੀਤ ਸਿੰਘ ਸ਼ੰਟੀ, ਬਹਾਦਰ ਸਿੰਘ ਸੰਧੂ, ਡਾ. ਰਾਮ ਮੂਰਤੀ, ਅਮਰੀਕ ਸਿੰਘ ਸੰਧੂ, ਐਡਵੋਕੇਟ ਗੁਰਭੇਜ ਸਿੰਘ, ਪਰਮਜੀਤ ਸਿੰਘ ਮਾਨਸਾ, ਸਰਪੰਚ ਅਮਰਜੀਤ ਸਿੰਘ ਪਿੰਡ ਸਿੰਬਲੀ, ਸਰਪੰਚ ਤੀਰਥ ਸਿੰਘ, ਸਰਪੰਚ ਤੇਜਿੰਦਰ ਸਿੰਘ ਰਾਗੀ, ਸੁਖਜੀਤ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ ਸਾਧੀ, ਇੰਜੀ: ਮੋਹਣ ਲਾਲ ਸੂਦ, ਦਇਆ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਨਿੱਝਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

