ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਨਾਇਆ ਗਿਆ ਨੈਸ਼ਨਲ ਟੈਕਨਾਲੋਜੀ ਡੇਅ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਨੈਸ਼ਨਲ ਟੈਕਨਾਲੋਜੀ ਡੇਅ ਮਨਾਉਣ ਲਈ ਪੈਜੀ ਸਦਨ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਇਸ ਦਿਹਾੜੇ ਨਾਲ ਸਬੰਧਤ ਜਾਣਕਾਰੀ ਦਿੰਦਾ ਹੋਇਆ ਵੀਡੀਓ ਜਮਾਤਾਂ ਦੇ ਵਿੱਚ ਸ਼ੇਅਰ ਕੀਤਾ ਗਿਆ । ਸੱਤਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਮਈ ਦਾ ਦਿਨ ਭਾਰਤ ਦੇ ਲੋਕਾਂ ਲਈ ਬੇਹੱਦ ਖਾਸ ਹੈ। ਇਹ ਦਿਨ ਹਰ ਸਾਲ ਨੈਸ਼ਨਲ ਟੈਕਨਾਲੋਜੀ ਡੇਅ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਵੱਲੋਂ ਕੀਤੀ ਗਈ ਸੀ। ਦੇਸ਼ ਦੇ ਵਿਕਾਸ ਵਿੱਚ ਵਿਗਿਆਨੀਆਂ ਦਾ ਯੋਗਦਾਨ ਭੁਲਾਇਆ ਨਾ ਜਾਵੇ ਇਸ ਲਈ ਉਨ੍ਹਾਂ ਨੈਸ਼ਨਲ ਟੈਕਨਾਲੋਜੀ ਡੇਅ ਮਨਾਉਣ ਦਾ ਐਲਾਨ ਕੀਤਾ ਸੀ।
ਸਕੂਲ ਦੇ ਪ੍ਰਿੰਸਿਪਲ ਸ੍ਰੀ ਮਾਨ ਮੋਹਿਤ ਚੁੱਗ ਜੀ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ 11 ਮਈ, 1998 ਨੂੰ ਡਿਫੈਂਸ ਰਿਸਰਚ ਐਂਡ ਡਵੈਲਪਮੈਂਟ ਆਰਗੇਨਾਇਜ਼ੇਸ਼ਨ ਨੇ ਤ੍ਰਿਸ਼ੂਲ ਮਿਜ਼ਾਇਲ ਦਾ ਸਫਲ ਪਰੀਖਣ ਕੀਤਾ ਸੀ। ਜੋ ਕਿ ਘੱਟ ਦੂਰੀ ਦੀ ਮਾਰ ਸਮਰੱਥਾ ਵਾਲੀ ਮਿਜ਼ਾਇਲ ਹੈ। ਦਿੱਲੀ ਵਿੱਚ ਅੱਜ ਦੇ ਦਿਨ ਯਾਨੀ ਨੈਸ਼ਨਲ ਟੈਕਨਾਲੋਜੀ ਡੇਅ ਦੇ ਦਿਨ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਰਾਸ਼ਟਰਪਤੀ ਸ਼ਿਰਕਤ ਕਰਦੇ ਹਨ। ਉਹ ਵਿਗਿਆਨੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਨਮਾਨਤ ਕਰਦੇ ਹਨ। ਟੈਕਨਾਲੋਜੀ ਡਵੈਲਪਮੈਂਟ ਬੋਰਡ ਹਰ ਸਾਲ ਨੈਸ਼ਨਲ ਟੈਕਨਾਲੋਜੀ ਡੇਅ ਦੇ ਥੀਮ ਦਾ ਐਲਾਨ ਕਰਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਅਤੇ ਵਿਗਿਆਨ ਦੇ ਵਿੱਚ ਵਾਧਾ ਕਰਨ ਲਈ ਨਿਰੰਤਰ ਯਤਨਸ਼ੀਲ ਹੋਣ ਦੀ ਪ੍ਰੇਰਣਾ ਵੀ ਦਿੱਤੀ।

